ਗੁਰਮੁਖੀ ਤੇ ਸ਼ਾਹਮੁਖੀ ਵਿਚ ਛਪੇਗਾ ਮੈਗਜ਼ੀਨ “ਆਪਣੀ ਆਵਾਜ਼”

ਮੁਹੰਮਦ ਆਸਿਫ਼ ਰਜ਼ਾ ਦੀ ਵਿਸ਼ੇਸ਼ ਕੋਸ਼ਿਸ਼

ਸਰੀ -ਪੰਜਾਬੀ ਬੋਲੀ ਦੇ ਸ਼ੁੱਭਚਿੰਤਕਾਂ, ਲੇਖਕਾਂ, ਅਦੀਬਾਂ, ਪਾਠਕਾਂ ਲਈ ਸ਼ੁੱਭ ਸੂਚਨਾ ਹੈ ਕਿ ਲਹਿੰਦੇ ਪੰਜਾਬ ਦੇ ਅਦੀਬ ਮੁਹੰਮਦ ਆਸਿਫ਼ ਰਜ਼ਾ ਵੱਲੋਂ ਪਹਿਲੀ ਵਾਰ ਪੰਜਾਬ ਬੋਲੀ ਦੀਆਂ ਦੋਹਾਂ ਲਿੱਪੀਆਂ (ਗੁਰਮੁਖੀ ਅਤੇ ਸ਼ਾਹਮੁਖੀ) ਵਿਚ ਇਕ ਮੈਗ਼ਜ਼ੀਨ “ਆਪਣੀ ਆਵਾਜ਼” ਛਾਪਿਆ ਜਾ ਰਿਹਾ ਹੈ ਜੋ ਕਿ ਇਕੋ ਵੇਲੇ ਲਾਹੌਰ ਅਤੇ ਜਲੰਧਰ ਤੋਂ ਛਪਿਆ ਕਰੇਗਾ। ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਮੁਹੰਮਦ ਆਸਿਫ਼ ਰਜ਼ਾ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਸਾਡਾ ਇਹ ਕਾਰਜ ਵੀ ਟੁੱਟੇ ਹੋਏ ਮੁਹੱਬਤ ਦੇ ਧਾਗੇ ਨੂੰ ਫਿਰ ਤੋਂ ਜੋੜਨ ਵਾਲਾ ਅਮਲ ਹੈ।

“ਆਪਣੀ ਆਵਾਜ਼”ਰਸਾਲਾ ਇਸ ਤੋਂ ਪਹਿਲਾਂ 13 ਅੰਕ ਅਦਬੀ ਦੁਨੀਆਂ ਵਿਚ ਪੇਸ਼ ਕਰ ਚੁੱਕਾ ਹੈ। ਇਸ ਸਾਰੇ ਉਦੱਮ ਪਿੱਛੇ ਜਨਾਬ ਸੁਰਿੰਦਰ ਸਿੰਘ ਸੁਨੱੜ ਹੋਰਾਂ ਦਾ ਵਿਸ਼ੇਸ਼ ਰੋਲ ਹੈ ਜੋ ਕਿ ਮਾਂ ਬੋਲੀ ਨਾਲ ਪਿਆਰ ਦੀ ਇੱਕ ਜ਼ਿੰਦਾ ਮਿਸਾਲ ਹਨ। ਉਹਨਾਂ ਨੇ ਆਪਣੀ ਬੇਹੱਦ ਮਸਰੂਫ਼ ਜ਼ਿੰਦਗੀ ਵਿਚ ਵੀ ਮਾਂ ਬੋਲੀ ਪੰਜਾਬੀ ਦਾ ਝੰਡਾ ਬੁਲੰਦ ਕੀਤੀ ਰੱਖਿਆ ਸੀ। ਫਿਰ ਕਿਸੇ ਕਾਰਨ ਲਗਾਤਾਰ ਇਹ ਪ੍ਰਕਾਸ਼ਿਤ ਨਾ ਹੋ ਸਕਿਆ। ਮਗਰ ਹੁਣ ਉਹ ਇਕ ਨਵੇਂ ਵਲਵਲੇ ਨਾਲ ਆਪਣੀ ਮਾਂ ਬੋਲੀ ਦਾ ਹੱਕ ਅਦਾ ਕਰਨ ਲਈ ਯਤਨਸ਼ੀਲ ਹਨ।

ਪਾਕਿਸਤਾਨ ਤੋਂ ਮੁਹੰਮਦ ਆਸਿਫ਼ ਰਜ਼ਾ ਤੇ ਬਾਬਾ ਨਜਮੀ ਹੋਰੀਂ ਇਸ ਦੇ ਸ਼ਾਹਮੁਖੀ ਸੰਪਾਦਕੀ ਮੰਡਲ ਵਿਚ ਸ਼ਾਮਿਲ ਹਨ ਗੁਰਮੁਖੀ ਲਈ ਗੁਰਭਜਨ ਗਿੱਲ, ਲਖਵਿੰਦਰ ਸਿੰਘ ਜੌਹਲ, ਅਫ਼ਜ਼ਲ ਸਾਹਿਰ ਵਰਗੇ ਸਲਾਹਕਾਰ ਹੋਣਗੇ। ਉਨ੍ਹਾਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਲਮਕਾਰਾਂ ਤੋਂ ਲਿਖਤੀ ਤੌਰ ਤੇ ਸਾਥ ਦੇਣ ਦੀ ਉਮੀਦ ਕਰਦਿਆਂ ਕਿਹਾ ਹੈ ਕਿ ਕਲਮਕਾਰ ਦੋਸਤਾਂ ਦੇ ਹੁੰਗਾਰੇ ਨਾਲ ਹੀ ਪੰਜਾਬੀਅਤ ਦੇ ਇਸ ਮੁਹੱਬਤੀ ਬੂਟੇ ਨੂੰ ਪਰਵਾਨ ਚੜ੍ਹਾਇਆ ਜਾ ਸਕੇਗਾ।

ਇਸ ਮੈਗ਼ਜ਼ੀਨ ਦਾ ਮੂਲ ਮਕਸਦ ਪੰਜਾਬੀਅਤ ਦੀ ਸਾਂਝੀ ਗੱਲ ਕਰਨ ਦਾ ਯਤਨ ਅਤੇ ਪੰਜਾਬੀ ਜ਼ੁਬਾਨ ਦੀ ਰਾਖੀ ਤੇ ਸੇਵਾ ਹੈ। ਹਰ ਮਹੀਨੇ 400 ਤੋਂ ਵੱਧ ਸਫਿ਼ਆਂ ਦੇ ਇਸ ਰਸਾਲੇ ਵਿਚ ਦੋਹਾਂ ਪੰਜਾਬਾਂ ਤੋਂ ਇਲਾਵਾ ਪੂਰੀ ਦੁਨੀਆਂ ਵਿਚ ਰਚੇ ਜਾਣ ਵਾਲੇ ਪੰਜਾਬੀ ਸਾਹਿਤ ਦੀ ਵੰਨਗੀ ਹੋਵੇਗੀ।

ਇਹ ਮੈਗ਼ਜ਼ੀਨ ਹਰ ਮਹੀਨੇ ਛਪਣ ਤੋਂ ਇਲਾਵਾ ਸਾਡੀ ਵੈਬ ਸਾਈਟ http://sunnerappneeawaaz.com ਤੋਂ ਮੁਫਤ ਵਿਚ ਡਾਊਨਲੋਡ ਕਰ ਕੇ ਪੜ੍ਹਿਆ ਜਾ ਸਕੇਗਾ। ਮੁਹੰਮਦ ਆਸਿਫ਼ ਰਜ਼ਾ ਨੇ ਲਿਖਾਰੀ ਦੋਸਤਾਂ ਨੂੰ ਆਪਣੀਆਂ ਰਚਨਾਵਾਂ ਹਰ ਮਹੀਨੇ ਦੀ 15 ਤਾਰੀਖ਼ ਤੋਂ ਪਹਿਲਾਂ ਪਹਿਲਾਂ ਇਸ ਪਤੇ ਤੇ ਭੇਜਣ ਦੀ ਗੁਜ਼ਾਰਿਸ਼ ਕੀਤੀ ਹੈ-mbrc09@gmail.com ਜਾਂ 00923054486520 (ਵਟਸਐਪ)

(ਹਰਦਮ ਮਾਨ) +1 604 308 6663
maanbabushahi@gmail.com