ਆਸਟ੍ਰੇਲੀਆ ਵਿੱਚ ਨਿਜੀ ਅਦਾਰਿਆਂ ਨੂੰ, ਕੋਵਿਡ ਦਾ ਟੀਕਾ ਲਗਵਾਉਣ ਵਾਲੇ ਲੋਕਾਂ ਲਈ ਵੱਖਰੇ ਇਨਾਮਾਂ ਦੀ ਆਫਰ ਦੀ ਮਨਜ਼ੂਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਵਿੱਚ ਦਵਾਈਆਂ ਦੇ ਚਲਨ ਨੂੰ ਕੰਟਰੋਲ ਕਰਨ ਵਾਲੀ ਅਥਾਰਟੀ ਟੀ.ਜੀ.ਏ. (Therapeutic Goods Administration) ਨੇ ਇੱਕ ਅਹਿਮ ਜਾਣਕਾਰੀ ਰਾਹੀਂ ਬਿਜਨਸ ਅਦਾਰਿਆਂ ਨੂੰ ਇਹ ਖੁੱਲ੍ਹ ਦੇ ਦਿੱਤੀ ਹੈ ਕਿ ਉਹ ਆਪਣੀ ਤਰਫੋਂ, ਜਨਤਕ ਤੌਰ ਤੇ, ਅਜਿਹੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਫਰਾਂ ਆਦਿ ਇਨਾਮ ਦੇ ਤੌਰ ਤੇ ਦੇ ਸਕਦੇ ਹਨ ਜਿਨ੍ਹਾਂ ਨੇ ਕੋਵਿਡ ਤੋਂ ਬਚਾਉ ਖਾਤਰ ਟੀਕਾ ਲਗਵਾਇਆ ਹੈ। ਅਜਿਹੇ ਆਫਰ ਬਾਜ਼ਾਰ ਦੀਆਂ ਵਸਤੂਆਂ ਦੀ ਖਰੀਦਦਾਰੀ ਉਪਰ, ਬਰਾਂਡਾਂ ਉਪਰ, ਸ਼ਾਪਿੰਗ ਮਾਲਾਂ ਆਦਿ ਉਪਰ ਦਿੱਤੇ ਜਾ ਸਕਦੇ ਹਨ। ਅਜਿਹੇ ਬਿਜਸਨ ਅਦਾਰੇ ਇਸ ਵਾਸਤੇ ਆਪਣਾ ਮਟੀਰੀਅਲ ਵੀ ਤਿਆਰ ਕਰ ਸਕਦੇ ਹਨ ਪਰੰਤੂ ਉਕਤ ਮਟੀਰੀਅਲ ਸਿਰਫ ਟੀ.ਜੀ.ਏ. ਵੱਲੋ ਪ੍ਰਮਾਣਿਕ ਕੋਵਿਡ-19 ਵੈਕਸੀਨ ਵਾਸਤੇ ਹੀ ਹੋਣਾ ਚਾਹੀਦਾ ਹੈ। ਅਜਿਹੀਆਂ ਆਫਰਾਂ ਆਦਿ ਵਿੱਚ ਡਿਸਕਾਊਂਟ, ਰਿਵਾਰਡ ਵਾਉਚਰ ਹੋ ਸਕਦੇ ਹਨ ਪਰੰਤੂ ਇਹ ਨਿਯਮ ਸ਼ਰਾਬ, ਤੰਬਾਕੂ, ਸਿਗਰਟ ਜਾਂ ਦਵਾਈਆਂ ਆਦਿ ਲਈ ਲਾਗੂ ਨਹੀਂ ਹੁੰਦਾ ਅਤੇ ਉਹੀ ਲੋਕ ਇਸਦੇ ਹੱਕਦਾਰ ਹੋ ਸਕਦੇ ਹਨ ਜਿਨ੍ਹਾਂ ਨੂੰ ਕਿ ਕੋਵਿਡ ਵੈਕਸੀਨ ਦੇ ਦੋਹੇਂ ਟੀਕੇ ਲਗਾਏ ਜਾ ਚੁਕੇ ਹਨ।