ਗੁਣ, ਗੁਣਵੱਤਾ ਤੇ ਕਾਬਲੀਅਤ-New Zealand Order of Merit

ਨਿਊਜ਼ੀਲੈਂਡ ਆਰਡਰ ਆਫ ਮੈਰਿਟ -‘ਮੈਂਬਰਜ਼’ (MNZM) -ਨਿਊਜ਼ੀਲੈਂਡ ਪੁਲਿਸ ’ਚ ਪਹਿਲੇ ਪੰਜਾਬੀ ਸਰਜਾਂਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ

-ਪਿਛਲੇ 15 ਸਾਲਾਂ ਤੋਂ ਨਿਊਜ਼ੀਲੈਂਡ ਪੁਲਿਸ ਵਿਚ ਦੇ ਰਹੇ ਹਨ ਸੇਵਾਵਾਂ
-ਇਸ ਵੇਲੇ ‘ਡਿਸਟ੍ਰਿਕਟ ਫੈਮਿਲੀ ਹਾਰਮ ਪਾਰਟਨਰਸ਼ਿਪ ਲਾਇਜ਼ਨ ਆਫੀਸਰ’ ਵਜੋਂ ਹਨ ਮੈਨੁਕਾਓ ਵਿਖੇ ਤਾਇਨਾਤ

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ ਵਲੰਟੀਅਰ ਅਤੇ ਜਨਤਕ ਸੇਵਾਵਾਂ ਦੇ ਵਿਚ ਵਧੀਆ ਸੇਵਾਵਾਂ ਨਿਭਾਉਣ ਦੇ ਲਈ ਹਰ ਸਾਲ ਮਹਾਰਣੀ ਐਲਿਜ਼ਾਬੇਥ ਦੇ ਜਨਮ ਦਿਨ ਮੌਕੇ  ਵੱਖ ਵੱਖ ਵਕਾਰੀ ਸਨਮਾਨ ਦਿੱਤੇ ਜਾਂਦੇ ਹਨ। ਨਿਊਜ਼ੀਲੈਂਡ ਆਰਡਰ ਆਫ ਮੈਰਿਟ ਦੇ ਪੰਜ ਸਨਮਾਨਾਂ ਵਿੱਚੋਂ ਇਕ ਸਨਮਾਨ ਹੈ ‘ਮੈਂਬਰਜ਼’। ਇਸ ਨੂੰ ਐਮ. ਐਨ. ਜ਼ੈਡ. ਐਮ. ਵੀ ਕਿਹਾ ਜਾਂਦਾ ਹੈ।  
ਅੱਜ ਮਹਾਰਾਣੀ ਦੇ ਜਨਮ ਦਿਨ ਦੀ ਛੁੱਟੀ ਵਾਲੇ ਦਿਨ ਸਵੇਰੇ ਸਵਖਤੇ ਹੀ ਇਕ ਸੂਚੀ ਮੀਡੀਆ ਨੂੰ ਜਾਰੀ ਕੀਤੀ ਗਈ ਹੈ।  ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਨਿਊਜ਼ੀਲੈਂਡ ਪੁਲਿਸ ਦੇ ਵਿਚ ਮਈ 2006 ਤੋਂ ਆਪਣੀਆਂ ਵੱਖ-ਵੱਖ ਅਹੁਦਿਆਂ ਉਤੇ ਸੇਵਾਵਾਂ ਦੇ ਰਹੇ ਪੰਜਾਬੀ ਪੁਲਿਸ ਅਫਸਰ ਅਤੇ ਏਥਨਿਕ ਸੇਵਾਵਾਂ ਨਿਭਾਉਣ ਵਾਲੇ ਸ. ਗੁਰਪ੍ਰੀਤ ਸਿੰਘ ਅਰੋੜਾ ਨੂੰ  ਇਸ ਵਾਰ ‘ਮੈਂਬਰਜ਼’ ਸਨਮਾਨ ਲਈ ਚੁਣਿਆ ਗਿਆ ਹੈ। ਕਿਸੇ ਪੰਜਾਬੀ ਪੁਲਿਸ ਅਫਸਰ ਨੂੰ ਮਿਲਣ ਵਾਲਾ ਇਹ ਉਚ ਵਕਾਰੀ ਸਨਮਾਨ ਪਹਿਲਾ ਹੈ, ਇਸ ਦੇ ਨਾਲ ਹੀ ਬਾਕੀ ਪੰਜਾਬੀ ਪੁਲਿਸ ਅਫਸਰਾਂ ਦੇ ਲਈ ਇਹ ਸਨਮਾਨ ਇਕ ਤਰ੍ਹਾਂ ਨਾਲ ਵੱਡੀ ਮਾਣ ਵਾਲੀ ਗੱਲ ਸਾਬਿਤ ਹੋਵੇਗਾ। ਅਜਿਹੀਆਂ ਪ੍ਰਾਪਤੀਆਂ ਇਕ ਦਿਨ ਇਤਿਹਾਸ ਬਣ ਕੇ ਕਿਤਾਬਾਂ ਦੇ ਵਿਚ ਸ਼ਾਮਿਲ ਹੋ ਉਦੇਸ਼ ਪ੍ਰਾਪਤੀ ਦਾ ਨਿਸ਼ਾਨ ਲਗਾ ਦਿੰਦੀਆਂ ਹਨ।
ਗੁਰਪ੍ਰੀਤ ਅਰੋੜਾ ਲੁਧਿਆਣਾ ਦੇ ਜੰਮਪਲ ਹਨ ਅਤੇ ਪਟਿਆਲਾ ਵਿਖੇ ਪੜ੍ਹੇ ਅਤੇ ਵੱਡੇ ਹੋਏ ਹਨ। ਪਿਤਾ ਸ. ਭਗਵਾਨ ਸਿੰਘ ਪਟਿਆਲਾ ਰਹਿੰਦੇ ਹਨ ਜਦ ਕਿ ਮਾਤਾ ਸ੍ਰੀਮਤੀ ਰਜਿੰਦਰ ਕੌਰ ਨਿਊਜ਼ੀਲੈਂਡ ਹਨ। ਇਸ ਵੇਲੇ ਗੁਰਪ੍ਰੀਤ ਅਰੋੜਾ ਆਪਣੀ ਪਤਨੀ ਸ੍ਰੀਮਤੀ ਮਨਲੀਨ ਥਿੰਦ, ਪੁੱਤਰ ਗੁਰਨਿਵਾਜ ਅਰੋੜਾ ਅਤੇ ਪੁੱਤਰੀ ਅਰਜ਼ੋਈ ਅਰੋੜਾ ਸੰਗ ਔਕਲੈਂਡ ਖੇਤਰ ’ਚ ਰਹਿੰਦੇ ਹਨ। ਸਾਲ 2001 ਦੇ ਵਿਚ ਉਹ ਇਥੇ ਪੜ੍ਹਾਈ ਕਰਨ ਆਏ ਸਨ।

ਨਿਊਜ਼ੀਲੈਂਡ ਪੁਲਿਸ ਦਾ ਸਫਰ ਉਨ੍ਹਾਂ  16 ਜਨਵਰੀ 2006 ਤੋਂ ਕ੍ਰਾਈਸਟਚਰਚ ਬੀਟ ਸੈਕਸ਼ਨ ਵਜੋਂ ਕੀਤਾ। ਸਤੰਬਰ 2007 ਤੋਂ ਅਪ੍ਰੈਲ 2008 ਤੱਕ ਉਹ ਕ੍ਰਾਈਸਟਚਰਚ ਵਿਖੇ ਐਮਰਜੈਂਸੀ ਰਿਸਪਾਂਸ ਕਾਂਸਟੇਬਲ ਰਹੇ। ਜੂਨ 2008 ਤੋਂ ਅਗਸਤ 2008 ਤੱਕ ਉਹ ਐਮਰਜੈਂਸੀ ਰਿਸਪਾਂਸ ਕਾਂਸਟੇਬਲ ਮੈਨੁਰੇਵਾ ਰਹੇ। ਫਿਰ 2008 ਤੋਂ 2014 ਤੱਕ ਉਹ ਏਥਨਿਕ ਪੀਪਲ ਕਮਿਊਨਿਟੀ ਰਿਲੇਸ਼ਨ ਆਫੀਸਰ ਕਾਊਂਟੀਜ਼ ਮੈਨੁਕਾਓ ਰਹੇ। ਮਾਰਚ 2015 ਤੋਂ ਸਤੰਬਰ 2015 ਤੱਕ ਉਹ ਪਬਲਿਕ ਸੇਫਟੀ ਸੁਪਰਵਾਈਜ਼ਰ ਮੈਨੁਕਾਓ ਰਹੇ। 2014 ਤੋਂ 2021 ਤੱਕ ਉਹ ਨਾਲ ਹੀ ਜ਼ਿਲ੍ਹਾ ਏਥਨਿਕ ਸਰਵਿਸ ਕੋਆਰੀਡਨੇਟਰ ਮੈਨੁਕਾਓ ਰਹੇ ਅਤੇ ਇਸ ਵੇਲੇ ਡਿਸਟ੍ਰਿਕਟ ਫੈਮਿਲੀ ਹਾਰਮ ਪਾਰਟਰਨਸ਼ਿਪ ਲਾਇਜ਼ਨ ਅਫਸਰ ਕਾਊਂਟੀਜ਼ ਮੈਨੁਕਾਓ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਨਿਊਜ਼ੀਲੈਂਡ ਪੁਲਿਸ ਦੀ ਕ੍ਰਿਕਟ ਟੀਮ ਦੀ ਅਗਵਾਈ ਕਰਨ ਲਈ ਉਹ ਜਿੱਥੇ 2007 ਤੇ 2009 ਦੇ ’ਚ ਆਸਟਰੇਲੀਆ ਗਏ ਉਥੇ ਉਨ੍ਹਾਂ ਨਿਊਜ਼ੀਲੈਂਡ ਪੁਲਿਸ ਮਹਿਕਮੇ ਦੇ ਵਿਚ ਪਹਿਲੀ ਵਾਰ ਦਿਵਾਲੀ ਅਤੇ ਇਫਤਾਰ ਆਦਿ ਸਮਾਗਮ ਮਨਾਉਣੇ ਸ਼ੁਰੂ ਕੀਤੇ ਸਨ। 2019 ਦੇ ਵਿਚ ਉਹ ਐਕਟਿੰਗ ਸੀਨੀਅਰ ਸਰਜਾਂਟ ਵਜੋਂ ਉਹ ਕ੍ਰਾਈਸਟਰਚ ਮਸਜਿਦ ਹਮਲੇ ਦੇ ਵਰਤਾਰੇ ਵਿਚ ਆਪਣੀਆਂ ਸੇਵਾਵਾਂ ਦੇਣ ਗਏ, ਰਗਬੀ ਵਰਲਡ ਕੱਪ ਵਿਚ ਐਕਟਿੰਗ ਸਰਜਾਂਟ ਰਹੇ ਅਤੇ 2011 ਦੇ ਭੁਚਾਲ ਵਿਚ ਇਹੀ ਸੇਵਾਵਾਂ ਦਿੱਤੀਆਂ।
ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕਈ ਵੱਡੇ ਕੇਸਾਂ ਵਿਚ ਵੀ ਸ਼ਮੂਲੀਅਤ ਕੀਤੀ ਹੈ ਜਿਵੇਂ ਆਪ੍ਰੇਸ਼ਨ ਬਾਸਟਾਇਲ ਜਿਸ ਦੇ ਵਿਚ ਪਾਪਾਟੋਏਟੋਏ ਵਿਖੇ ਇਕ ਘਰ ਵਿਚ ਹੋਏ ਕਤਲ ਨਾਲ ਸਬੰਧਿਤ ਸਭਿਆਚਾਰਕ ਮਾਮਲਾ ਸਮਝਣ ਵਾਲਾ ਸੀ। ਇਸੇ ਤਰ੍ਹਾਂ ਉਨ੍ਹਾਂ ਦੀ ਡਿਊਟੀ ਵੋਟਿੰਗ ਘਪਲੇ ਦੇ ਵਿਚ ਵੀ ਲੱਗੀ। ਅਪ੍ਰੇਸ਼ਨ ਦੁਕਾਨ ਜਿਸ ਦੇ ਵਿਚ 300 ਤੋਂ ਵੱਧ ਡੇਅਰੀ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸ਼ਾਮਿਲ ਸਨ। ਗਾਂਧੀ ਨਿਵਾਸ ਦੇ ਰਾਹੀਂ ਉਨ੍ਹਾਂ ਆਪਣੀਆਂ ਸੇਵਾਵਾਂ ਦਿੱਤੀਆਂ।

ਵਧਾਈ ਹੋਵੇ ਜੀ!
ਜ਼ਿਲ੍ਹਾ ਪੁਲਿਸ ਸਲਾਹਕਾਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਦੇ ਸਾਲ 2016 ਦੇ ਵਿਚ ਸਲਾਹਕਾਰ ਬਨਣ ਬਾਅਦ ਇਨ੍ਹਾਂ ਦੋਹਾਂ ਨੇ ਕਈ ਮੁੱਦਿਆਂ ਦੇ ਵਿਚ ਆਪਸੀ ਸਹਿਯੋਗ ਬਣਾੇ ਕੇ ਕਮਿਊਨਿਟੀ ਦੇ ਕਈ ਮਸਲਿਆਂ ਨੂੰ ਹੱਲ ਕੀਤਾ। ਸ. ਪਰਮਿੰਦਰ ਸਿੰਘ ਨੇ ਟ੍ਰੇਨਿੰਗ ਦੇ ਕੇ ਪੁਲਿਸ ਦੀ ਭੰਗੜਾ ਟੀਮ ਵੀ ਤਿਆਰ ਕਰਵਾਈ ਅਤੇ ਗੁਰਪ੍ਰੀਤ ਅਰੋੜਾ ਵੀ ਇਸ ਟੀਮ ਦਾ ਹਿੱਸਾ ਰਹੇ।
ਭਾਰਤੀ, ਖਾਸ ਕਰ ਪੰਜਾਬੀ ਭਾਈਚਾਰੇ ਵੱਲੋਂ ਅਤੇ ਪੰਜਾਬੀ ਮੀਡੀਆ ਕਰਮੀਆਂ ਜਿਵੇਂ ਕੂਕ ਸਮਾਚਾਰ, ਰੇਡੀਓ ਸਪਾਈਸ, ਪੰਜਾਬੀ ਹੈਰਲਡ, ਡੇਲੀ ਖਬਰ ਅਤੇ ਐਨ. ਜ਼ੈਡ ਤਸਵੀਰ  ਵੱਲੋਂ ਉਨ੍ਹਾਂ ਨੂੰ ਇਸ ਉਚ ਪ੍ਰਾਪਤੀ ਉਤੇ ਵਧਾਈ ਦਿੱਤੀ ਜਾਂਦੀ ਹੈ।
ਇਹ ਐਵਾਰਡ ਮਿਲਣਾ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। 15 ਸਾਲ ਦੀ ਪੁਲਿਸ ਨੌਕਰੀ ਦੌਰਾਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਮੈਨੂੰ ਆਪਣੀ ਕਮਿਊਨਿਟੀ ਦੇ ਵਿਚ ਕੰਮ ਕਰਨ ਵਿਚ ਸੰਤੁਸ਼ਟੀ ਹੈ ਅਤੇ ਕਮਿਊਨਿਟੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ, ਜਿਸ ਦੇ ਵਿਚ ਕਮਿਊਨਿਟੀ ਸਰਵਿਸ ਪ੍ਰੋਵਾਈਡਰਜ਼, ਧਾਰਮਿਕ ਸੰਸਥਾਵਾਂ, ਖੇਡ ਸੰਸਥਾਵਾਂ, ਸਲਾਹਕਾਰ ਬੋਰਡ, ਏਥਨਿਕ ਮੀਡੀਆ ਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਸ਼ਾਮਿਲ ਹਨ।
ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਭਵਿੱਖ ਦੇ ਵਿਚ ਵੀ
ਅਜਿਹੀ ਆਸ ਰੱਖਾਂਗਾ।

ਤੁਹਾਡਾ ਆਪਣਾ।
-ਗੁਰਪ੍ਰੀਤ ਅਰੋੜਾ।
(ਡਿਸਟ੍ਰਿਕਟ ਫੈਮਿਲੀ ਹਾਰਮ ਪਾਰਟਰਨਸ਼ਿਪ ਲਾਇਜ਼ਨ ਅਫਸਰ ਕਾਊਂਟੀਜ਼ ਮੈਨੁਕਾਓ)