ਵਿਕਟੌਰੀਆ ਅੰਦਰ ਏਜਡ ਕੇਅਰ ਵਾਲੇ ਅਣਪਛਾਤੇ ਕਰੋਨਾ ਮਾਮਲੇ ਨਾਲ ਵਧੀ ਚਿੰਤਾ, 5 ਨਵੇਂ ਮਾਮਲੇ ਵੀ ਦਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਅੰਦਰ ਚਲਦੇ ਲਾਕਡਾਊਨ ਦੌਰਾਨ ਸਿਹਤ ਅਧਿਕਾਰੀਆਂ ਦੀ ਚਿੰਤਾ ਉਦੋਂ ਹੋਰ ਵਧਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਸਥਾਨਕ ਏਜਡ ਕੇਅਰ ਹੋਮ ਦੇ ਇੱਕ ਸਟਾਫ ਮੈਂਬਰ ਦੀ ਕਰੋਨਾ ਟੈਸਟ ਦੀ ਰਿਪੋਰਟ ਪਾਜ਼ਿਟਿਵ ਆਉਂਦੀ ਹੈ ਅਤੇ ਉਥੇ ਰਹਿ ਰਹੇ ਰਿਹਾਇਸ਼ੀਆਂ ਦਾ ਕਰੋਨਾ ਟੈਸਟ ਮੁੜ ਤੋਂ ਕਰਵਾਉਣ ਲਈ ਤਾਕੀਦ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਹੋਰ ਰਾਜ ਅੰਦਰ 5 ਨਵੇਂ ਕਰੋਨਾ ਦੇ ਸਥਾਨਕ ਸਥਾਨਾਂਤਰਣ ਦੇ ਮਾਮਲੇ ਵੀ ਦਰਜ ਕੀਤੇ ਜਾਂਦੇ ਹਨ।
ਸਿਹਤ ਅਧਿਕਾਰੀਆਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਉਕਤ ਨਵੇਂ 5 ਮਾਮਲੇ, ਰਾਜ ਅੰਦਰ ਕੀਤੇ ਗਏ 44,000 ਕਰੋਨਾ ਟੈਸਟਾਂ ਤੋਂ ਆਏ ਹਨ ਅਤੇ ਇਨ੍ਹਾਂ ਨਾਲ ਹੁਣ ਦੇ ਕਲਸਟਰ ਨਾਲ ਸਬੰਧਤ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਵੀ 45 ਹੋ ਗਈ ਹੈ। ਰਾਜ ਅੰਦਰ ਸ਼ੱਕੀ ਥਾਵਾਂ ਦੀ ਸੂਚੀ ਵੀ ਦਿਨ-ਬ-ਦਿਨ ਵੱਧਦੀ ਹੀ ਜਾ ਰਹੀ ਹੈ ਅਤੇ ਹੁਣ ਮੌਜੂਦਾ ਸਮੇਂ ਅੰਦਰ ਇਹ ਸੂਚੀ ਦਾ ਆਂਕੜਾ 270 ਤੇ ਪਹੁੰਚ ਗਿਆ ਹੈ ਅਤੇ ਇਨ੍ਹਾਂ ਦੀ ਜਾਣਕਾਰੀ ਸਰਕਾਰ ਦੀ ਵੈਬਸਾਈਟ https://www.coronavirus.vic.gov.au/exposure-sites ਉਪਰ ਜਾ ਕੇ ਲਈ ਜਾ ਸਕਦੀ ਹੈ।