ਬੱਚਿਆਂ ਨੂੰ ਕੋਲਡ ਡਰਿੰਕਸ ਦੀ ਥਾਂ ਦੁੱਧ ਪੀਣ ਲਈ ਉਤਸਾਹਿਤ ਕੀਤਾ ਜਾਵੇ- ਡਾ: ਸ਼ਰਮਾਂ

ਕਾਲਝਰਾਣੀ ਵਿਖੇ ਵਿਸ਼ਵ ਦੁੱਧ ਦਿਵਸ ਮਨਾਇਆ

ਬਠਿੰਡਾ -ਵਿਸ਼ਵ ਦੁੱਧ ਦਿਵਸ ਦੇ ਮੌਕੇ ਤੇ ਵੈਟਨਰੀ ਪੋਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਇਸ ਸਾਲ ਦੇ ਵਿਸੇ ‘ਡੇਅਰੀ ਸੈਕਟਰ ਵਿੱਚ ਸਥਿਰਤਾ ਦੇ ਨਾਲ ਵਾਤਾਵਰਣ, ਪੋਸ਼ਣ ਅਤੇ ਸਮਾਜਿਕ ਆਰਥਿਕਤ ਦਾ ਸਸ਼ਕਤੀਕਰਨ’ ਦੇ ਵਿਚਾਰ ਚਰਚਾ ਕਰਦਿਆਂ ਕੇਂਦਰ ਦੇ ਪ੍ਰਿਸੀਪਲ ਕਮ ਜੁਆਇੰਟ ਡਾਇਰੈਕਟਰ ਡਾ: ਬਿਮਲ ਸ਼ਰਮਾ ਨੇ ਆਮ ਲੋਕਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਕੋਲਡ ਡਰਿੰਕਸ ਦੀ ਜਗਾਹ ਦੁੱਧ ਪੀਣ ਲਈ ਉਤਸਾਹਿਤ ਕਰਨ।
ਡਾ: ਸ਼ਰਮਾ ਨੇ ਦੱਸਿਆ ਕਿ ਵਿਸਵ ਦੁੱਧ ਦਿਵਸ ਇੱਕੀ ਸਾਲ ਪਹਿਲਾਂ ਮਨਾਉਣਾ ਸੁਰੂ ਕੀਤਾ ਗਿਆ ਸੀ। ਦਿਵਸ ਮਨਾਉਣ ਦਾ ਮਕਸਦ ਹੈ ਕਿ ਇਸ ਦਿਨ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਜਾਣ ਅਤੇ ਦੁੱਧ ਦੇ ਮਹੱਤਵ ਤੇ ਵਰਤੋਂ ਬਾਰੇ ਚੇਤੰਨਤਾ ਲਿਆਂਦੀ ਜਾਵੇ। ਉਹਨਾਂ ਦੱਸਿਆ ਕਿ ਇਹ ਸਾਲ ਕੋਵਿਡ ਮਹਾਂਮਾਰੀ ਦੀ ਭਿਆਨਕ ਸਥਿਤੀ ਵਾਲਾ ਹੋਣ ਕਾਰਨ ਸਮਾਗਮ ਵਿੱਚ ਵੱਡਾ ਇਕੱਠ ਕਰਨ ਤੋਂ ਸੰਕੋਚ ਕੀਤਾ ਗਿਆ ਹੈ, ਪਰੰਤੂ ਮੀਡੀਆ ਰਾਹੀਂ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ। ਉਹਨਾਂ ਦੱਸਿਆ ਕਿ ਦੁੱਧ ਵਿੱਚ ਕੈਲਸ਼ੀਅਮ, ਫਾਸਫੋਰਸ, ਪੋਟਾਸੀਅਮ, ਵਿਟਾਮਿਨ ਤੇ ਪ੍ਰੋਟੀਨ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਹੱਡੀਆਂ ਦੀ ਮਜਬੂਤੀ, ਦਿਮਾਗ ਦੇ ਤੇਜਪਣ, ਚਮੜੀ ਦੀ ਸੁੰਦਰਤਾ ਤੇ ਚੰਗੀ ਨੀਂਦ ਦੇਣ ਵਿੱਚ ਚੰਗੇ ਸਹਾਈ ਹੁੰਦੇ ਹਨ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਕੋਲਡ ਡਰਿੰਕਸ ਦੀ ਬਜਾਏ ਦੁੱਧ ਪੀਣ ਲਈ ਉਤਸਾਹਿਤ ਕਰਨ।
ਇਸ ਮੌਕੇ ਡਾ: ਸ਼ਰਮਾ ਨੇ ਕਿਹਾ ਕਿ ਬੱਚਿਆਂ ਔਰਤਾਂ ਅਤੇ ਬਜੁਰਗਾਂ ਨੂੰ ਅਜੋਕੇ ਸਮੇਂ ਵਿੱਚ ਜਰੂਰੀ ਤੱਤਾਂ ਦੀ ਲੋੜ ਨੂੰ ਪੂਰਾ ਕਰਨ ਲਈ ਦੁੱਧ ਬਹੁਤ ਹੀ ਮਹੱਤਵਪੂਰਨ ਉਤਪਾਦ ਹੈ, ਇਸੇ ਕਰਕੇ ਇਸਨੂੰ ਤੇਰਵਾਂ ਰਤਨ ਵੀ ਕਿਹਾ ਜਾਂਦਾ ਹੈ। ਇਸ ਮੌਕੇ ਡਾ: ਸੁਮਨਪ੍ਰੀਤ ਕੌਰ, ਡਾ: ਅਜੈਬੀਰ ਸਿੰਘ ਧਾਲੀਵਾਲ, ਡਾ: ਮਹਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸਤੋਂ ਇਲਾਵਾ ਗਗਨਪ੍ਰੀਤ ਕੌਰ, ਕੁਲਦੀਪ ਕੌਰ, ਗੁਰਪ੍ਰੀ ਸਿੰਘ, ਗੁਰਦੇਵ ਕੁਮਾਰ, ਹਮ ਬਹਾਦਰ ਆਦਿ ਵੀ ਮੌਜੂਦ ਸਨ। ਇਸ ਮੌਕੇ ਦੱਸਿਆ ਕਿ ਕਾਲਝਰਾਣੀ ਡੇਅਰੀ ਫਾਰਮ ਚੋਂ ਸਾਹੀਵਾਲ ਗਊ ਦਾ ਸਾਢੇ 4 ਫੀਸਦੀ ਫੈਟ ਵਾਲਾ ਦੁੱਧ 45 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਖਰੀਦਿਆ ਜਾ ਸਕਦਾ ਹੈ।