‘ਕੁਰਬਾਨੀ ਦੇ ਆਧਾਰ ਤੇ’ ਬਿਨਾਂ ਵਿਤਕਰੇ ਅੱਤਵਾਦ ਪੀੜ੍ਹਤ ਪਰਿਵਾਰਾਂ ਨੂੰ ਸਹੂਲਤ ਦਿੱਤੀ ਜਾਵੇ -ਕਾ: ਸੇਖੋਂ

ਬਠਿੰਡਾ -ਪੰਜਾਬ ‘ਚ ਲੰਬਾ ਸਮਾਂ ਅੱਤਵਾਦ ਦਾ ਦੌਰ ਰਿਹਾ ਹੈ, ਇਸ ਸਮੇਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਾਨਾਂ ਵਾਰੀਆਂ। ਕਈ ਦਹਾਕੇ ਲੰਘ ਜਾਣ ਦੇ ਬਾਵਜੂਦ ਅੱਜ ਤੱਕ ਇਹਨਾਂ ਨੇਤਾਵਾਂ ਜਾਂ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਦਾ ਕਿਸੇ ਸਰਕਾਰ ਨੇ ਯੋਗ ਮੁੱਲ ਨਹੀਂ ਪਾਇਆ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਤਵਾਦ ਤੋਂ ਪੀੜ੍ਹਤ ਸਿਆਸੀ ਪਰਿਵਾਰਾਂ ਨੂੰ ਬਗੈਰ ਕਿਸੇ ਵਿਤਕਰੇ ਦੇ ਬਰਾਬਰ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।
ਆਪਣੇ ਇਸ ਨੁਕਤੇ ਨੂੰ ਸਪਸ਼ਟ ਕਰਦਿਆਂ ਕਾ: ਸੇਖੋਂ ਨੇ ਕਿਹਾ ਭਾਵੇਂ ਅੱਤਵਾਦ ਖਿਲਾਫ ਲੜਾਈ ਲੜਣ ਵਿੱਚ ਮੁੱਖ ਭੂਮਿਕਾ ਸਮੇਂ ਦੀ ਕਾਂਗਰਸ ਨੇ ਨਿਭਾਈ, ਪਰ ਕਮਿਊਨਿਸਟ ਪਾਰਟੀਆਂ ਦੀ ਭੂਮਿਕਾ ਵੀ ਅਤੀ ਮਹੱਤਵਪੂਰਨ ਰਹੀ ਹੈ। ਉਹਨਾਂ ਕਿਹਾ ਕਿ ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਕਮਿਊਨਿਸਟ ਪਾਰਟੀਆਂ ਨੇ ਸਭ ਤੋਂ ਵੱਧ ਜਾਨਾਂ ਵਾਰੀਆਂ। ਉਹਨਾਂ ਕਿਹਾ ਕਿ ਕਮਿਊਨਿਸਟ ਪਾਰਟੀ ਦੇ ਉੱਚਕੋਟੀ ਦੇ ਲੀਡਰ ਕਾ: ਸਰਬਣ ਸਿੰਘ ਚੀਮਾ ਸਾਬਕਾ ਵਿਧਾਇਕ, ਕਾ: ਚੰਨਣ ਸਿੰਘ ਧੂਤ ਸਾਬਕਾ ਵਿਧਾਇਕ, ਦਰਸ਼ਨ ਸਿੰਘ ਕੈਨੇਡੀਅਨ ਰੌਸ਼ਨ ਦਿਮਾਗ ਟਰੇਡ ਯੂਨੀਅਨ ਆਗੂ, ਅਰਜਨ ਸਿੰਘ ਮਸਤਾਨਾ ਵਰਗੇ ਨੇਤਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰ ਗਏ। ਉਹਨਾਂ ਕਿਹਾ ਕਿ ਕਮਿਊਨਿਸਟ ਪਾਰਟੀ ਦੇ ਤਿੰਨ ਸੌ ਤੋਂ ਵੱਧ ਆਗੂ ਤੇ ਵਰਕਰ ਅੱਤਵਾਦ ਸਮੇਂ ਸਹੀਦ ਹੋਏ ਹਨ, ਜਿਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਹੀ ਕਰ ਰੱਖਿਆ ਹੈ।
ਸੂਬਾ ਸਕੱਤਰ ਨੇ ਦੱਸਿਆ ਕਿ ਮਰਹੂਮ ਮੁੱਖ ਮੰਤਰੀ ਸ੍ਰ: ਬੇਅੰਤ ਸਿੰਘ ਦੇ ਪਰਿਵਾਰ ਦੇ ਇੱਕ ਨੌਜਵਾਨ ਨੂੰ ਅੱਤਵਾਦ ਪੀੜ੍ਹਤ ਪਰਿਵਾਰ ਹੋਣ ਸਦਕਾ ਗਜਟਿਡ ਅਸਾਮੀ ਤੇ ਨਿਯੁਕਤ ਕੀਤਾ ਗਿਆ ਸੀ। ਹੁਣ ਦੋ ਹੋਰ ਕਾਂਗਰਸੀ ਵਿਧਾਇਕਾਂ ਸ੍ਰੀ ਫਤਹਿਜੰਗ ਸਿੰਘ ਬਾਜਵਾ ਦੇ ਪਰਿਵਾਰ ਦੇ ਇੱਕ ਨੌਜਵਾਨ ਨੂੰ ਡੀ ਐੱਸ ਪੀ ਅਤੇ ਸ੍ਰੀ ਰਾਕੇਸ਼ ਪਾਂਡੇ ਦੇ ਪਰਿਵਾਰ ਦੇ ਨੌਜਵਾਨ ਨੂੰ ਤਹਿਸੀਲਦਾਰ ਦੀ ਅਸਾਮੀ ਤੇ ਨਿਯੁਕਤ ਕਰਨ ਲਈ ਪ੍ਰਕਿਰਿਆ ਸੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਹਨਾਂ ਪਰਿਵਾਰਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦਿੱਤੀ ਉਹਨਾਂ ਨੂੰ ਯਾਦ ਕਰਦਿਆਂ ਅਜਿਹੀ ਸਹੂਲਤ ਦੇਣੀ ਕੋਈ ਮਾੜਾ ਰੁਝਾਨ ਨਹੀਂ ਹੈ, ਪਰ ਅਜਿਹਾ ਕਰਦਿਆਂ ਵਿਤਕਰਾ ਨਹੀਂ ਹੋਣਾ ਚਾਹੀਦਾ।
ਕਾ: ਸੇਖੋਂ ਨੇ ਕਿਹਾ ਕਿ ਪਹਿਲੀ ਗੱਲ ਅਜਿਹੀ ਨੌਕਰੀ ਦੇਣ ਸਮੇਂ ਤਰਸ ਦੇ ਅਧਾਰ ਤੇ ਕਹਿਣਾ ਵੀ ਵਾਜਬ ਨਹੀਂ, ਕਿਉਂਕਿ ਤਰਸ ਤਾਂ ਗਰੀਬ ਪਰਿਵਾਰਾਂ ਦੇ ਗੁਜਾਰੇ ਲਈ ਕੀਤਾ ਜਾਂਦਾ ਹੈ। ਇਹ ਕੁਰਬਾਨੀ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ‘ਕੁਰਬਾਨੀ ਦੇ ਅਧਾਰ ਤੇ’ ਕਹਿਣਾ ਚਾਹੀਦਾ ਹੈ। ਦੂਜੀ ਗੱਲ ਸਰਕਾਰ ਨੂੰ ਬਗੈਰ ਵਿਤਕਰੇ ਅਜਿਹੀ ਸਹੂਲਤ ਦੇਣੀ ਚਾਹੀਦੀ ਹੈ, ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸਦੀ ਕੁਰਬਾਨੀ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਜੇ ਰਾਜ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੀ ਪਾਰਟੀ ਦੇ ਦੋ ਵਿਧਾਇਕਾਂ ਦੇ ਪਰਿਵਾਰ ਨੂੰ ਸਹੂਲਤ ਦੇਣ ਦੀ ਕਾਰਵਾਈ ਅਰੰਭੀ ਹੈ ਤਾਂ ਕਮਿਊਨਿਸਟ ਪਾਰਟੀ ਨਾਲ ਸਬੰਧਤ ਅੱਤਵਾਦ ਪੀੜ੍ਹਤ ਪਰਿਵਾਰਾਂ ਬਾਰੇ ਵੀ ਵਿਚਾਰ ਕਰਕੇ ਕੈਬਨਿਟ ‘ਚ ਫੈਸਲਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੀ ਕਿਸੇ ਸਹੂਲਤ ਨੂੰ ਪਾਰਟੀ ਦੀ ਅੰਦਰੂਨੀ ਲੜਾਈ ਨੂੰ ਖਤਮ ਕਰਨ ਦੇ ਇੱਕ ਸਾਧਨ ਵਜੋਂ ਵਰਤਣ ਦੇ ਉਲਟ ਕੁਰਬਾਨੀ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ।