ਵਿਕਟੌਰੀਆ ਰਾਜ ਅੰਦਰ ਕਰੋਨਾ ਦੇ 3 ਨਵੇਂ ਮਾਮਲੇ ਦਰਜ -ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਵੀ ਵਾਧਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਰਜਕਾਰੀ ਪ੍ਰੀਮੀਅਰ ਜੇਮਜ਼ ਮੈਰਲਿਨੋ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਹਾਲ ਵਿਚਲੇ ਆਊਟ ਬ੍ਰੇਕ ਨਾਲ ਸਬੰਧਤ 3 ਨਵੇਂ ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਸਮੇਂ ਉਕਤ ਕੇਸਾਂ ਦੀ ਗਿਣਤੀ 54 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਸੇ ਦੌਰਾਨ ਰਾਜ ਵਿੱਚ 42,000 ਤੋਂ ਵੀ ਜ਼ਿਆਦਾ ਟੈਸਟ ਵੀ ਕੀਤੇ ਗਏ ਹਨ ਅਤੇ ਸਿਹਤ ਅਧਿਕਾਰੀ ਇਸ ਨਵੀਂ ਚੁਣੌਤੀ ਨਾਲ ਭਾਰੀ ਮੁਸ਼ੱਕਤ ਨਾਲ ਦਿਨ ਰਾਤ ਲੜਾਈ ਲੜ੍ਹ ਰਹੇ ਹਨ ਕਿਉਂਕਿ ਇਸ ਨਵੇਂ ਦਰਜ ਕੀਤੇ ਗਏ ਕਲਸਟਰ ਕਾਰਨ 4,200 ਲੋਕਾਂ ਦੇ ਉਕਤ ਲੋਕਾਂ ਨਾਲ ਨੇੜਲੇ ਸਬੰਧ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹੁਣ ਤੱਕ 330 ਅਜਿਹੀਆਂ ਥਾਂਵਾਂ ਨੂੰ ਸ਼ੱਕੀ ਕਰਾਰ ਦੇ ਦਿੱਤਾ ਗਿਆ ਹੈ ਜਿੱਥੇ ਕਿ ਉਕਤ ਵਿਅਕਤੀਆਂ ਦਾ ਆਵਾਗਮਨ ਹੋਇਆ ਹੈ।
ਸ਼ੱਕੀ ਥਾਂਵਾਂ ਦੀ ਤਾਜ਼ਾ ਸੂਚੀ ਲਈ https://www.coronavirus.vic.gov.au/exposure-sites ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਉਪਰੋਕਤ ਜਿਹੜੇ 3 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਉਨ੍ਹਾਂ ਵਿੱਚ ਆਰਕੇਅਰ ਏਜਡ ਕੇਅਰ ਹੋਮ ਦੇ ਇੱਕ ਵਰਕਰ ਤੋਂ ਸਥਾਪਤ ਹੋਈ ਇੱਕ 50ਵਿਆਂ ਸਾਲਾਂ ਵਿਚਲੀ ਮਹਿਲਾ ਹੈ ਅਤੇ ਮੈਲਬੋਰਨ ਦੇ ਹੀ ਇੱਕ ਹੋਰ ਨਰਸਿੰਗ ਹੋਮ (ਬਲੂਕਰਾਸ ਸਨਸ਼ਾਈਨ ਏਜਡ ਕੇਅਰ ਸੈਂਟਰ) ਵਿਚਲਾ ਇੱਕ ਵਰਕਰ ਸ਼ਾਮਿਲ ਹਨ। ਦੋਹਾਂ ਥਾਂਵਾਂ ਉਪਰ ਬੀਤੇ ਐਤਵਾਰ ਨੂੰ ਹੀ ਲਾਕਡਾਊਨ ਲਗਾ ਦਿੱਤਾ ਗਿਆ ਸੀ।