ਇਕ ਸੀ ਸਪੋਰਟਸ ਕਾਲਜ ਜਲੰਧਰ

ਜਦ ਭਾਰਤ ਦੀ ਹਾਕੀ ਟੀਮ ਪਹਿਲੀ ਵਾਰ ਉਲੰਪਿਕ ਵਿਚੋਂ ਹਾਰ ਕੇ ਆਈ ਤਾਂ ਮੌਕੇ ਦੇ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਹੁਕਮ ਕੀਤਾ ਕਿ ਪੰਜਾਬ ਵਿਚ ਇਕ ਐਹੋ ਜਿਹਾ ਕਾਲਜ ਬਣਾਓ ਜਿੱਥੇ ਪੜਾਈ ਦੇ ਨਾਲ-ਨਾਲ ਉੱਚ-ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਨਤੀਜੇ ਵਜੋਂ 1966 ਵਿਚ ਜਲੰਧਰ ਵਿਖੇ ਕਪੂਰਥਲਾ ਰੋਡ ʼਤੇ ਸਪੋਰਟਸ ਸਕੂਲ ਤੇ ਸਪੋਰਟਸ ਕਾਲਜ ਦੀ ਸ਼ੁਰੂਆਤ ਹੋਈ। ਸਕੂਲ ਇਸ ਲਈ ਕਿ ਛੋਟੀ ਉਮਰ ਤੋਂ ਹੀ ਵਿਦਿਆਰਥੀ ਨੂੰ ਖੇਡਾਂ ਵੱਲ ਲਗਾ ਕੇ ਕਾਲਜ ਪਹੁੰਚਦੇ ਤੱਕ ਬਿਹਤਰੀਨ ਖਿਡਾਰੀ ਵਜੋਂ ਤਿਆਰ ਕੀਤਾ ਜਾ ਸਕੇ। ਕੈਰੋਂ ਸਾਹਿਬ ਦਾ ਸੁਪਨਾ ਸੱਚ ਹੋਇਆ। ਸਪੋਰਟਸ ਕਾਲਜ ਨੇ ਬਹੁਤ ਸਾਰੇ ਉਲੰਪੀਅਨ ਪੈਦਾ ਕੀਤੇ। ਵੱਖ-ਵੱਖ ਸੂਬਿਆਂ ਤੋਂ ਆ ਕੇ ਚੋਟੀ ਦੇ ਖਿਡਾਰੀ ਇਥੇ ਦਾਖ਼ਲਾ ਲੈਣ ਲੱਗੇ। ਸਾਰੇ ਕਾਲਜ ਸਪੋਰਟਸ ਕਾਲਜ ਦੀਆਂ ਟੀਮਾਂ ਤੋਂ ਡਰਦੇ ਸਨ। ਕਿਧਰੇ ਕੋਈ ਮੁਕਾਬਲਾ ਨਹੀਂ ਸੀ। ਸਪੋਰਟਸ ਕਾਲਜ ਦੀਆਂ ਟੀਮਾਂ ਅਕਸਰ ਫਾਈਨਲ ਜਿੱਤ ਕੇ ਮੁੜਦੀਆਂ ਸਨ।

ਫੇਰ ਇਕ ਸਮਾਂ ਉਹ ਆਇਆ, ਜਦ ਹਰੇਕ ਕਾਲਜ ਵਿਚ ਖੇਡ-ਵਿੰਗ ਖੁਲ੍ਹ ਗਏ। ਵੱਡੇ-ਵੱਡੇ ਪ੍ਰਾਈਵੇਟ ਕਾਲਜ ਖਿਡਾਰੀਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਦੇਣ ਲੱਗੇ। ਖ਼ਾਲਸਾ ਕਾਲਜ, ਡੀ.ਏ.ਵੀ. ਕਾਲਜ, ਦੁਆਬਾ ਕਾਲਜ ਦੇ ਕੋਚ ਸਪੋਰਟਸ ਕਾਲਜ ਦੇ ਖਿਡਾਰੀਆਂ ਨੂੰ ਆਪਣੇ ਕਾਲਜ ਦਾਖ਼ਲ ਕਰਨ ਲਈ ਸਿਰਤੋੜ ਯਤਨ ਕਰਦੇ। ਕਈ ਵਾਰ ਇਸ ਵਿਚ ਉਹ ਕਾਮਯਾਬ ਵੀ ਹੋ ਜਾਂਦੇ।

ਓਧਰ ਸਮੇਂ ਦੀਆਂ ਸਰਕਾਰਾਂ ਸਪੋਰਟਸ ਕਾਲਜ ਜਲੰਧਰ ਨੂੰ ਭੁੱਲ ਭੁਲਾ ਗਈਆਂ। ਨਾ ਇਮਾਰਤ ਨੂੰ ਅਤੇ ਨਾ ਕਲਾਸਾਂ ਕੋਰਸਾਂ ਨੂੰ ਕਦੇ ਅਪਡੇਟ ਕੀਤਾ। ਨਾ ਲੋੜੀਂਦਾ ਬੱਜਟ ਮੁਹੱਈਆ ਕਰਨ ਵੱਲ ਕਿਸੇ ਦਾ ਧਿਆਨ ਗਿਆ। ਕਾਲਜ ਲਈ ਖਿਡਾਰੀਆਂ ਦੀ ਭਰਤੀ ਖੇਡ ਵਿਭਾਗ ਕਰਦਾ ਸੀ। ਵੱਖ-ਵੱਖ ਖੇਡਾਂ ਲਈ 140 ਖਿਡਾਰੀਆਂ ਦਾ ਕੋਟਾ ਸੀ। ਇਹ ਗਿਣਤੀ ਹਰੇਕ ਸਾਲ ਘੱਟਦੀ ਗਈ। ਅਖ਼ੀਰ ਨੌਬਤ 30-35 ʼਤੇ ਪਹੁੰਚ ਗਈ। ਨਾ ਪੂਰੇ ਖਿਡਾਰੀਆਂ ਦੀ ਭਰਤੀ ਹੁੰਦੀ ਨਾ ਵਧੀਆ ਟੀਮ ਬਣਦੀ। ਸਪੋਰਟਸ ਸਕੂਲ ਵੀ ਬਾਗ਼ੀ ਹੋ ਗਿਆ। ਲੋੜ ਇਸ ਗੱਲ ਦੀ ਸੀ ਕਿ ਸਪੋਰਟਸ ਸਕੂਲ ਦੇ ਖਿਡਾਰੀ ਲਈ ਸਪੋਰਟਸ ਕਾਲਜ ਵਿਚ ਹੀ ਦਾਖ਼ਲਾ ਲੈਣਾ ਲਾਜ਼ਮੀ ਕਰਾਰ ਦਿੱਤਾ ਜਾਂਦਾ। ਪਰੰਤੂ ਖਿਡਾਰੀ ਸਕੂਲ ਵੱਲੋਂ ਖੇਡਣ ਬਾਅਦ ਹੋਰਨਾਂ ਪ੍ਰਾਈਵੇਟ ਕਾਲਜਾਂ ਵਿਚ ਜਾ ਦਾਖ਼ਲ ਹੁੰਦੇ। ਕੈਰੋ ਦਾ ਸੁਪਨਾ ਟੁੱਟਣ ਲੱਗਾ।

ਓਧਰ ਖਿਡਾਰੀਆਂ ਦੀਆਂ ਆਪ-ਹੁਦਰੀਆਂ ਅਤੇ ਲੜਾਈ ਝਗੜਿਆਂ ਕਾਰਨ ਕਾਲਜ ਦਾ ਅਕਸ ਖ਼ਰਾਬ ਹੋਣ ਲੱਗਾ। ਸ਼ਹਿਰ ਵਿਚ ਵਿਦਿਆਰਥੀਆਂ ਦੀ ਕਿਧਰੇ ਵੀ ਲੜਾਈ ਹੁੰਦੀ, ਨਾਂ ਸਪੋਰਟਸ ਕਾਲਜ ਦਾ ਵੱਜਦਾ। ਨਤੀਜੇ ਵਜੋਂ ਦਾਖ਼ਲਾ ਘੱਟਣ ਲੱਗਾ। ਟੀਮਾਂ ਦੀ ਕਾਰਗੁਜ਼ਾਰੀ ਡਿੱਗਣ ਲੱਗੀ। ਪੜ੍ਹਨ ਖੇਡਣ ਵਾਲਾ ਮਾਹੌਲ ਨਾ ਰਿਹਾ।

ਮੈਂ ਜਦ 1993 ਵਿਚ ਇਥੇ ਜ਼ਾਇਨ ਕੀਤਾ ਤਾਂ ਕੁਝ ਕਰਮਚਾਰੀ ਇਸ ਗੱਲੋਂ ਹੈਰਾਨ ਸਨ ਕਿ ਮੈਂ ਰੋਜ਼ਾਨਾ ਸਾਰੇ ਪੀਰੀਅਡ ਪੜਾਉਂਦਾ ਸਾਂ। ਹੌਲੀ-ਹੌਲੀ ਅਜਿਹੇ ਪ੍ਰੋਫੈਸਰਾਂ ਦੀ ਇਕ ਟੀਮ ਖੜੀ ਹੋ ਗਈ ਜਿਹੜੇ ਮਿਹਨਤ ਨਾਲ ਪੜ੍ਹਾਉਣ ਵਿਚ ਵਿਸ਼ਵਾਸ ਰੱਖਦੇ ਸਨ।

ਪ੍ਰੋ. ਕਰਮਜੀਤ ਕੌਰ ਚੌਧਰੀ ਜਦ ਇੱਥੇ ਹੀ ਪ੍ਰਿੰਸੀਪਲ ਪ੍ਰਮੋਟ ਹੋ ਗਏ ਤਾਂ ਉਨ੍ਹਾਂ ਇਸ ਕਾਲਜ ਨੂੰ ਮਜ਼ਬੂਤੀ ਪ੍ਰਦਾਨ ਕਰਨ ਖ਼ਾਤਰ ਪੂਰੀ ਵਾਹ ਲਾਈ। ਇਸਨੂੰ ਕੋ-ਐਜੂਕੇਸ਼ਨ ਕਰਵਾ ਕੇ ਵੱਡਾ ਹੰਭਲਾ ਮਾਰਿਆ। ਇਕ ਸਮਾਂ ਆ ਗਿਆ ਜਦ ਵਿਦਿਆਰਥੀਆਂ ਦੀ ਗਿਣੀ 1000 ਤੋਂ ਟੱਪ ਗਈ। ਬੈਠਾਉਣ ਲਈ ਕਮਰੇ ਘੱਟ ਗਏ। ਉਨ੍ਹਾਂ ਕੁਝ ਕਮਰਿਆਂ ਦੀ ਨਵੇਂ ਸਿਰਿਉਂ ਉਸਾਰੀ ਕਰਵਾ ਕੇ ਕਲਾਸਾਂ ਦੇ ਬੈਠਣ ਲਈ ਪ੍ਰਬੰਧ ਕਰ ਦਿੱਤੇ। ਚੰਗੀ ਚਹਿਲ-ਪਹਿਲ ਰਹਿਣ ਲੱਗੀ। ਵਿਦਿਅਕ ਤੇ ਖੇਡ ਸਰਗਰਮੀਆਂ ਹੋਣ ਲੱਗੀਆਂ। ਮੀਡੀਆ ਵਿਚ ਚਰਚਾ ਹੋਣ ਲੱਗੀ। ਲੋਕਾਂ ਦਾ ਵਿਸ਼ਵਾਸ ਬਹਾਲ ਹੋ ਗਿਆ। ਬੀ.ਏ. ਭਾਗ ਪਹਿਲਾ ਵਿਚ ਹੀ 400 ਤੋਂ ਵੱਧ ਵਿਦਿਆਰਥੀ ਦਾਖ਼ਲ ਹੋਣ ਲੱਗੇ। ਤਿੰਨ-ਚਾਰ ਸੈਕਸ਼ਨ ਬਨਾਉਣੇ ਪੈਂਦੇ।

ਅਫ਼ਸੋਸ ਅੱਜ ਸਪੋਰਟਸ ਕਾਲਜ ਜਲੰਧਰ ਦਾ ਕੋਈ ਵਜੂਦ ਨਹੀਂ। ਸਿਆਸਤ ਢਾਹ ਵੀ ਸਕਦੀ ਹੈ, ਸਿਆਸਤ ਬਣਾ ਵੀ ਸਕਦੀ ਹੈ, ਸਿਆਸਤ ਜੋੜ ਵੀ ਸਕਦੀ ਹੈ, ਸਿਆਸਤ ਤੋੜ ਵੀ ਸਕਦੀ ਹੈ।

ਇਕ ਵਾਰ ਫੇਰ ਪਿੱਛੇ ਜਾਣਾ ਪਵੇਗਾ, 2012-13 ਵਿਚ, ਯੁੱਗ ਵੱਸਦਾ ਸਪੋਰਟਸ ਕਾਲਜ ਜਲੰਧਰ।  ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ। ਪ੍ਰਿੰਸੀਪਲਾਂ ਦੀ ਮੀਟਿੰਗ ਲਈ ਉਨ੍ਹਾਂ ਨੂੰ ਚੰਡੀਗੜ੍ਹ ਸੱਦਿਆ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੈਰੀਟੋਰੀਅਸ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਚਲ ਰਹੀਆਂ ਸਨ। ਕੇਂਦਰ ਸਰਕਾਰ ਦੀ ਯੋਜਨਾ ਸੀ। ਪੈਸਾ ਕੇਂਦਰ ਸਰਕਾਰ ਨੇ ਲਾਉਣਾ ਸੀ। ਜ਼ਮੀਨ ਪੰਜਾਬ ਸਰਕਾਰ ਨੇ ਮੁਹੱਈਆ ਕਰਨੀ ਸੀ। ਪੰਜਾਬ ਸਰਕਾਰ ਏਧਰ ਓਧਰ ਨਜ਼ਰਾਂ ਦੌੜਾ ਰਹੀ ਸੀ। ਜ਼ਮੀਨ ਢੂੰਢਣ, ਪ੍ਰਾਪਤ ਕਰਨ ਦਾ ਕੰਮ ਮੁਖ-ਮੰਤਰੀ ਨੇ ਆਪਣੇ ਹੱਥ ਲਿਆ ਹੋਇਆ ਸੀ। ਜਲੰਧਰ ਵਿਚ ਜਗ੍ਹਾ ਦਾ ਇੰਤਜ਼ਾਮ ਨਹੀਂ ਹੋ ਰਿਹਾ ਸੀ। ਚਾਹੀਦਾ ਇਹ ਸੀ ਕਿ ਸ਼ਹਿਰ ਦੇ ਬਾਹਰਵਾਰ ਖੁੱਲ੍ਹੀ ਥਾਂ ਲੈ ਕੇ ਸਕੂਲ ਉਸਾਰਿਆ ਜਾਂਦਾ। ਬੱਚਿਆਂ ਨੇ ਹੋਸਟਲ ਵਿਚ ਰਹਿਣਾ ਸੀ। ਕੋਈ ਮੁਸ਼ਕਲ ਨਹੀਂ ਆਉਣੀ ਸੀ।

ਕਿਸੇ ਨੇ ਬਾਦਲ ਸਾਹਿਬ ਦੇ ਕੰਨ ਵਿਚ ਫ਼ੂਕ ਮਾਰ ਦਿੱਤੀ ਕਿ ਸਪੋਰਟਸ ਕਾਲਜ ਜਲੰਧਰ ਕੋਲ ਬਹੁਤ ਜਗ੍ਹਾ ਹੈ। ਮੀਟਿੰਗ ਵਿਚ ਬਾਦਲ ਸਾਹਿਬ ਨੇ ਪ੍ਰਿੰਸੀਪਲ ਮੈਡਮ ਡਾ. ਪਰਮਜੀਤ ਕੌਰ ਜੱਸਲ ਨੂੰ ਪੁੱਛਿਆ, “ਬੀਬਾ ਤੁਹਾਡੇ ਕਾਲਜ ਕੋਲ ਕਿੰਨੀ ਜ਼ਮੀਨ ਹੈ?” “43 ਏਕੜ” ਮੈਡਮ ਦਾ ਸੰਖੇਪ ਜਵਾਬ ਸੀ। “ਬੀਬਾ ਸੁਣਿਆ ਨਹੀਂ। ਐਧਰ ਨੇੜੇ ਆ ਕੇ ਦੱਸੋ।” ਬਾਦਲ ਸਾਹਿਬ ਨੇ ਤੁਰੰਤ ਕਿਹਾ। ਪ੍ਰਿੰਸੀਪਲ ਮੈਡਮ ਨੇੜੇ ਗਏ। ਦੱਸਿਆ ਕਿ, “ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਕੋਲ ਕਾਗਜ਼ਾਂ ਮੁਤਾਬਕ 43 ਏਕੜ ਜਗ੍ਹਾ ਹੈ।” “ਠੀਕ ਹੈ ਬੀਬਾ ਮੈਂ ਕਿਸੇ ਦਿਨ ਆਵਾਂਗਾ।” ਬਾਦਲ ਸਾਹਿਬ ਨੇ ਗੱਲ ਨਬੇੜੀ ਅਤੇ ਸਪੋਰਟਸ ਕਾਲਜ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ।

ਹਫ਼ਤੇ ਬਾਅਦ ਸ਼ਾਮ 4-5 ਵਜੇ ਬਾਦਲ ਸਾਹਿਬ ਦਾ ਹੈਲੀਕਾਪਟਰ ਪੀ.ਏ.ਪੀ. ਗਰਾਊਂਡ ਵਿਚ ਉਤਰਿਆ। ਗੱਡੀਆਂ ਦਾ ਕਾਫ਼ਲਾ ਕਾਲਜ ਦੇ ਪਿੱਛੇ ਟਰੈਕ ਕੋਲ ਖੁੱਲ੍ਹੀ ਜਗ੍ਹਾ ਜਾ ਰੁਕਿਆ। ਪ੍ਰਿੰਸੀਪਲ ਮੈਡਮ ਨੇ ਮੈਨੂੰ ਨਾਲ ਲਿਆ। ਅਸੀਂ ਕਾਹਲੀ-ਕਾਹਲੀ ਪਿਛਲੇ ਪਾਸੇ ਪੁੱਜੇ। ਗੱਡੀ ʼਚੋਂ ਉੱਤਰਦਿਆਂ ਦਾ ਬਾਦਲ ਸਾਹਿਬ ਦਾ ਸੁਆਗਤ ਕੀਤਾ। “ਬੀਬਾ ਤੁਸੀਂ ਓ ਪ੍ਰਿੰਸੀਪਲ ਇੱਥੇ, ਆਓ ਵੇਖੀਏ।” ਪ੍ਰਿੰਸੀਪਲ ਮੈਡਮ ਦਾ ਜਵਾਬ ਉਡੀਕੇ ਬਗ਼ੈਰ ਹੀ ਮੁੱਖ ਮੰਤਰੀ ਵੱਡੇ-ਵੱਡੇ ਕਦਮ ਪੁੱਟਦੇ ਖੁਲ੍ਹੀ ਖਾਲੀ ਜਗ੍ਹਾ ਵੱਲ ਹੋ ਤੁਰੇ। ਕਾਲਜ ਦੇ ਪਿਛਲੇ ਪਾਸੇ ਖ਼ਾਲੀ ਪਈ ਜਗ੍ਹਾ ਮੈਰੀਟੋਰੀਅਸ ਸਕੂਲ ਲਈ ਬਾਦਲ ਸਾਹਿਬ ਨੂੰ ਵਿਖਾਈ ਗਈ। ਪ੍ਰਿੰਸੀਪਲ ਮੈਡਮ ਦਾ ਸੁਝਾਅ ਸੀ ਕਿ ਪਿਛਲੇ ਪਾਸੇ ਟਰੈਕ ਦੇ ਖੱਬੇ ਹੱਥ ਜਾਂ ਪਟਵਾਰਖਾਨੇ ਵੱਲ ਕਾਲਜ ਦੀ ਖ਼ਾਲੀ ਪਈ ਜ਼ਮੀਨ ʼਤੇ ਸਕੂਲ ਦੀ ਇਮਾਰਤ ਬਣਾ ਲਈ ਜਾਵੇ। ਪ੍ਰਿੰਸੀਪਲ ਮੈਡਮ ਦਾ ਇਸ਼ਾਰਾ ਸਮਝਦਿਆਂ ਮੁੱਖ ਮੰਤਰੀ ਸਾਹਿਬ ਨੇ ਕਿਹਾ, “ਬੀਬਾ ਅਸੀਂ ਤੁਹਾਨੂੰ ਡਿਸਟਰਬ ਨਹੀਂ ਕਰਨਾ। ਬੱਸ ਸਕੂਲ ਬਨਾਉਣਾ ਹੈ।” ਇਹ ਗੱਲ ਬਹੁਤ ਸਾਰੇ ਲੋਕਾਂ ਨੇ ਸੁਣੀ ਜਿਹੜੇ ਨਾਲ-ਨਾਲ ਤੁਰ ਰਹੇ ਸਨ।

ਕਾਫ਼ਲਾ ਪ੍ਰਿੰਸੀਪਲ ਦਫ਼ਤਰ ਪੁੱਜਿਆ। ਚਾਹ ਪਾਣੀ ਪੀਤਾ। ਸਥਾਨਕ ਅਫ਼ਸਰਾਂ, ਅਧਿਕਾਰੀਆਂ ਨੇ ਮੇਜ਼ ʼਤੇ ਨਕਸ਼ੇ ਖਿਲਾਰ ਕੇ ਕਾਲਜ ਇਮਾਰਤ ਬਾਰੇ, ਖਾਲ੍ਹੀ ਜਗ੍ਹਾ ਬਾਰੇ ਸਮਝਾਇਆ। ਤਸੱਲੀ ਕਰਕੇ ਬਾਦਲ ਸਾਹਿਬ ਦਾ ਕਾਫ਼ਲਾ ਪਰਤ ਗਿਆ। ਸ਼ਾਮ ਹੋ ਗਈ ਸੀ। ਪਤਾ ਲੱਗਾ ਮੁੱਖ ਮੰਤਰੀ ਜਲੰਧਰ ਹੀ ਰੁਕਣਗੇ। ਸਰਕਟ ਹਾਊਸ।

ਅਗਲੇ ਦਿਨ ਸਵੇਰੇ ਮੈਂ ਕਾਲਜ ਪੁੱਜਿਆ ਤਾਂ ਪ੍ਰਿੰਸੀਪਲ ਮੈਡਮ ਨੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਦੱਸਿਆ, “ਮੈਨੂੰ ਤੜਕੇ ਸਵੇਰੇ ਹੀ ਫੋਨ ਆ ਗਿਆ ਸੀ ਕਿ 7.30 ਵਜੇ ਸਰਕਟ ਹਾਊਸ ਜਲੰਧਰ ਪਹੁੰਚੋ। ਸੀ ਐਮ ਸਾਹਿਬ ਨਾਲ ਮੀਟਿੰਗ ਹੈ।” ਮੈਡਮ ਮੀਟਿੰਗ ਲਈ ਪਹੁੰਚੇ ਤਾਂ ਕਲ੍ਹ ਵਾਲੇ ਸਾਰੇ ਅਫ਼ਸਰ ਤੇ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿਚ ਪ੍ਰਿੰਸੀਪਲ ਨੇ ਬਹੁਤ ਸਮਝਾਇਆ ਕਿ ਕਾਲਜ ਨੂੰ ਜਿਵੇਂ ਹੈ ਉਵੇਂ ਰਹਿਣ ਦਿਓ। ਸਕੂਲ ਪਿਛਲੇ ਪਾਸੇ ਜਿੱਥੇ ਮਰਜ਼ੀ ਬਣਾ ਲਓ। ਪਰ ਉਨ੍ਹਾਂ ਦੀ ਕਿਸੇ ਨਾ ਸੁਣੀ। ਮੀਟਿੰਗ ਮੁੱਕੀ ਤਾਂ ਮੁਖ ਮੰਤਰੀ ਸਾਹਿਬ ਹੈਲੀਕਾਪਟਰ ʼਤੇ ਚੰਡੀਗੜ੍ਹ ਚਲੇ ਗਏ ਅਤੇ ਅਫ਼ਸਰ ਅਧਿਕਾਰੀ ਨਕਸ਼ਾ ਬਨਾਉਣ ਵਿਚ ਰੁੱਝ ਗਏ।

ਕੁਝ ਦਿਨਾਂ ਬਾਅਦ ਇਕ ਪੱਤਰ ਆਇਆ। ਲਿਖਿਆ ਸੀ, “ਆਪਣਾ ਸਮਾਨ ਚੁੱਕੋ ਅਤੇ ਕਾਲਜ ਦੀ ਇਮਾਰਤ ਖਾਲੀ ਕਰੋ। ਇਸਨੂੰ ਢਾਇਆ ਜਾਣਾ ਹੈ।” ਕਾਲਜ ਅਥਾਰਟੀ ਨੂੰ ਭਾਜੜਾਂ ਪੈ ਗਈਆਂ। ਸਮਾਨ ਕਿੱਥੇ ਜਾਵੇਗਾ। ਕਲਾਸਾਂ ਕਿੱਥੇ ਲੱਗਣਗੀਆਂ।

ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਕਿਸੇ ਪੁਰਾਣੀ ਇਮਾਰਤ ਵਿਚ ਸ਼ਿਫ਼ਟ ਕਰ ਜਾਣ ਦੀ ਸਲਾਹ ਦਿੱਤੀ ਗਈ ਸੀ ਜਿਸਨੂੰ ਅਸਵੀਕਾਰ ਕਰ ਦਿੱਤਾ ਗਿਆ। ਸਾਡੀ ਰਾਏ ਸੀ ਕਿ ਇਕ ਵਾਰ ਇਥੋਂ ਸਮਾਨ ਚੁੱਕ ਕੇ ਨਿਕਲ ਗਏ ਤਾਂ ਵਾਪਿਸ ਆਉਣਾ ਮੁਸ਼ਕਲ ਹੋ ਜਾਵੇਗਾ। ਪ੍ਰਿੰਸੀਪਲ ਪਰਮਜੀਤ ਕੌਰ ਜੱਸਲ ਨੇ ਤੱਤਫਟ ਫੈਸਲਾ ਲੈਂਦਿਆਂ ਕੈਂਪਸ ਵਿਚ ਹੀ ਸਵਿੰਮਿੰਗ ਪੂਲ ਦੇ ਨਾਲ ਪੁਰਾਣੇ ਖ਼ਸਤਾਹਾਲ ਜ਼ਿਮਨੇਜ਼ੀਅਮ ਹਾਲ ਅਤੇ ਉਸਦੇ ਕਮਰਿਆਂ ਦੀ ਸਫ਼ਾਈ ਕਰਵਾ ਕੇ ਆਰਜ਼ੀ ਤੌਰ ʼਤੇ ਉਥੇ ਚਲੇ ਜਾਣ ਦਾ ਨਿਰਣਾ ਲੈ ਲਿਆ। ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਟਰਾਲੀਆਂ ਰੇਹੜੀਆਂ ਵਿਚ ਲੱਦਿਆ ਗਿਆ। ਅਸੀਂ ਰੋਜ਼ ਇਹ ਮੰਜ਼ਿਰ ਵੇਖਦੇ, ਉਦਾਸ ਹੁੰਦੇ, ਆਪਣੇ ਫੋਨ ਵਿਚ ਤਸਵੀਰਾਂ ਸਾਂਭਦੇ ਰਹਿੰਦੇ।

ਹੁਣ ਇਕ ਪਾਸੇ ਮੈਰੀਟੋਰੀਅਸ ਸਕੂਲ ਦੀਆਂ ਨੀਹਾਂ ਭਰੀਆਂ ਜਾ ਰਹੀਆਂ ਸਨ। ਦੂਸਰੇ ਪਾਸੇ ਸਪੋਰਟਸ ਕਾਲਜ ਦੀ ਇਤਿਹਾਸਕ ਇਮਾਰਤ ਢਹਿ ਢੇਰੀ ਹੋ ਰਹੀ ਸੀ। ਮੁਖ ਸੜਕ ਤੋ 500-600 ਫੁੱਟ ਪਿਛੇ ਜਾ ਕੇ ਯੂ ਸ਼ਕਲ ਵਿਚ ਬਣੀ ਇਸ ਇਮਾਰਤ ਦੀ ਆਪਣੀ ਦਿੱਖ, ਆਪਣਾ ਪ੍ਰਭਾਵ ਸੀ। ਸਾਦਾ ਤੇ ਆਕਰਸ਼ਕ। ਮੈਂ ਉਦਾਸ ਮਨ ਨਾਲ ਰੋਜ਼ ਇਸਨੂੰ ਢਹਿੰਦੀ ਤੱਕਦਾ। ਵਿਹਲੇ ਪੀਰੀਅਡ ਵਿਚ ਇਕ ਗੇੜਾ ਲਾਉਂਦਾ। ਕੁਝ ਤਸਵੀਰਾਂ ਖਿੱਚਦਾ ਤੇ ਵਾਪਿਸ ਪੁਰਾਣੀ ਖ਼ਸਤਾਹਾਲ ਇਮਾਰਤ ਵਿਚ 10×10 ਦੇ ਸਟਾਫ਼ ਰੂਮ ਵਿਚ ਅਣਚਾਹੇ ਮਨ ਨਾਲ ਆ ਬੈਠਦਾ। ਜਿਵੇਂ-ਜਿਵੇਂ ਮੈਰੀਟੋਰੀਅਮ ਸਕੂਲ ਦੀਆਂ ਕੰਧਾਂ ਉਪਰ ਜਾ ਰਹੀਆਂ ਸਨ, ਤਿਵੇਂ-ਤਿਵੇਂ ਸਪੋਰਟਸ ਕਾਲਜ ਦੀਆਂ ਕੰਧਾਂ ਹੇਠਾਂ ਆ ਰਹੀਆਂ ਸਨ।

ਹੁਣ ਮੈਰੀਟੋਰੀਅਸ ਸਕੂਲ ਤਿਆਰ ਸੀ। ਵਿਦਿਆਰਥੀਆਂ ਦੀ ਚਹਿਲ ਪਹਿਲ ਸੀ। ਇਕ ਦਿਨ ਅਚਨਚੇਤ ਅੱਗੇ ਜਾਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਕੂਲ ਵੇਖਣ ਆ ਗਏ। ਅਧਿਆਪਕਾਂ ਨੂੰ ਮਿਲੇ। ਵਿਦਿਆਰਥੀਆਂ ਨਾਲ ਗੱਲਾਂ ਬਾਤਾਂ ਕੀਤੀਆਂ। ਫੇਰ ਚੇਤਾ ਆਇਆ ਇਥੇ ਇਕ ਕਾਲਜ ਹੁੰਦਾ ਸੀ। ਉਹ ਕਿੱਥੇ ਗਿਆ? ਅਫ਼ਸਰ ਅਧਿਕਾਰੀ ਉਨ੍ਹਾਂ ਨੂੰ ਖ਼ਸਤਾ ਹਾਲ ਇਮਾਰਤ ਵਿਚ ਲੈ ਆਏ। ਉਸ ਦਿਨ ਪ੍ਰਿੰਸੀਪਲ ਛੁੱਟੀ ʼਤੇ ਸਨ। ਮੀਟਿੰਗ ਲਈ ਚੰਡੀਗੜ੍ਹ ਗਏ ਸਨ। ਮੈਂ ਕਿਹਾ ਮੁੱਖ ਮੰਤਰੀ ਸਾਹਿਬ ਨੂੰ ਸਟਾਫ਼ ਰੂਮ ਵਿਚ ਬਿਠਾ ਲੈਂਦੇ ਹਾਂ। ਸਟਾਫ਼ ਮੈਂਬਰਾਂ ਨਾਲ ਗੱਲਬਾਤ ਹੋ ਜਾਵੇਗੀ। ਪ੍ਰਿੰਸੀਪਲ ਦਫ਼ਤਰ ਪਹਿਲੀ ਮੰਜ਼ਿਲ ʼਤੇ ਸੀ ਅਤੇ ਉਨ੍ਹਾਂ ਪੌੜੀਆਂ ਨਹੀਂ ਚੜ੍ਹਨੀਆਂ ਸਨ।

ਜਦ ਕਾਫ਼ਲਾ ਪਹੁੰਚਿਆ ਤਾਂ ਮੈਂ ਕਲਾਸ ਵਿਚ ਪੜ੍ਹਾ ਰਿਹਾ ਸਾਂ। ਮੇਰੇ ਪਹੁੰਚਣ ਤੋਂ ਪਹਿਲਾਂ ਸੀਨੀਅਰ ਮੈਡਮ ਮੁੱਖ ਮੰਤਰੀ ਨੂੰ ਕੰਪਿਊਟਰ ਵਿਭਾਗ ਦੇ ਦਫ਼ਤਰ (ਜਿਸਦਾ ਆਕਾਰ 7×10 ਦਾ ਹੋਵੇਗਾ) ਵਿਚ ਲੈ ਗਏ। ਉਥੇ ਮੁੱਖ ਮੰਤਰੀ ਦੇ ਬੈਠਣ ਲਈ ਕੋਈ ਢੁੱਕਵੀਂ ਕੁਰਸੀ ਵੀ ਨਹੀਂ ਸੀ। ਬਾਦਲ ਸਾਹਿਬ ਦਾ ਪਹਿਲਾ ਸਵਾਲ ਸੀ, “ਤੁਸੀਂ ਕਲਾਸਾਂ ਕਿੱਥੇ ਲਾਉਂਦੇ ਹੋ?” “ਇੱਥੇ ਹੀ ਲਾਉਂਦੇ ਹਾਂ।” ਅਸੀਂ ਤੁਰੰਤ ਜਵਾਬ ਦਿੱਤਾ। ਉਸ ਦਿਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਪੋਰਟਸ ਕਾਲਜ ਘਰੋਂ ਬੇਘਰ ਹੋ ਗਿਆ ਹੈ।

ਉਨ੍ਹਾਂ ਚੰਡੀਗੜ੍ਹ ਜਾ ਕੇ ਕਾਲਜ ਦੀ ਨਵੀਂ ਇਮਾਰਤ ਸੰਬੰਧੀ ਚਲ ਰਹੀ ਕਾਗਜ਼ੀ ਕਾਰਵਾਈ ਨੂੰ ਤੇਜ਼ ਕੀਤਾ। ਸਿੱਖਿਆ ਮੰਤਰੀ ਨੂੰ ਚੌਕਸ ਕੀਤਾ। ਕਾਲਜ ਦੇ ਪਿਛਲੇ ਪਾਸੇ ਇਕ ਨੁੱਕਰ ਵਿਚ, ਜਿੱਥੇ ਅਸੀਂ ਸਕੂਲ ਬਨਾਉਣ ਲਈ ਕਹਿ ਰਹੇ ਸਾਂ, ਉਥੇ ਕਾਲਜ ਦੀ ਨਵੀਂ ਬਿਲਡਿੰਗ ਦੀਆਂ ਨੀਹਾਂ ਭਰੀਆਂ ਜਾਣ ਲੱਗੀਆਂ। ਹੁਣ ਮੈਂ ਰੋਜ਼ਾਨਾ ਵਿਹਲੇ ਪੀਰੀਅਡ ਵਿਚ ਕਾਲਜ ਦੀ ਨਵੀਂ ਇਮਾਰਤ ਨੂੰ ਧਰਤੀ ਵਿਚੋਂ ਉਗਦਾ, ਉਸਰਦਾ ਵੇਖਣ ਜਾਂਦਾ। ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਇਮਾਰਤ ਉਸਾਰੀ ਦੇ ਕਾਰਜ ਦਾ ਮੁਆਇਨਾ ਕਰਨ ਆਉਂਦੇ। ਅਸੀਂ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸੁਆਗਤ ਕਰਦੇ। ਪਰ ਅੰਦਰੋਂ ਡਾਹਢੇ ਮਾਯੂਸ, ਡਾਹਢੇ ਉਦਾਸ ਹੁੰਦੇ। ਮੈਂ ਉਨ੍ਹਾਂ ਦੇ ਨਾਲ ਖੜਾ ਸਾਂ। ਉਨ੍ਹਾਂ ਅਫ਼ਸਰਾਂ, ਅਧਿਕਾਰੀਆਂ ਨੂੰ ਹੁਕਮ ਦਿੱਤਾ, “ਕਾਲਜ ਬਿਲਡਿੰਗ ਦਾ ਸਾਰਾ ਕੰਮ ਇਕ ਮਹੀਨੇ ਵਿਚ ਕੰਪਲੀਟ ਕਰੋ ਤਾਂ ਜੋ ਨਵਾਂ ਸੈਸ਼ਨ ਇਥੇ ਆਰੰਭ ਹੋ ਸਕੇ।”

ਨਵਾਂ ਸੈਸ਼ਨ ਉਸੇ ਖਸਤਾ ਹਾਲ ਇਮਾਰਤ ਵਿਚ ਸ਼ੁਰੂ ਹੋ ਚੁੱਕਾ ਸੀ। ਮੇਰੇ ਕੰਨਾਂ ਵਿਚ ਮੰਤਰੀ ਸਾਹਿਬ ਦੇ ਬੋਲ ਗੂੰਜ ਰਹੇ ਸਨ। ਠੇਕੇਦਾਰ ਰੁੱਸ ਗਿਆ ਸੀ। ਪੇਮੈਂਟ ਨਹੀਂ ਮਿਲੀ ਸੀ। ਉਸਨੇ ਕੰਮ ਰੋਕ ਦਿੱਤਾ ਸੀ।

ਕਾਲਜ ਨਵੀਂ ਬਿਲਡਿੰਗ ਵਿਚ ਸ਼ਿਫਟ ਹੋ ਗਿਆ। ਸਟਾਫ਼ ਖੁਸ਼। ਵਿਦਿਆਰਥੀ ਖੁਸ਼। ਅਖ਼ਬਾਰਾਂ ਵਿਚ ਖ਼ਬਰ ਛਪੀ। ਸਪੋਰਟਸ ਕਾਲਜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲੋਂ ਤੋੜ ਕੇ ਪਟਿਆਲਾ ਵਿਚ ਖੁੱਲ੍ਹਣ ਵਾਲੀ ਨਵੀਂ ਖੇਡ ਯੂਨੀਵਰਸਿਟੀ ਨਾਲ ਜੋੜ ਦਿੱਤਾ ਗਿਆ ਹੈ। ਸਪੋਰਟਸ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬੂਟਾ ਮੰਡੀ ਜਲੰਧਰ ਵਿਚ ਬਣ ਰਹੇ ਨਵੇਂ ਕਾਲਜ ਵਿਚ ਭੇਜ ਦਿੱਤਾ ਜਾਵੇਗਾ। ਕਿਉਂਕਿ ਅਜੇ ਨਵੇਂ ਕਾਲਜ ਦੀ ਇਮਾਰਤ ਨਹੀਂ ਬਣੀ। ਇਸ ਲਈ ਓਨੀ ਦੇਰ ਸਟਾਫ਼ ਅਤੇ ਵਿਦਿਆਰਥੀ ਇੱਥੇ ਹੀ ਗੁਜ਼ਾਰਾ ਕਰਨਗੇ।

ਇਵੇਂ ਮਾਣਮੱਤੇ ਇਤਿਹਾਸ ਵਾਲੀ ਇਕ ਖੇਡ ਸੰਸਥਾ ਮਰਦੀ ਮਰਦੀ ਮਰ ਗਈ। ਜਲੰਧਰ ਸਿੱਖਿਆ ਦਾ ਕੇਂਦਰ ਹੈ, ਮੀਡੀਆ-ਹੱਬ ਹੈ, ਸਿਆਸਤ ਦਾ ਧੁਰਾ ਹੈ, ਖਿਡਾਰੀਆਂ ਦਾ ਗੜ੍ਹ ਹੈ, 1800 ਕਰੋੜ ਦੀ ਸਪੋਰਟਸ ਇੰਡਸਟਰੀ ਹੈ, ਇਥੋਂ ਪੜ੍ਹੇ ਖਿਡਾਰੀ ਦੁਨੀਆਂ ਭਰ ਵਿਚ ਫੈਲੇ ਹਨ। ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਕਿੰਨੇ ਸੁਆਰਥੀ, ਕਿੰਨੇ ਨਾਸ਼ੁਕਰੇ ਹੋ ਗਏ ਹਾਂ ਅਸੀਂ।

(ਛਪ ਰਹੀ ‘ਮੀਡੀਆ ਸਵੈ-ਜੀਵਨੀ’ ਵਿਚੋਂ)

(ਪ੍ਰੋ. ਕੁਲਬੀਰ ਸਿੰਘ) +91 9417153513