ਵਿਕਟੋਰੀਆ ਅੰਦਰ ਡੈਲਟਾ ਅਤੇ ਕਾਪਾ ਵੇਰਐਂਟ ਨਾਲ ਜੁੜੇ ਕਰੋਨਾ ਦੇ 2 ਨਵੇਂ ਮਾਮਲੇ ਦਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਮੈਲਬੋਰਨ ਵਿੱਚ ਲੱਗੇ 2 ਹਫ਼ਤਿਆਂ ਦੇ ਲਾਕਡਾਊਨ ਦਾ ਆਖਰੀ ਦਿਨ ਹੈ ਅਤੇ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਦੋਹੇਂ ਨਵੇਂ ਮਾਮਲੇ ਡੈਲਟਾ ਅਤੇ ਕਾਪਾ ਵੇਰੀਐਂਟ ਨਾਲ ਜੁੜੇ ਹੋਣ ਕਾਰਨ ਸਿਹਤ ਅਧਿਕਾਰੀਆਂ ਦੀਆਂ ਚਿੰਤਾਂਵਾਂ ਵਿੱਚ ਇਜ਼ਾਫ਼ਾ ਸਾਫ਼ ਦਿਖਾਈ ਦੇ ਰਿਹਾ ਹੈ।
ਉਕਤ 2 ਮਾਮਲਿਆਂ ਦੇ ਮਿਲਣ ਨਾਲ ਹੁਣ ਰਾਜ ਅੰਦਰ ਕਰੋਨਾ ਦੇ ਚਲੰਤ ਮਾਮਲਿਆਂ ਦੀ ਗਿਣਤੀ ਦਾ ਆਂਕੜਾ 85 ਤੱਕ ਪਹੁੰਚ ਗਿਆ ਹੈ। ਇਸਤੋਂ ਇਲਾਵਾ ਰਾਜ ਵਿੱਚ ਹੋਟਲ ਕੁਆਰਨਟੀਨ ਵਿੱਚ ਵੀ ਇੱਕ ਮਾਮਲਾ ਦਰਜ ਹੋਇਆ ਹੈ ਜੋ ਕਿ ਇੱਕ ਬਾਹਰੀ ਦੇਸ਼ ਤੋਂ ਪਰਤੇ ਵਿਅਕਤੀ ਦਾ ਹੈ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਸਮੇਂ ਦੌਰਾਨ ਰਾਜ ਅੰਦਰ 22,814 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 21,192 ਲੋਕਾਂ ਨੂੰ ਕਰੋਨਾ ਦੇ ਬਚਾਉ ਖਾਤਰ ਟੀਕਾ ਵੀ ਲਗਾਇਆ ਗਿਆ ਹੈ।