ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਇਸ ਸਰਦੀ ਵਿੱਚ ਅੱਗ ਤੋਂ ਬਚਾਉ ਲਈ ਹਦਾਇਤਾਂ ਜਾਰੀ

ਆਪਾਤਕਾਲੀਨ ਸੇਵਾਵਾਂ ਆਦਿ ਵਾਲੇ ਵਿਭਾਗਾਂ ਦੇ ਮੰਤਰੀ ਡੇਵਿਡ ਐਲੀਅਟ ਨੇ ਜਨਤਕ ਤੌਰ ਤੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ ਸਰਦੀਆਂ ਵਿੱਚ ਅੱਗ ਤੋਂ ਬਚਾਉ ਵਾਸਤੇ ਮਹਿਜ਼ ਕੁੱਝ ਗੱਲਾਂ ਦਾ ਹੀ ਧਿਆਨ ਰੱਖ ਕੇ ਵੱਡੀਆਂ ਆਫ਼ਤਾਵਾਂ ਤੋਂ ਨਜਾਤ ਪਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਆਂਕੜੇ ਦਰਸਾਉਂਦੇ ਹਨ ਕਿ ਸਰਦੀਆਂ ਦੌਰਾਨ ਅਜਿਹੀਆਂ ਦੁਰਘਟਨਾਵਾਂ ਵਿੱਚ 10% ਦਾ ਇਜ਼ਾਫ਼ਾ ਹੋ ਜਾਂਦਾ ਹੈ ਅਤੇ ਕਾਰਨ ਉਹੀ ਹੁੰਦੇ ਹਨੇ ਜਿਵੇਂ ਕਿ ਹੀਟਰ ਪ੍ਰਤੀ ਲਾਪਰਵਾਹੀਆਂ, ਕੰਬਲਾਂ ਅਤੇ ਹੀਟਰਾਂ ਦੇ ਆਪਸੀ ਸੰਪਰਕ, ਅਤੇ ਜਾਂ ਫੇਰ ਬਿਜਲੀ ਦੀਆਂ ਤਾਰਾਂ ਜਾਂ ਸਵਿੱਚਾਂ ਉਪਰ ਵਾਧੂ ਦਾ ਲੋਡ। ਬੀਤੇ ਸਾਲ ਵਿੱਚ ਰਾਜ ਭਰ ਅੰਦਰ ਅਜਿਹੀਆਂ 1,000 ਤੋਂ ਵੀ ਵੱਧ ਦੁਰਘਟਨਾਵਾਂ ਹੋਈਆਂ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਅੱਗ ਬੁਝਾਊ ਅਮਲੇ ਦੇ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਵੀ ਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਕਰਦੇ ਹਨ ਪਰੰਤੂ ਜੇਕਰ ਅਸੀਂ ਕੁੱਝ ਕੁ ਗੱਲਾਂ ਵੱਲ ਧਿਆਨ ਰੱਖੀਏ ਤਾਂ ਅਜਿਹੀਆਂ ਦੁਰਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਹਰ ਸਾਲ ਹੀ ਰਾਜ ਵਿੱਚ ਘੱਟੋ ਘੱਟ ਵੀ 20 ਕੀਮਤੀ ਜਾਨਾਂ ਅਜਿਹੀਆਂ ਦੁਰਘਟਨਾਵਾਂ ਦੀ ਭੇਟ ਚੜ੍ਹ ਜਾਂਦੀਆਂ ਹਨ ਜਿਨ੍ਹਾਂ ਨੂੰ ਕਿ ਥੋੜ੍ਹੀ ਜਿਹੀ ਸਾਵਧਾਨੀ ਨਾਲ ਬਚਾਇਆ ਜਾ ਸਕਦਾ ਸੀ।
ਲੋਕਾਂ ਅਜਿਹੀਆਂ ਗੱਲਾਂ ਵੱਲ ਧਿਆਨ ਰੱਖਣ ਕਿ: ਖਾਣਾ ਬਣਾਉਣ ਸਮੇਂ ਆਪਣਾ ਪੂਰਾ ਧਿਆਨ ਖਾਣੇ ਵੱਲ ਹੀ ਰੱਖੋ, ਬਿਜਲੀ ਦੀਆਂ ਤਾਰਾਂ ਅਤੇ ਸਵਿੱਚ ਬੋਰਡਾਂ ਉਪਰ ਵਾਧੂ ਦਾ ਲੋਡ ਨਾ ਪਾਉ; ਹੀਟਰ ਦਾ ਇਸਤੇਮਾਲ ਕਰਦੇ ਸਮੇਂ ਇਸ ਦੇ ਇੱਕ ਮੀਟਰ ਦੇ ਦਾਇਰੇ ਵਿੱਚ ਕੋਈ ਅਜਿਹੀ ਵਸਤੂ ਨਾ ਰੱਖੋ ਜੋ ਕਿ ਅੱਗ ਦੇ ਸੰਪਰਕ ਵਿੱਚ ਆ ਕੇ ਦੁਰਘਟਨਾ ਨੂੰ ਅੰਜਾਮ ਦੇਣ ਦਾ ਕਾਰਨ ਬਣੇ; ਵ੍ਹੀਟ ਬੈਗਾਂ ਨੂੰ ਆਪਣੇ ਬਿਸਤਰਿਆਂ ਨੂੰ ਗਰਮ ਕਰਨ ਲਈ ਨਾ ਵਰਤੋ; ਬਿਜਲੀ ਨਾਲ ਚੱਲਣ ਵਾਲੇ ਸਮਾਨ ਦੀ ਟੁੱਟ ਭੱਜ ਉਪਰ ਪੂਰੀ ਨਜ਼ਰ ਰੱਖੋ; ਘਰਾਂ ਤੋਂ ਬਾਹਰ ਚਲਾਉਣ ਵਾਲੀਆਂ ਭੱਠੀਆਂ ਜਾਂ ਹੋਰ ਹੀਟਰਾਂ ਆਦਿ ਨੂੰ ਘਰਾਂ ਦੇ ਅੰਦਰ ਨਾ ਚਲਾਉ ਅਤੇ ਘਰਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਨਿਯਮਾਂ ਦੀ ਪਾਲਣਾ ਕਰੋ ਅਤੇ ਯੋਗ ਸੰਸਾਧਨਾਂ ਦੀ ਵਰਤੋਂ ਕਰੋ।
ਜ਼ਿਆਦਾ ਜਾਣਕਾਰੀ ਵਾਸਤੇ www.fire.nsw.gov.au/winter ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।