ਬਹੁ-ਪੱਖੀ ਤੇ ਬਹੁ ਪਰਤੀ ਸ਼ਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ

4 ਜੂਨ ਨੂੰ ਅੰਤਿਮ ਅਰਦਾਸ ਮੌਕੇ

 ਕੋਈ ਵੀ ਵਿਆਕਤੀ ਇਕ ਜ਼ਿੰਦਗੀ ਵਿਚ, ਇਕ ਹੀ ਖੇਤਰ ਵਿਚ ਵਿਚਰ ਸਕਦਾ ਹੈ।ਪਰ ਘੱਟ ਵਿਆਕਤੀ ਉਸ ਖੇਤਰ ਵਿਚ ਨਾਮਣਾ ਖੱਟਦੇ ਹਨ।ਪਰ ਜੇ ਕੋਈ ਵਿਆਕਤੀ ਇਕ ਜ਼ਿੰਦਗੀ ਵਿਚ ਇਕ ਤੋਂ ਵਧੇਰੇ ਖੇਤਰਾਂ ਵਿਚਰੇ ਵੀ ਤੇ ਬੁਲੰਦੀਆਂ ਵੀ ਛੋਹੇ ਤਾਂ ਉਹ ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ ਹੀ ਹੋ ਸਕਦੇ ਹਨ।ਜੋ ਖੇਡਾਂ ਦੇ ਖੇਤਰ ਵਿਚ, ਰਖਿਆ ਦੇ ਖੇਤਰ ਵਿਚ ਵਿਚ, ਗਾਇਕੀ ਤੇ ਕਲਮਕਾਰੀ ਦੇ ਖੇਤਰ ਵਿਚ ਨਾ ਕੇਵਲ ਵਿਚਰੇ ਬਲਕਿ ਹਰ ਖੇਤਰ ਵਿਚ ਹੀ ਬੁਲੰਦੀਆਂ ਛੋਹੀਆਂ।

 ਪੜਾਈ ਲਿਖਾਈ ਵਿਚ ਹਮੇਸ਼ਾਂ ਅਵੱਲ ਰਹਿਣ ਵਾਲੇ ਗੁਰਚਰਨ ਸਿੰਘ ਬੋਪਾਰਾਏ ਹੋਰਾਂ ਕੱਬਡੀ ਤੇ ਵਾਲੀਬਾਲ ਦੇ ਖਿਡਾਰੀ ਦੇ ਤੌਰ ‘ਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ।ਰਖਿਆ ਵਿਭਾਗ ਵਿਚ ਛੋਟੇ ਅਹੁੱਦੇ ‘ਤੇ ਭਰਤੀ ਹੋ ਕੇ ਵੱਡਿਆ ਪੱਦਾਂ ਉਪਰ ਪੁੱਜੇ ਅਤੇ 1965 ਤੇ 1971 ਦੀ ਜੰਗਾਂ ਵਿਚ ਆਪਣੀ ਸਮੁੱਚੀ ਕਮਾਂਡ ਅਤੇ ਕਾਰਗੁਜ਼ਾਰੀ ਸਦਕਾ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਕੇ ਹੋਮ ਗਾਰਡ ਤੋਂ ਬਟਾਲੀਅਨ ਕਮਾਂਡਰ ਰਿਟਾਇਰ ਹੋਏ।2 ਜੁਲਾਈ 1935 ਨੂੰ ਸਰਦਾਰਨੀ ਗੁਰਦੀਪ ਕੌਰ ੳਤੇ ਸਰਦਾਰ ਸਾਧੂ ਸਿੰਘ ਦੇ ਘਰ ਮਰੜ ਚੱਕ 42, ਜ਼ਿਲ੍ਹਾ ਸੇਖੂਪੁਰਾ (ਪਾਕਿਸਤਾਨ) ਸਰਦੇ-ਪੁੱਜਦੇ ਤੇ ਖੁਸ਼ਹਾਲ ਪ੍ਰੀਵਾਰ ਵਿਚ ਜਨਮੇ ਬੋਪਾਰਾਏ ਹੋਰਾਂ ਖੁਸ਼ਹਾਲੀ ਵੀ ਰੱਜ ਕੇ ਹੰਢਾਈ ਤੇ ਤੰਗਦਸਤੀ ਵੀ।

 1947 ਵਿਚ ਦੇਸ਼ ਦੀ ਵੰਡ ਦੌਰਾਨ ਵਗੀ ਫਿਰਕੂ-ਹਨੇਰੀ ਤੇ ਕਤਲੋ-ਗ਼ਾਰਤ ਨੇ ਗੁਰਚਰਨ ਸਿੰਘ ਬੋਪਾਰਾਏ ਦੇ ਬਾਲੰਨ ਉਪਰ ਗਹਿਰਾ ਅਤੇ ਨਾਂਹ-ਪੱਖੀ ਪ੍ਰਭਾਵ ਪਾਇਆ। ਬਚਪਨ ਵਿਚ ਹੀ ਉਨਾਂ ਨੂੰ ਅਹਿਸਾਸ ਹੋ ਗਿਆ ਕਿ ਮਨੁੱਖੀ ਭਾਈਚਾਰੇ ਅਤੇ ਇਨਸਾਨੀਅਤ ਦੀ ਖੁਸ਼ਹਾਲੀ ਵਾਸਤੇ ਸੰਸਾਰ ਵਿਚ ਅਮਨ ਤੇ ਸ਼ਾਤੀ ਦੀ ਲੋੜ ਹੈ। ਓਨ੍ਹੀਂ ਦਿਨੀਂ ਇਪਟਾ (ਇੰਡੀਅਨ ਪੀਪਲਜ਼ ਐਸ਼ੋਸ਼ੀਏਸ਼ਨ) ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਨਿਰੋਏ ਸਭਿਆਚਾਰ ਦੀ ਝੰਡਾ ਬਰਦਾਰ ਦੀ ਅਤੇ ਪੰਜਾਬ ਵਿਚ ਅਮਨ ਦਾ ਕਾਫ਼ਲਾ ਸਰਗਰਮ ਕੀਤਾ ਹੋਇਆ ਸੀ।ਬੋਪਾਰਾਏ ਹੋਰਾਂ ਦਾ ਇਪਟਾ ਵੱਲ ਝੁੱਕਾ ਹੋਣਾ ਕੁਦਰਤੀ ਸੀ।ਵੀਹ ਸਾਲ ਦੀ ਚੜਦੀ ਉਮਰੇ ਉਹ ਆਪਣੇ ਭਰਾਵਾਂ ਵਰਗੇ ਯਾਰ ਸਵਰਣ ਸਿੰਘ ਸੰਧੂ ਸਮੇਤ ਇਪਟਾ ਦਾ ਕਾਫ਼ਲੇ ਦਾ ਸਰਗਰਮ ਹਿੱਸਾ ਬਣੇ।

 ਗੁਰਚਰਨ ਸਿੰਘ ਬੋਪਾਰਾਏਤੇਰਾ ਸਿੰਘ ਚੰਨ ਹੋਰਾਂ ਦੀ ਅਗਵਾਈ ਹੇਠ ਬਣੀ ਇਪਟਾ ਸਭਿਆਚਾਰਕ ਟੋਲੀ ਦਾ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ,ਡਾ.ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ,ਡਾ. ਹਰਸ਼ਰਨ ਸਿੰਘ ਸਮੇਤ ਅਹਿਮ ਹਿੱਸਾ ਸਨ।ਇਸ ਟੋਲੀ ਨੇ ਪੰਜਾਬ ਦੇ ਸਭਿਆਚਾਰਕ ਤੇ ਰੰਗਮੰਚੀ ਦ੍ਰਿਸ਼ ਵਿਚ ਜ਼ਿਕਰਯੋਗ ਤਬੀਦੀਲੀ ਲਿਆਂਦੀ।

 ਸਮਾਜਿਕ ਸਰੋਕਾਰਾਂ, ਸਥਿਤੀ-ਪ੍ਰਸਥਿਤੀਆਂ ਦੀ ਗੱਲ ਕਰਦੀਆਂ ਬੋਪਾਰਾਏ ਹੋਰਾਂ ਦੀ ਰਚਨਾਵਾਂ ਉਨਾਂ ਸਮਿਆਂ ਦੇ ਪ੍ਰਮੁੱਖ ਰਸਾਲਿਆਂ ਤੇ ਅਖਬਾਰਾਂ ਵੀ ਛਪੀਆਂ।ਅਤੇ ਚਰਚਿੱਤ ਗਇਕਾਂ ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਮੁਹੰਮਦ ਸਦੀਕ, ਜਗਜੀਤ ਜ਼ੀਰਵੀ, ਸਰਬਜੀਤ ਕੌਰ, ਗੁਰਮੀਤ ਬਾਵਾ, ਅਮਰਜੀਤ ਗੁਰਦਾਸਪੁਰੀ, ਸਵਿੰਦਰ ਸਿੰਘ ਭਾਗੋਵਾਲੀਆ, ਸ਼ਿਵਜੀਤ ਵਾਲੀਆ ਅਤੇ ਉਨਾਂ ਦੇ ਗਾਇਕ ਸਾਥੀ ਸਵਰਣ ਸਿੰਘ ਸੰਧੂ ਨੇ ਵੀ ਗਾ ਕੇ ਮਕਬੂਲੀਅਤ ਹਾਸਿਲ ਕੀਤੀ।

 ਗੱਭਰੇਟ ਉਮਰੇ ਸਵਰਣ ਸਿੰਘ ਸੰਧੂ ਹੋਰਾਂ ਨਾਲ ਯਾਰੀ ਵੀ ਬੋਪਾਰਾਏ ਹੋਰਾਂ ਸਾਹਾਂ ਨਾਲ ਨਿਭਾਈ ਤੇ ਇਪਟਾ ਨਾਲ ਸਾਥ ਵੀ।ਆਖਰੀ ਦਮ ਤੱਕ ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਵਿਚ ਸ਼ਿੱਦਤ ਨਾਲ ਸਰਗਰਮ ਰਹੇ ਗੁਰਚਰਨ ਸਿੰਘ ਬੋਪਾਰਾਏ ਹੋਰਾਂ ਦੀ ਅੰਤਿਮ ਅਰਦਾਸ (ਅੱਜ) 4 ਜੂਨ ਨੂੰ ਹੋਵੇਗੀ।

(ਸੰਜੀਵਨ ਸਿੰਘ) sanjeevan2249@gmail.com