ਨਿਊ ਸਾਊਥ ਵੇਲਜ਼ ਵਿੱਚ ਗ੍ਰਾਨ ਫੌਂਡੋ 2022 ਦੀਆਂ ਤਿਆਰੀਆਂ

ਵਧੀਕ ਪ੍ਰੀਮੀਅਰ ਅਤੇ ਮੋਨਾਰੋ ਤੋਂ ਐਮ.ਪੀ. ਜੋਹਨ ਬੈਰੀਲੈਰੋ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਸਾਲ 2022 ਲਈ ਗ੍ਰਾਨ ਫੌਂਡੋ ਸਾਈਕਲ ਚੈਂਪਿਅਨਸ਼ਿਪ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਈਵੈਂਟ ਦੇ ਆਯੋਜਨ ਨਾਲ ਜਿੱਥੇ ਬਰਫੀਲੇ ਪਹਾੜਾਂ ਵਾਲੇ ਉਕਤ ਖੇਤਰ ਵਿੱਚ ਖੇਡ ਭਾਵਨਾਵਾਂ ਵਿੱਚ ਇਜ਼ਾਫਾ ਹੋਵੇਗਾ ਉਥੇ ਹੀ ਸਥਾਨਕ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਕੰਮ ਧੰਦਿਆਂ ਅਤੇ ਵਪਾਰ ਆਦਿ ਵਿੱਚ ਵੀ ਭਾਰੀ ਉਛਾਲ ਆਵੇਗਾ।
ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਸ ਨੇ ਕਿਹਾ ਕਿ ‘ਸਨੋਈ ਕਲਾਸਿਕ’ ਦੇ ਇਸ ਈਵੈਂਟ ਰਾਹੀਂ ਸਰਕਾਰ ਦੀ ਅਰਥ ਵਿਵਸਥਾ ਵਿੱਚ ਅਗਲੇ 5 ਸਾਲਾਂ ਤੱਕ 4.16 ਮਿਲੀਅਨ ਡਾਲਰਾਂ ਦੇ ਸਹਿਯੋਗ ਦੀ ਯੋਜਨਾ ਹੈ।
26 ਮਾਰਚ 2022 ਨੂੰ ਹੋਣ ਵਾਲੇ ਇਸ ਆਯੋਜਨ ਵਿੱਚ 160 ਕਿਲੋ ਮੀਟਰ ਅਤੇ 110 ਕਿ. ਮੀਟਰ ਦੀ ਰਾਈਡ ਦਾ ਆਯੋਜਨ ਕੀਤਾ ਜਾਵੇਗਾ ਅਤੇ ਦਰਸ਼ਕ ਇਸ ਰੌਚਕ ਖੇਡ ਦਾ ਭਰਪੂਰ ਆਨੰਦ ਮਾਣ ਸਕਣਗੇ।
ਸਨੋਈ ਕਲਾਸਿਕ ਦੇ ਫਾਊਂਡਰ, ਜੇਮਜ਼ ਯਾਫਾ ਨੇ ਇਸ ਦੀ ਪ੍ਰਸ਼ੰਸਾ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਉਤਸਾਹ ਮਿਲੇਗਾ।
ਜ਼ਿਆਦਾ ਜਾਣਕਾਰੀ ਵਾਸਤੇ ਵੈਬਾਈਟ www.snowyclassic.com.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।