ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਬਿਸਤਰੇ ਤੇ ਪਏ ਮਰੀਜ਼ਾਂ ਲਈ ਕੋਵਿਡ ਵੈਕਸੀਨ ਉਨ੍ਹਾਂ ਦੇ ਟਿਕਾਣਿਆਂ ਤੇ ਪਹੁੰਚਾਈ ਜਾਵੇ, ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਜਿਹੇ ਆਸਟ੍ਰੇਲੀਆਈ ਨਾਗਰਿਕ ਜੋ ਕਿ ਕਿਸੇ ਬਿਮਾਰੀ ਕਾਰਨ ਗ੍ਰਸਤ ਹਨ ਜਾਂ ਅਪੰਗਤਾ ਝੇਲ ਰਹੇ ਹਨ ਅਤੇ ਬਿਸਤਰਿਆਂ ਤੇ ਪਏ ਹਨ, ਕੋਵਿਡ ਵੈਕਸੀਨ ਲੈਣ ਲਈ ਡਾਕਟਰਾਂ ਕੋਲ ਨਹੀਂ ਜਾ ਸਕਦੇ -ਅਜਿਹੇ ਮਰੀਜ਼ਾਂ ਲਈ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੈਕਸੀਨ ਉਨ੍ਹਾਂ ਦੇ ਟਿਕਾਣਿਆਂ ਉਪਰ ਜਾ ਕੇ ਹੀ ਦਿੱਤੀ ਜਾਵੇਗੀ ਪਰੰਤੂ ਡਾਕਟਰਾਂ ਜਾਂ ਜੀ.ਪੀਆਂ ਦਾ ਕਹਿਣਾ ਹੈ ਕਿ ਆਪਣੀ ਕਲਿਨਿਕ ਨੂੰ ਛੱਡ ਕੇ ਜਾ ਕੇ ਅਜਿਹੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਹਾਲ ਦੀ ਘੜੀ ਤਾਂ ਸੰਭਵ ਹੀ ਨਹੀਂ ਹੈ ਕਿਉਂਕਿ ਜੇਕਰ ਉਹ ਬਾਹਰ ਜਾ ਕੇ ਉਕਤ ਡੋਜ਼ ਦਿੰਦੇ ਹਨ ਤਾਂ ਉਨ੍ਹਾਂ ਨੂੰ 36 ਡਾਲਰ ਮਿਲਦੇ ਹਨ ਪਰੰਤੂ ਜੋ ਸਮਾਂ ਅਤੇ ਹੋਰ ਸੌਮੇ ਆਉਣ ਜਾਣ ਵਿੱਚ ਲੱਗਦੇ ਹਨ, ਇਸ ਵਿੱਚ ਉਸ ਦਾ ਕੋਈ ਮੁੱਲ ਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ 6 ਹਫ਼ਤਿਆਂ ਦਾ ਸਮਾਂ ਰੱਖਿਆ ਸੀ, ਉਕਤ ਟੀਚੇ ਨੂੰ ਪ੍ਰਾਪਤ ਕਰਨ ਲਈ ਪਰੰਤੂ ਸਰਕਾਰੀ ਆਂਕੜੇ ਦੱਸਦੇ ਹਨ ਕਿ ਹੁਣ ਤੱਕ ਮਹਿਜ਼ 1.6% ਹੀ ਅਜਿਹੀਆਂ ਸੇਵਾਵਾਂ ਉਪਲੱਭਧ ਹੋ ਸਕੀਆਂ ਹਨ ਅਤੇ ਇਸ ਮੁਹਾਜ਼ ਤੇ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।