ਨਿਊ ਸਾਊਥ ਵੇਲਜ਼ ਵਿੱਚ ਜ਼ਖ਼ਮੀ ਹੋਏ ਪੁਲਿਸ ਅਫ਼ਸਰਾਂ ਲਈ ਨਵੀਆਂ ਸਹੂਲਤਾਂ ਦੇ ਵਾਅਦੇ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਆਪਣੀਆਂ ਸੇਵਾਵਾਂ ਦੌਰਾਨ ਜ਼ਖ਼ਮੀ ਹੋਏ ਪੁਲਿਸ ਅਫ਼ਸਰਾਂ ਵਾਸਤੇ ਨਵੀਆਂ ਅਤੇ ਵਾਧੂ ਸਹੂਲਤਾਂ ਨਾਲ ਸਰਕਾਰ ਨੇ ਇੱਕ ਐਮ.ਓ.ਯੂ. (Memorandum of Understanding) ਉਪਰ ਹਸਤਾਖ਼ਰ ਕੀਤੇ ਹਨ ਜਿਨ੍ਹਾਂ ਦੇ ਤਹਿਤ ਜੁਲਾਈ 01, 2021 ਤੋਂ ਅਜਿਹੀਆਂ ਧਾਰਨਾਵਾਂ ਲਾਗੂ ਰਹਿਣਗੀਆਂ ਜਿਨ੍ਹਾਂ ਰਾਹੀਂ ਕਿ ਪਹਿਲਾਂ ਤੋਂ ਹੀ ਅਜਿਹੇ ਉਪਰੋਕਤ ਅਧਿਕਾਰੀਆਂ ਨੂੰ ਕੰਮ ਦੌਰਾਨ ਜ਼ਖ਼ਮੀ ਹੋ ਜਾਣ ਦੀ ਹਾਲਤ ਵਿੱਚ ਵਿਸ਼ੇਸ਼ ਭੱਤੇ, ਰਿਆਇਤਾਂ ਅਤੇ ਹੋਰ ਮਾਲੀ ਸਹਾਇਤਾ ਦੇ ਨਾਲ ਨਾਂਲ ਉਨ੍ਹਾਂ ਦੇ ਬੀਮੇ ਅਤੇ ਛੁੱਟੀ ਦੌਰਾਨ ਤਨਖ਼ਾਹ ਅਤੇ ਭੱਤਿਆਂ ਆਦਿ ਦੇ ਵਿਸ਼ੇਸ਼ ਪ੍ਰਬੰਧਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਦੇ ਆਂਕੜਿਆਂ ਤੋਂ ਪਤਾ ਲੱਗਦਾ ਹੈ ਕਿ ਰਾਜ ਵਿੱਚ 5,200 ਤੋਂ ਵੀ ਵੱਧ ਅਜਿਹੇ ਪੁਲਿਸ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਜ਼ਖ਼ਮੀ ਹੋ ਗਏ ਅਤੇ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਅਤੇ ਸਹਾਹਿਤਾ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ 2020 ਤੱਕ, ਰਾਜ ਸਰਕਾਰ ਨੇ ਬੀਤੇ 4 ਸਾਲਾਂ ਦੌਰਾਨ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਸਹੂਲਤਾਂ ਆਦਿ ਲਈ 18.5 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਹੈ ਅਤੇ ਅਜਿਹੇ ਪੁਲਿਸ ਮੁਲਾਜ਼ਮ ਜੋ ਕਿ ਸੇਵਾ ਮੁਕਤ ਹੋ ਚੁਕੇ ਹਨ ਅਤੇ 60 ਤੋਂ 65 ਸਾਲਾਂ ਦੇ ਉਮਰ ਵਰਗ ਵਿੱਚ ਹਨ ਲਈ ਵੀ ਵਿਸ਼ੇਸ਼ ਸਹਾਇਤਾ ਮੁਹੱਈਆ ਕਰਵਾਈ ਹੈ। ਪਹਿਲਾਂ ਇਹ ਸਹੂਲਤਾਂ 12 ਮਹੀਨਿਆਂ ਲਈ ਹੀ ਸਨ ਪਰੰਤੂ ਹੁਣ ਨਵੇਂ ਐਮ.ਓ.ਯੂ. ਤਹਿਤ ਇਨ੍ਹਾਂ ਨੂੰ ਹੁਣ ਵਧਾ ਕੇ 1 ਜੁਲਾਈ 2021 ਤੋਂ 20 ਜੁਲਾਈ 2022 ਤੱਕ ਲਾਗੂ ਕੀਤਾ ਜਾ ਰਿਹਾ ਹੈ।
ਵਧੀਕ ਕਮਿਸ਼ਨਰ ਕਾਰਪੋਰੇਟ ਸੇਵਾਵਾਂ -ਮੈਲਕਮ ਲੈਨਿਅਨ (ਏ.ਪੀ.ਐਮ.) ਅਤੇ ਪੁਲਿਸ ਐਸੋਸਿਏਸ਼ਨ ਦੇ ਪ੍ਰਧਾਨ ਟੋਨੀ ਕਿੰਗ ਨੇ ਸਰਕਾਰ ਦੇ ਇਸ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਅਜਿਹੇ ਮੁਲਾਜ਼ਮਾਂ ਦਾ ਹੌਸਲਾ ਹੋਰ ਵੀ ਬੁਲੰਦ ਹੋਵੇਗਾ ਅਤੇ ਸੇਵਾ ਮੁੱਕਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹੋਰ ਵੀ ਰਾਹਤ ਮਿਲੇਗੀ।