ਯਾਦ ਸ਼ਹੀਦਾਂ ਦੀ: ਕਿਵੇਂ ਆਵੇ ਕੌਮੀ ਜ਼ਜਬਾ?

ਗੁਰਦੁਆਰਾ ਨਾਨਕਸਰ ਵਿਖੇ ਸੀਨੀਅਰਜ਼ ਸਿਟੀਜ਼ਨ ਵੱਲੋਂ ਜੂਨ-84 ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ
‘‘ਬੱਚਿਆਂ ਨੂੰ ਦੱਸਿਓ ਘੱਲੂਘਾਰਾ ਕਿਹਨੂੰ ਕਹਿੰਦੇ ਨੇ’’.. ਭਾਈ ਸਰਵਣ ਸਿੰਘ ਅਗਵਾਨ

ਔਕਲੈਂਡ :- ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਅੱਜ ਸਮੂਹ ਸੀਨੀਅਰਜ਼ ਭਾਰਤੀਆਂ ਖਾਸ ਕਰ ਪੰਜਾਬੀ ਸਿੱਖ ਬਜ਼ੁਰਗਾਂ ਵੱਲੋਂ ਸੰਗਤ ਅਤੇ ਮੈਨੇਜਮੈਂਟ ਦੇ  ਸਹਿਯੋਗ ਨਾਲ ਜੂਨ 1984 (ਆਪ੍ਰੇਸ਼ਨ ਬਲੂ ਸਟਾਰ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ।  ਸ੍ਰੀ ਅਖੰਠ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਈਸ਼ਵਰ ਸਿੰਘ ਨੇ ਬਹੁਤ ਹੀ ਰਸਭਿੰਨਾ ਸ਼ਬਦ ਕੀਰਤਨ ਕੀਤਾ। ਉਨ੍ਹਾਂ ਸ਼ਬਦ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ’ ਬਹੁਤ ਹੀ ਦਿਲਟੁੰਬਵਾਂ ਗਾਇਆ। ਭਾਈ ਗੁਰਦਾਸ ਜੀ ਦੀ ਇਕ ਵਾਰ ‘ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ॥’ ਬਹੁਤ ਹੀ ਲੈਅ ਵਿਚ ਗਾ ਕੇ ਇਕ ਤਰ੍ਹਾਂ ਨਾਲ ਜੂਨ 84 ਵੇਲੇ ਦੀ ਰਾਜਸੱਤਾ ਦਾ ਚਿਹਰਾ ਨੰਗਾ ਕੀਤਾ ਗਿਆ। ਜੂਨ 1984 ਵੇਲੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪਾਵਨ ਸਰੂਪਾਂ ਅਤੇ 37 ਹੋਰ ਗੁਰਦੁਆਰਿਆਂ ਸਾਹਿਬਾਨਾਂ ਦੀ  ਹੋਈ ਬੇਅਦਬੀ ਅਤੇ ਨੁਕਸਾਨ ਦਾ ਬਦਲਾ ਲੈਣ ਵਾਲੇ ਭਾਈ ਸਤਵੰਤ ਸਿੰਘ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਅਗਵਾਨ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ‘‘ਜੂਨ 1984 ਘੱਲੂਘਾਰਾ ਹੋਣ ਬਾਅਦ ਹਰ ਸਾਲ ਜਦੋਂ ਇਹ ਨਾ ਭੁੱਲਣ ਵਾਲੇ ਦਿਨ ਆਉਂਦੇ ਸਨ ਤਾਂ ਸੁਹਰਿਦ ਸਿੱਖ ਭੰੁਜੇ ਆਸਣ ਲਾ ਕੇ ਸੌਂਦੇ ਹੁੰਦੇ ਸਨ ਅਤੇ ਇਸ ਘੱਲੂਘਾਰੇ ਦੇ ਜ਼ਖਮਾਂ ਨੂੰ ਮਹਿਸੂਸ ਕਰਦਿਆਂ ਕੌਮੀ ਜ਼ਜਬਾ ਆਪਣੇ ਅੰਦਰ ਸਮਾਉਂਦੇ ਸਨ। ਇਹ ਕੌਮੀ ਜ਼ਜਬਾ ਜੇਕਰ ਬੱਚਿਆਂ ਅੰਦਰ ਭਰਨਾ ਚਾਹੁੰਦੇ ਹਾਂ ਤਾਂ ਇਹ ਇਤਿਹਾਸ ਛੋਟੇ ਹੁੰਦਿਆਂ ਬੱਚਿਆਂ ਨੂੰ ਦੱਸਣਾ ਪਿਆ ਕਰੇਗਾ। ਜੇਕਰ ਅਜਿਾ ਨਾ ਕੀਤੀ ਤਾਂ ਕੌਮੀ ਜ਼ਜਬਾ ਇਕ ਦਿਨ ਨਾਂਮਾਤਰ ਹੀ ਰਹਿ ਜਾਵੇਗਾ। ’’

ਭਾਈ ਸਰਵਣ ਸਿੰਘ ਅਗਵਾਨ ਹੋਰਾਂ ਦਾ ਸਿਰੋਪਾਓ ਪਾ ਕੇ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਕੇ ਮਾਨ-ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹੀਦ ਭਾਈ ਭਰਪੂਰ ਸਿੰਘ ਗਹੀਰਾਂ ਦੇ ਵੱਡੇ ਭਰਾ ਸ. ਨਿਰਮਲ ਸਿੰਘ ਨੂੰ ਵੀ ਸਿਰੋਪਾਓ ਪਾ ਕੇ ਅਤੇ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਹੁਣ ਕਵੀਸ਼ਰ ਵੀ ਬਣ ਚੁੱਕੇ ਬਾਬਾ ਗੁਰਚਰਨ ਸਿੰਘ ਅਤੇ ਸ. ਜਸਵੰਤ ਸਿੰਘ ਹੋਰਾਂ ਨੇ 2 ਸ਼ਹੀਦੀ ਵਾਰਾਂ ‘ਦੇਸ਼ ਕੌਮ ਦਾ ਪਿਆਰ ਜਿਨ੍ਹਾਂ ਨੂੰ ਉਹ ਕਰਦੇ ਕੁਰਬਾਨੀ’ ਅਤੇ ਦੂਜੀ ‘ਇੰਦਰਾ ਦਾ ਸੋਧਾ’ ਗਾ ਕੇ ਸੰਗਤ ਦੇ ਵਿਚ ਜੋਸ਼ ਭਰਿਆ।  ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।