ਨਿਊ ਸਾਊਥ ਵੇਲਜ਼ ਵਿੱਚ ਜੰਗਲਾਂ ਆਦਿ ਵਰਗੀਆਂ ਥਾਂਵਾਂ ਉਪਰ ਸੜਕਾਂ ਦੇ ਨਿਰਮਾਣ ਲਈ ਫੰਡ ਜਾਰੀ

ਵਧੀਕ ਪ੍ਰੀਮੀਅਰ ਅਤੇ ਰਿਜਨਲ ਨਿਊ ਸਾਊਥ ਵੇਲਜ਼ ਮੰਤਰੀ ਜੋਹਨ ਬੈਰੀਲੈਰੋ ਨੇ ਇੱਕ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਅੰਦਰ ਸਥਾਨਕ ਕਾਂਸਲਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਪੈਂਦੇ ਜੰਗਲੀ ਇਲਾਕਿਆਂ ਵਿੱਚ ਸੜਕਾਂ ਆਦਿ ਦੇ ਨਿਰਮਾਣ ਲਈ ਖਰਚੇ ਜਾ ਰਹੇ 500 ਮਿਲੀਅਨ ਡਾਲਰਾਂ ਦੇ ਤੀਸਰੇ ਪੜਾਅ ਵਾਸਤੇ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਾਸਤੇ ਸਥਾਨਕ ਕਾਂਸਲਾਂ ਕੋਲੋਂ ਆਵੇਦਨਾਂ ਦੀ ਮੰਗ ਵੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ 3,500 ਰੌਜ਼ਗਾਰ ਵੀ ਮੁਹੱਈਆ ਹੋਣਗੇ ਅਤੇ ਇਸ ਦਾ ਫਾਇਦਾ ਸਿੱਧੇ ਤੌਰ ਤੇ ਸਥਾਨਕ ਨਿਵਾਸੀਆਂ ਨੂੰ ਹੀ ਹੋਵੇਗਾ।
ਰਿਜਨਲ ਪਰਿਵਹਨ ਮੰਤਰੀ ਪੌਲ ਟੂਲੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਵਾਸਤੇ ਆਸਟ੍ਰੇਲੀਆਈ ਸਰਕਾਰ ਨੇ ਵੀ ਆਪਣਾ 191 ਮਿਲੀਅਨ ਡਾਲਰਾਂ ਦਾ ਯੋਗਦਾਨ ਪਾਇਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਸਰਕਾਰਾਂ ਨੇ ਮਿਲ ਕੇ ਹੁਣ ਤੱਕ 393 ਮਿਲੀਅਨ ਡਾਲਰਾਂ ਦੇ ਖਰਚੇ ਨਾਲ ਰਾਜ ਦੇ 91 ਖੇਤਰਾਂ ਵਿੱਚ 361 ਅਜਿਹੇ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਿਆ ਹੈ ਜਿਸ ਵਿੱਚ ਕਿ ਪਹਿਲੇ ਪੜਾਅ ਤਹਿਤ ਸੜਕਾਂ ਦਾ ਨਵ-ਨਿਰਮਾਣ ਕੀਤਾ ਗਿਆ ਅਤੇ ਫੇਰ ਦੂਸਰੇ ਪੜਾਅ ਤਹਿਤ ਕੋਬਾਰ ਤੋਂ ਕਾਫਸ ਹਾਰਬਰ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵ-ਨਿਰਮਾਣ ਦਾ ਕੰਮ ਕੀਤਾ ਗਿਆ ਹੈ।
ਤੀਸਰੇ ਪੜਾਅ ਦੇ ਤਹਿਤ ਕਾਂਸਲਾਂ ਨੂੰ ਇੱਕ ਪੂਰੀ ਸੜਕ ਦੇ ਨਿਰਮਾਣ ਲਈ 3 ਮਿਲੀਅਨ ਡਾਲਰਾਂ ਦਾ ਫੰਡ ਮਿਲੇਗਾ ਜਦੋਂ ਕਿ ਛੋਟੇ ਕਾਰਜ ਲਈ 1 ਮਿਲੀਅਨ ਡਾਲਰਾਂ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://roads-waterways.transport.nsw.gov.au/business-industry/partners-suppliers/lgr/grant-programs/fixing-local-roads.html ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।