44 ਸਾਲ ਬਾਅਦ

ਤਕਰੀਬਨ 44 ਸਾਲ ਪਹਿਲੋਂ ਮੈਂ ਮੁਹੱਬਤੀ ਰੁਬਾਈਆਂ ਲਿਖੀਆਂ ਸਨ । ਉਦੋਂ ਵੀ ਹੁਣ ਵਾਂਗ ਨਾ ਮੈਂ ਲੇਖਕ ਸੀ ਤੇ ਨਾ ਹੀ ਮੈਨੂੰ ਕਿਸੇ ਵਿਧੀ ਵਿਧਾਨ ਦਾ ਪਤਾ ਸੀ । ਬਸ ਮਨ ਦੇ ਆਖੇ ਲੱਗ ਕੇ ਲਿਖ ਦਿੱਤੀਆਂ। ਚੰਗੀਆਂ ਸਨ ਜਾਂ ਮਾੜੀਆਂ, ਇਹ ਤਾਂ ਪਤਾ ਨਹੀਂ ਪਰ ਇਕ ਬਸ ਅੱਡੇ ਵਾਲਾ ਮੇਰੇ ਕੋਲੋਂ 40  ਪੈਸੇ ਪ੍ਰਤੀ ਦੇ ਹਿਸਾਬ ਤਿੰਨ ਕੁ ਮਹੀਨੇ ਵਿਚ ਪੰਜ ਹਜ਼ਾਰ ਕਾਪੀਆਂ ਛਪਵਾ ਕੇ ਲੈ ਗਿਆ । ਮੇਰਾ ਖਰਚਾ ਉਦੋਂ 25 ਪੈਸੇ ਪ੍ਰਤੀ ਕਾਪੀ ਸੀ । ਉਹਨੇ ਅੱਗੇ ਬਸਾਂ ਵਿਚ ਇਕ ਰੁਪਏ ਨੂੰ ਵੇਚੀ ਸੀ । ਇਸਦਾ ਨਾਮ ‘ਮੈਨੂੰ ਮੁਆਫ਼ ਕਰੀਂ ‘ ਸੀ ਤੇ ਟਾਇਟਲ ਮੇਰੇ ਮਿੱਤਰ ਡੈਨੀ ਉਰਫ ਗੁਰਦੀਪ ਉੱਪਲ ਨੇ ਬਣਾਇਆ ਸੀ । ਇਸ ਕਿਤਾਬ ਦਾ ਜ਼ਿਕਰ ਕਿਸੇ ਨੇ ਆਪਣੇ ਥੀਸਸ ਵਿਚ ਵੀ ਕੀਤਾ ਸੀ । ਸਮਾਂ ਪਾ ਕਿ ਹੋਰ ਕਿਤਾਬਾਂ ਆਉਂਦੀਆਂ ਗਈਆਂ, ਇਸ ਬਾਰੇ ਭੁੱਲ ਭਲ ਗਿਆ । ਕਦੇ ਕਦੇ ਚੇਤਾ ਆਉਂਦਾ ਸੀ, ਪਰ ਕਿਤਿਓ ਵੀ ਕਦੇ ਕੋਈ ਕਾਪੀ ਨਾ ਲੱਭੀ । ਆਖਰ ਮਨ ਨੇ ਸਬਰ ਕਰ ਲਿਆ । ਪਰ ….  ਅੱਜ ਆਪਣੀ ਸਵਰਗੀ ਪਤਨੀ ਦੇ ਕਿਸੇ ਸਰਕਾਰੀ ਕਾਗਜ਼ ਦੀ ਲੋੜ ਸੀ, ਜੋ ਲੱਭ ਨਹੀੰ ਸੀ ਰਿਹਾ । ਇਸ ਲਈ ਉਸਦੀ ਅਲਮਾਰੀ ਵਿਚ ਪਈਆਂ ਫਾਇਲਾਂ ਫਰੋਲਣੀਆਂ ਪਈਆਂ । ਕਾਗਜ਼ ਫਰੋਲਦੇ ਫਰੋਲਦੇ ਇਕ ਪੁਰਾਣੀ ਤਹਿ ਚੋਂ ਅਚਾਨਕ ਇਹ ਕਿਤਾਬ ਦਿੱਸ ਪਈ । ਸ਼ਾਇਦ ਇਹ 1980 ਵਿਚ ਸਾਡੇ ਵਿਆਹ ਵੇਲੇ ਤੋਂ ਪਈ ਸੀ । ਇਸਤੋਂ ਬਾਅਦ ਮੇਰੀਆਂ 49 ਕਿਤਾਬਾਂ ਹੋਰ ਆ ਚੁੱਕੀਆਂ ਹਨ , ਪਰ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ । ਮੈਨੂੰ ਕੀ ਪਤਾ ਸੀ ਕਿ ਮੇਰੀ ਪਹਿਲੀ ਕਿਰਤ ਸਾਂਭੀ ਪਈ ਹੈ ਤੇ ਮੈਂ ਸਿਰੇ ਦਾ ਬੇਪਰਵਾ ਬਾਕੀ ਦੀਆਂ ਵੀ ਗੁਆਈ ਬੈਠਾ ਹਾਂ ।

(ਜਨਮੇਜਾ ਸਿੰਘ ਜੌਹਲ) janmeja@gmail.com