ਨਿਸ਼ਕਾਮ ਵੱਲੋਂ ਹਸਪਤਾਲਾਂ ਦੇ ਸਟਾਫ ਨੂੰ ਮਾਸਕ ਅਤੇ ਸੈਨੇਟਾਈਜ਼ਰ ਭੇਂਟ

ਫਰੀਦਕੋਟ -1984 ਤੋਂ ਸੇਵਾ ਕਾਰਜਾਂ ਵਿੱਚ ਜੁਟੀ ਸੰਸਥਾ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ (ਰਜਿ:) ਨਵੀਂ ਦਿੱਲੀ ਵੱਲੋਂ ਕਰੋਨਾ ਦੌਰਾਨ ਮੂਹਰਲੀ ਕਤਾਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਅਤੇ ਪੈਰਾ ਮੈਡੀਕਲ ਅਧਿਕਾਰੀਆਂ, ਕਰਮਚਾਰੀਆਂ ਨੂੰ ਮਾਸਕ ਵੰਡੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਦੇ ਸੇਵਾਦਾਰਾਂ ਹਰਵਿੰਦਰ ਸਿੰਘ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨਿਸ਼ਕਾਮ ਦੀ ਅਮਰੀਕਾ ਇਕਾਈ ਵੱਲੋਂ ਕਰੋਨਾ ਕਾਲ ਦੌਰਾਨ ਵਧੀਆ ਗੁਣਵਤਾ ਵਾਲੇ ਐੱਨ 95 ਕੇਸਟੀਫਾਈ ਪੀ.ਐਮ. 2.5, ਐਕਟੀਵੇਟਿਡ ਕਾਰਬਨ ਫਿਲਟਰ ਮੁੜ ਵਰਤੋਂਯੋਗ 1000 ਮਾਸਕ ਅਤੇ ਸੈਨੇਟਾਈਜ਼ਰ ਭੇਜੇ ਗਏ ਸਨ ਜੋ ਕਿ ਸਿਵਲ ਹਸਪਤਾਲ ਫਰੀਦਕੋਟ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਵੰਡੇ ਗਏ।ਇਸ ਮੌਕੇ ਉਹਨਾਂ ਦੱਸਿਆ ਕਿ ਨਿਸ਼ਕਾਮ ਵੱਲੋਂ ਮੌਜੂਦਾ ਮਹਾਂਮਾਰੀ ਦੇ ਸਮੇਂ ਫਰੀਦਕੋਟ ਤੋਂ ਇਲਾਵਾ ਕੋਟਕਪੂਰਾ, ਜੈਤੋ, ਮੁਕਤਸਰ, ਅਬੋਹਰ, ਮਾਨਸਾ, ਬਠਿੰਡਾ, ਫਿਰੋਜਪੁਰ, ਪੱਟੀ, ਨਾਭਾ, ਬਾਘਾਪੁਰਾਣਾ, ਬਲਾਚੌਰ, ਧਾਰੀਵਾਲ, ਫਗਵਾੜਾ, ਮੋਗਾ ਅਤੇ ਹੋਰਨਾਂ ਰਾਜਾਂ ਜਿਵੇਂ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਬੰਗਾਲ ਵਿੱਚ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਕਰੋਨਾ, ਨਾਨ ਕਰੋਨਾ ਅਤੇ ਪੋਸਟ ਕਰੋਨਾ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰਾਂ, ਪੀਪੀਈ ਕਿੱਟਾਂ, ਥਰਮਲ ਸਕੈਨਰਾਂ, ਆਕਸੀਮੀਟਰਾਂ, ਨੇਜ਼ਲ ਕਨੋਲਾ ਆਦਿ ਦੀ ਸੇਵਾ ਵੀ ਲਗਾਤਾਰ ਚਲਾਈ ਜਾ ਰਹੀ ਹੈ।ਇਸ ਮੌਕੇ ਹਾਜਰ ਸਿਵਲ ਹਸਪਤਾਲ ਫਰੀਦਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਕੱਕੜ, ਡਾ. ਪੁਸ਼ਪਿੰਦਰ ਸਿੰਘ ਕੂਕਾ ਅਤੇ ਡਾ. ਵਿਸ਼ਵਦੀਪ ਗੋਇਲ ਨੇ ਨਿਸ਼ਕਾਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਸੇਵਾਵਾਂ ਦੀ ਮੌਜੂਦਾ ਸਮੇਂ ਦੌਰਾਨ ਬਹੁਤ ਜ਼ਰੂਰਤ ਹੈ।ਇਸ ਮੌਕੇ ‘ਤੇ ਭਾਈ ਘਨ੍ਹੱਈਆ ਕੇਂਸਰ ਰੋਕ ਸੇਵਾ ਸੁਸਾਇਟੀ ਫਰੀਦਕੋਟ ਦੇ ਸੰਸਥਾਪਕ ਅਤੇ ਨਰੋਆ ਮੰਚ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਚੰਦਬਾਜਾ, ਸੇਵ ਹਿਊਮੈਨਿਟੀ ਫਾਊਂਡੇਸ਼ਨ ਦੇ ਸੇਵਾਦਾਰ ਇੰਜ. ਜਸਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਿਤਪਾਲ ਸਿੰਘ ਹਨੀ ਅਤੇ ਦਵਿੰਦਰ ਸਿੰਘ ਰਾਜੂ ਨੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਉਪਰਾਲੇ ਲਈ ਸਮੂਹ ਅਹੁਦੇਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਫੋਟੋ- ਸਿਵਲ ਹਸਪਤਾਲ ਫਰੀਦਕੋਟ ਵਿਖੇ ਮਾਸਕ ਅਤੇ ਸੈਨੇਟਾਈਜ਼ਰ ਵੰਡਣ ਸਮੇਂ ਹਸਪਤਾਲ ਸਟਾਫ ਨਾਲ ਨਿਸ਼ਕਾਮ ਦੇ ਸੇਵਾਦਾਰ।