ਸੁਪਰਸੋਨਿਕ ਜਹਾਜ਼: ਆਵਾਜ਼ ਤੋਂ ਵੀ ਕਿਤੇ ਤੇਜ਼

ਯੂਨਾਈਟਿਡ ਏਅਰਲਾਈਨ ਵੱਲੋਂ 2029 ਤੋਂ ਸੁਪਰਸੋਨਿਕ ਯਾਤਰੀ ਜਹਾਜ਼ ਚਲਾਉਣ ਦਾ ਫੈਸਲਾ

ਲਾਸ ਏਂਜਲਸ ਤੋਂ ਔਕਲੈਂਡ 6 ਘੰਟੇ ’ਚ

ਔਕਲੈਂਡ -ਲੰਬੇ ਹਵਾਈ ਸਫ਼ਰ ਨੂੰ ਤੇਜ਼ ਰਫਤਾਰ ਜਹਾਜ਼ਾਂ ਨਾਲ ਚਲਾਉਣ ਲਈ ਏਅਰ ਲਾਈਨਾਂ ਲੱਗੀਆ ਹੀ ਰਹਿੰਦੀਆਂ ਹਨ। ਹੁਣ ਅਮਰੀਕਾ ਦੀ ਯੂਨਾਈਟਿਡ ਏਅਰ ਲਾਈਨ ਨੇ ਸੁਪਰਸੋਨਿਕ ਜਹਾਜ਼ ਜਿਹੜੇ ਕਿ ਆਵਾਜ਼ ਦੀ ਗਤੀ ਤੋਂ ਕਿਤੇ ਤੇਜ਼ ਚਲਦੇ ਹਨ, ਨੂੰ ਯਾਤਰੀਆਂ ਵਾਸਤੇ ਵਰਤਣ ਦਾ ਫੈਸਲਾ ਕਰ ਲਿਆ ਹੈ। ਇਹ ਜਹਾਜ਼ ਜਿਆਦਾ ਆਬਾਦੀ ਵਾਲੀ ਥਾਂ ਤੋਂ ਉਪਰ ਨਹੀਂ ਉਡਾਏ ਜਾਂਦੇ ਸਨ, ਜਿਸ ਕਰਕੇ ਇਨ੍ਹਾਂ ਦੀ ਵਰਤੋਂ ਯਾਤਰੀਆਂ ਵਾਸਤੇ ਨਹੀਂ ਸੀ ਕੀਤੀ ਜਾਂਦੀ, ਕਮਰਸ਼ੀਅਲ ਜਹਾਜ਼ਾਂ ਨਾਲੋਂ ਇਹ ਮਹਿੰਗੇ ਵੀ ਸੀ। ਪਰ ਹੁਣ ਇਨ੍ਹਾਂ ਜਹਾਜ਼ਾਂ ਦਾ ਰੂਟ ਨਵੇਂ ਸਿਰਿਓ ਤੈਅ ਕਰਕੇ ਇਨ੍ਹਾਂ ਵਿਚ ਯਾਤਰੀ ਜਾ ਸਕਣਗੇ। ਇਨ੍ਹਾਂ ਜਹਾਜ਼ਾਂ ਦੇ ਚੱਲਣ ਨਾਲ ਹਵਾਈ ਸਫਰ ਅੱਧੇ ਸਮੇਂ ਵਿਚ ਹੋਣ ਲੱਗਿਆ ਕਰਨਗੇ। 2026 ਦੇ ਵਿਚ ਨਵੇਂ ਜਹਾਜ਼ ਕੰਪਨੀ ਵੱਲੋਂ ਪਹੰੁਚਣੇ ਸ਼ੁਰੂ ਹੋ ਜਾਣਗੇ, ਪਰਖ ਵਾਲੀਆਂ ਫਲਾਈਟਾਂ ਪਹਿਲਾਂ ਚਲਾਈਆਂ ਜਾਣਗੀਆਂ ਅਤੇ ਫਿਰ ਯਾਤਰੀ ਜਾ ਸਕਣਗੇ। ਬੂਮ ਸੁਪਰਸੋਨਿਕ ਕੰਪਨੀ ਨੂੰ ਜਹਾਜ਼ ਬਨਾਉਣ ਦਾ ਆਰਡਰ ਦਿੱਤਾ ਗਿਆ ਹੈ।
ਸੁਪਰਸੋਨਿਕ ਜਹਾਜ਼ ਦੇ ਵਿਚ ਜੇਕਰ ਲਾਸ ਏਂਜਲਸ ਤੋਂ ਔਕਲੈਂਡ ਆਉਣਾ ਹੋਵੇ ਤਾਂ ਸਿਰਫ 6 ਘੰਟਿਆ ਲੱਗਿਆ ਕਰਨਗੇ ਜਦ ਕਿ ਹੁਣ 12 ਘੰਟੇ 15 ਮਿੰਟ ਤੱਕ ਦਾ ਸਮਾਂ ਲਗਦਾ ਹੈ। ਇਸ ਜਹਾਜ਼ ਨੂੰ ‘ਓਵਰਚਰ’ ਦਾ ਨਾਂਅ ਦਿੱਤਾ ਗਿਆ ਹੈ ਅਤੇ 17ਵੀਂ ਸਦੀ ਦੇ ਵਿਚ ਇਹ ਇਹ ਇਕ ਸੰਗੀਤਕ ਸਾਜ਼ ਸੀ ਅਤੇ ਕੋਈ ਸੰਗੀਤਕ ਸ਼ਾਮ ਇਸਦੇ ਨਾਲ ਸ਼ੁਰੂ ਕੀਤੀ ਜਾਂਦੀ ਸੀ। ਇਹ ਸੁਪਰਸੋਨਿਕ ਜਹਾਜ਼ 2100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਫਰ ਵੱਢਦੇ ਜਾਣਗੇ। ਲਾਸ ਏਂਜਲਸ ਤੋਂ ਔਕਲੈਂਡ ਤੱਕ 6 ਘੰਟੇ ਲੱਗਿਆ ਕਰਨਗੇ ਜਦ ਕਿ ਸਿਡਨੀ ਤੱਕ 8.30 ਘੰਟੇ। ਜੇਕਰ ਇਹ ਜਹਾਜ਼ ਔਕਲੈਂਡ ਤੋਂ ਨਵੀਂ ਦਿੱਲੀ ਨੂੰ ਚੱਲੇ ਤਾਂ 6 ਘੰਟੇ ਵਿਚ ਸਵਾਰੀਆਂ ਇਕ ਵਾਰ ਚਾਹ ਅਤੇ ਰੋਟੀ ਖਿਲਾ ਕੇ ਉਤਾਰੀਆਂ ਜਾ ਸਕਣਗੀਆਂ।