“ਸਬਕਾ ਸਾਥ, ਸਬਕਾ ਵਿਕਾਸ” ਤੋਂ ਹੁਣ “ਆਪਣਿਆਂ ਦਾ ਸਾਥ, ਬਾਕੀਆਂ ਦਾ ਵਿਨਾਸ਼” ਬਣਿਆ ਪ੍ਰਧਾਨ ਮੰਤਰੀ ਮੋਦੀ ਦਾ ਨਾਅਰਾ – ਪਵਨ ਦੀਵਾਨ

ਪੰਜਾਬ ਅੰਦਰ ਕੋਰੋਨਾ ਵੈਕਸੀਨ ਦੀ ਘਾਟ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ

ਨਿਊਯਾਰਕ/ਲੁਧਿਆਣਾ —ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਸੂਬੇ ਵਿਚ ਕੋਰੋਨਾ ਵੈਕਸੀਨ ਦੀ ਘਾਟ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਜਿਨ੍ਹਾਂ ਨੇ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਰੱਖੇ ਗਏ 35 ਹਜ਼ਾਰ ਕਰੋੜ ਦੇ ਬਜਟ ਅਤੇ ਵਾਸਤਵਿਕਤਾ ਨੂੰ ਲੈ ਕੇ ਵੀ ਸਵਾਲ ਕੀਤੇ ਹਨ।ਇੱਥੇ ਜਾਰੀ ਇਕ ਬਿਆਨ ਚ ਦੀਵਾਨ ਨੇ ਕਿਹਾ ਕਿ ਪੰਜਾਬ ਅੰਦਰ ਕੋਰੋਨਾ ਵੈਕਸੀਨ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਅੰਦਰ ਕੱਲ੍ਹ 17644 ਪਹਿਲੇ ਅਤੇ ਦੂਜੇ ਡੋਜ਼ ਦੇ ਕੋਰੋਨਾ ਦੇ ਟੀਕੇ ਲੱਗੇ ਸਨ, ਜੋ ਜ਼ਰੂਰਤ ਤੋਂ ਬਹੁਤ ਘੱਟ ਹਨ ਅਤੇ ਇਹ ਕੋਰੋਨਾ ਵੈਕਸੀਨ ਦੀ ਭਾਰੀ ਘਾਟ ਦਾ ਨਤੀਜਾ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਵੈਕਸੀਨ ਦੀ ਵੰਡ ਨੂੰ ਲੈ ਕੇ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਸ਼ਾਸਤ ਪ੍ਰਦੇਸ਼ਾਂ ਵਿੱਚ ਡਰਾਈਵ ਥਰੂ ਵੀ ਟੀਕੇ ਲੱਗਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਵੈਕਸੀਨੇਸ਼ਨ ਲੈ ਕੇ 35 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਲੇਕਿਨ 136 ਦਿਨਾਂ ਚ ਸਿਰਫ 19 ਕਰੋੜ ਲੋਕਾਂ ਨੂੰ ਹੀ ਪਹਿਲੇ ਤੇ ਦੂਜੇ ਫੇਜ਼ ਦੀ ਡੋਜ਼ ਲੱਗ ਸਕੀ ਹੈ। ਜਦ ਕਿ ਦੇਸ਼ ਦੀ ਕਰੀਬ 139 ਕਰੋੜ ਅਬਾਦੀ ਲਈ 280 ਕਰੋਡ਼ ਟੀਕੇ ਚਾਹੀਦੇ ਹਨ।ਇਸੇ ਤਰ੍ਹਾਂ ਦੀਵਾਨ ਨੇ ਮੋਦੀ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਬਿਨਾਂ ਕਾਰਨ ਖ਼ਰਚਿਆਂ ਉੱਪਰ ਵੀ ਸਵਾਲ ਕੀਤੇ ਹਨ। ਜਿਸ ਵਿੱਚ 20 ਹਜ਼ਾਰ ਕਰੋੜ ਰੁਪਏ ਨਾਲ ਨਵੀਂ ਸੰਸਦ ਬਣਾਉਣਾ ਵੀ ਸ਼ਾਮਲ ਹੈ, ਜਦਕਿ ਲੋਕਾਂ ਦੀਆਂ ਜਾਨਾਂ ਜ਼ਿਆਦਾ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਅਰਾ ਸਬਕਾ ਸਾਥ, ਸਬਕਾ ਵਿਕਾਸ ਹੁਣ ਆਪਣਿਆਂ ਦਾ ਸਾਥ, ਬਾਕੀਆਂ ਦਾ ਵਿਨਾਸ਼ ਬਣ ਚੁੱਕਾ ਹੈ। ਦੇਸ਼ ਵਿਚ ਇਨ੍ਹਾਂ ਮਾੜੇ ਹਾਲਾਤਾਂ ਵਿੱਚ ਦਵਾਈਆਂ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ ਅਤੇ ਪੀਐਮ ਕੇਅਰਜ ਫੰਡ ਦਾ ਪੈਸਾ ਕਿੱਥੇ ਗਿਆ, ਪਤਾ ਨਹੀਂ ਚੱਲ ਰਿਹਾ। ਦੀਵਾਨ ਨੇ ਕਿਹਾ ਕਿ ਲੋਕ ਹੁਣ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਦਿਨ ਯਾਦ ਕਰਦੇ ਹਨ, ਜਦੋਂ ਪਟਰੋਲ ਦੇ ਉੱਪਰ ਐਕਸਾਈਜ਼ 9.48 ਰੁਪਏ ਸੀ, ਜਿਹੜੀ ਹੁਣ 32.98 ਰੁਪਏ ਹੋ ਚੁੱਕੀ ਹੈ। ਇਸੇ ਤਰ੍ਹਾਂ ਡੀਜ਼ਲ ਉਪਰ ਐਕਸਾਈਜ਼ 3.56 ਰੁਪਏ ਸੀ, ਜਿਹੜੀ ਹੁਣ 31.83 ਰੁਪਏ ਹੋ ਚੁੱਕੀ ਹੈ। ਇਸੇ ਤਰ੍ਹਾਂ, ਪਿਛਲੇ 70 ਸਾਲਾਂ ਦੌਰਾਨ ਜਿਹੜਾ ਸਰ੍ਹੋਂ ਦਾ ਤੇਲ 60 ਤੋਂ 70 ਰੁਪਏ ਪ੍ਰਤੀ ਲਿਟਰ ਵਿਕਦਾ ਸੀ, ਹੁਣ 200 ਰੁਪਏ ਨੂੰ ਪਹੁੰਚ ਚੁੱਕਾ ਹੈ, ਜਿਸ ਦਾ ਸਿੱਧਾ ਅਸਰ ਸਰ੍ਹੋਂ ਤੇਲ ਇਸਤੇਮਾਲ ਕਰਨ ਵਾਲੇ ਆਮ ਲੋਕਾਂ ਤੇ ਪਿਆ ਹੈ।