ਐਬਟਸਫੋਰਡ ‘ਚ ਬੈਂਕ ਲੁੱਟਣ ਆਏ ਕਥਿਤ ਲੁਟੇਰੇ ਨੂੰ ਗਾਹਕਾਂ ਨੇ ਕਾਬੂ ਕੀਤਾ

ਸਰੀ -ਐਬਟਸਫੋਰਡ ਵਿਖੇ ਕਥਿਤ ਤੌਰ ਤੇ ਬੈਂਕ ਲੁੱਟਣ ਆਏ ਇਕ ਹਥਿਆਰਬੰਦ ਬੰਦੇ ਦੀ ਯੋਜਨਾ ਉਸ ਵੇਲੇ ਧਰੀ ਧਰਾਈ ਰਹਿ ਗਈ ਜਦੋਂ ਬੈਂਕ ਵਿਚ ਮੌਜੂਦ ਚਾਰ ਗਾਹਕਾਂ ਨੇ ਹੌਂਸਲਾ ਕਰਦਿਆਂ ਉਸ ਨੂੰ ਕਾਬੂ ਕਰ ਕੇ ਗੋਡਿਆਂ ਹੇਠ ਦੇ ਲਿਆ। ਇਹ ਘਟਨਾ ਸਵੇਰੇ 11:30 ਵਜੇ ਗਲਾਡਵਿਨ ਰੋਡ ਅਤੇ ਸਾਊਥ ਫਰੇਜ਼ਰ ਵੇਅ ਤੇ ਸਥਿਤ ਸਕੋਸ਼ੀਆ ਬੈਂਕ ਵਿਚ ਵਾਪਰੀ।

ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਕ ਸ਼ੱਕੀ ਵਿਅਕਤੀ ਸ਼ਾਟਗਨ ਲੈ ਕੇ ਬੈਂਕ ਵਿਚ ਆਇਆ ਅਤੇ ਬੈਂਕ ਵਿਚ ਖੜ੍ਹੇ ਸਾਰੇ ਗਾਹਕਾਂ ਨੂੰ ਹੁਕਮ ਦਿੱਤਾ ਕਿ ਜ਼ਮੀਨ ‘ਤੇ ਲਿਟ ਜਾਓ। ਫਿਰ ਉਸ ਨੇ ਕਾਊਂਟਰ ਤੇ ਬੈਗ ਆਪਣਾ ਬੈਗ ਰੱਖਿਆ ਅਤੇ ਕੈਸ਼ੀਅਰ ਤੋਂ ਕੈਸ਼ ਦੀ ਮੰਗ ਕੀਤੀ। ਇੱਕ ਗਾਹਕ ਨੇ ਹਿੰਮਤ ਕਰਕੇ ਉਸ ਦਾ ਸਾਹਮਣਾ ਕੀਤਾ ਅਤੇ ਫੇਰ ਤਿੰਨ ਹੋਰ ਗਾਹਕ ਵੀ ਉਸ ਨਾਲ ਆ ਰਲੇ। ਉਨ੍ਹਾਂ ਚਾਰਾਂ ਨੇ ਕਥਿਤ ਲੁਟੇਰੇ ਨੂੰ ਥੱਲੇ ਸੁੱਟ ਲਿਆ ਅਤੇ ਪੁਲਿਸ ਦੇ ਆਉਣ ਤੱਕ ਉਸ ਨੂੰ ਕਾਬੂ ਕਰੀ ਰੱਖਿਆ। ਚਾਰ ਕੁ ਮਿੰਟਾਂ ਵਿਚ ਪੁਲਿਸ ਆ ਗਈ ਅਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।

ਪੁਲਿਸ ਸਾਰਜੰਟ ਜੂਡੀ ਬਰਡ ਅਨੁਸਾਰ ਵਾਰਦਾਤ ਦੌਰਾਨ ਕਿਸੇ ਦੇ ਵੀ ਕੋਈ ਸੱਟ ਨਹੀਂ ਲੱਗੀ ਅਤੇ ਇੱਕ 46 ਸਾਲਾ ਵਿਅਕਤੀ ਲੁੱਟ ਅਤੇ ਹਥਿਆਰਾਂ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਪੁਲਿਸ ਅਫਸਰ ਨੇ ਸਮਰਥਨ ਲਈ ਆਏ ਚਾਰਾਂ ਬੰਦਿਆਂ ਦਾ ਧੰਨਵਾਦ ਕੀਤਾ ਅਤੇ ਦੂਜਿਆਂ ਦੀ ਰੱਖਿਆ ਕਰਨ ਲਈ ਅੱਗੇ ਆਏ ਚਾਰਾਂ ਗਾਹਕਾਂ ਦੀ ਬਹਾਦਰੀ ‘ਤੇ ਹੈਰਾਨੀ ਵੀ ਜ਼ਾਹਰ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਥਿਤੀਆਂ ਖਤਰਨਾਕ ਹੋ ਸਕਦੀਆਂ ਹਨ, ਖ਼ਾਸ ਕਰ ਕੇ ਜਦੋਂ ਕੋਈ ਬੰਦਾ ਹਥਿਆਰਬੰਦ ਹੋਵੇ।

(ਹਰਦਮ ਮਾਨ) +1 604 308 6663
maanbabushahi@gmail.com