ਬੈਂਕਾਂ ਦੇ ਰਲੇਵੇਂ ਅਤੇ ਕੋਵਿਡ ਕਾਰਨ ਘਟਾਏ ਕੰਮ ਦੇ ਸਮੇਂ ਨਾਲ ਬੈਂਕਾਂ ਅੱਗੇ ਲੱਗਦੀਆਂ ਵੱਡੀਆਂ ਭੀੜਾਂ

ਕੋਰੋਨਾਂ ਘਟਣ ਦੀ ਬਜਾਏ ਜਿਆਦਾ ਫੈਲਣ ਦਾ ਡਰ

(ਸਾਦਿਕ ਦੇ ਇਕ ਬੈਂਕ ਅੱਗੇ ਜੁੜੀ ਗਾਹਕਾਂ ਦੀ ਭੀੜ ਦਾ ਦ੍ਰਿਸ਼ -ਤਸਵੀਰ ਗੁਰਭੇਜ ਸਿੰਘ ਚੌਹਾਨ)

ਸਾਦਿਕ -ਸਰਕਾਰ ਵਲੋਂ ਪਿਛਲੇ ਸਾਲ ਤੋਂ ਕੋਵਿਡ ਸਬੰਧੀ ਹਦਾਇਤਾਂ ਨੂੰ ਲੈ ਕੇ ਇਸ ਸਾਲ ਵੀ ਬੈਂਕਾਂ ਅੱਗੇ ਗਾਹਕਾਂ ਦੀਆਂ ਵੱਡੀਆਂ ਭੀੜਾਂ ਲੱਗੀਆਂ ਰਹਿੰਦੀਆਂ ਹਨ। ਇਸਦਾ ਇਕ ਵੱਡਾ ਕਾਰਨ ਤੋਾਂ ਇਹ ਹੋਇਆ ਕਿ ਸਰਕਾਰ ਨੇ 10 ਸਰਕਾਰੀ ਬੈਂਕਾਂ, ਜਿਸ ਵਿਚ ਯੂਨਾਈਟਿਡ ਬੈਂਕ ਆਫ ਇੰਡੀਆ, ਉਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਨੈਸ਼ਨਲ ਬੈਂਕ, ਸਿੰਡੀਕੇਟ ਬੈਂਕ, ਕੇਨਰਾ ਬੈਂਕ, ਇਲਾਹਾਬਾਦ ਬੇਂਕ, ਇੰਡੀਅਨ ਬੈਂਕ, ਆਂਧਰਾ ਬੈਂਕ, ਕੋਆਪਰੇਸ਼ਨ ਬੈਂਕ ਅਤੇ ਯੂਨਾਈਟਿਡ ਬੈਂਕ ਆਫ ਇੰਡੀਆਂ ਆਦਿ ਬੈਂਕਾਂ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਮਰਜ ਕਰ ਦਿੱਤਾ ਹੈ ਅਤੇ ਐਸ ਬੀ ਆਈ ਵਿਚ ਬੈਂਕ ਆਫ ਬੜੋਦਾ, ਯੂਨੀਅਨ ਬੈਂਕ ਆਫ ਇੰਡੀਆ, ਇੰਡੀਅਨ ਬੈਂਕ ਆਦਿ ਮਰਜ ਕਰ ਦਿੱਤੇ ਹਨ। ਜਿਸ ਕਾਰਨ ਹਰ ਕਸਬੇ ਹਰ ਸ਼ਹਿਰ ਵਿਚ ਬੈਂਕਾਂ ਦੀਆਂ ਬਰਾਂਚਾਂ ਘੱਟ ਰਹਿ ਗਈਆਂ ਅਤੇ ਗਾਹਕਾਂ ਦੀ ਗਿਣਤੀ ਦਿਨ ਬਦਿਨ ਵਧਦੀ ਜਾ ਰਹੀ ਹੈ। ਇਸਦਾ ਨਤੀਜਾ ਇਹ ਹੋਇਆ ਕਿ ਬੈਂਕਾਂ ਦੇ ਅੰਦਰ ਤੇ ਬਾਹਰ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸਦੇ ਨਾਲ ਹੀ ਹੁਣ ਪਿਛਲੇ ਸਮੇਂ ਤੋਂ ਕੋਵਿਡ ਦੇ ਕੇਸ ਵਧ ਜਾਣ ਕਾਰਨ ਸਰਕਾਰ ਨੇ ਬੈਂਕਾਂ ਦੇ ਕੰਮ ਕਰਨ ਦਾ ਸਮਾਂ ਘਟਾਕੇ 10- 2 ਵਜੇ ਤੱਕ ਕਰ ਦਿੱਤਾ ਹੈ, ਜਿਸ ਨਾਲ ਭੀੜ ਹੋਰ ਵੀ ਜਿਆਦਾ ਵਧਣੀ ਸ਼ੁਰੂ ਹੋ ਗਈ ਹੈ ਕਿਉਂ ਕਿ ਹਰ ਗਾਹਕ ਚਾਹੁੰਦਾ ਹੈ ਕਿ ਉਸਦਾ ਕੰਮ ਹੋ ਜਾਵੇ। ਅੱਜ ਕੱਲ੍ਹ ਫਸਲ ਵੇਚਣ ਦਾ ਸੀਜਨ ਹੋਣ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਬੈਂਕਾਂ ਤੋਂ ਆਪਣੀ ਵੱਟਕ ਦੇ ਲੈਣ ਦੇਣ ਅਤੇ ਬੇਂਕ ਤੋਂ ਲਏ ਕਰਜ਼ ਦਾ ਲੈਣ ਦੇਣ ਕਰਨ ਕਾਰਨ ਅਤੇ ਇਸਦੇ ਨਾਲ ਹੀ ਪੈਨਸ਼ਨਾਂ ਲੈਣ ਵਾਲੇ ਬਜ਼ੁਰਗਾਂ ਦੀ ਭੀੜ ਤੋਂ ਇਲਾਵਾ ਆਮ ਲੈਣ ਦੇਣ ਵਾਲੇ ਗਾਹਕਾਂ ਕਾਰਨ ਬੈਂਕਾਂ ਅੱਗੇ ਹੋਰ ਵੱਡੀਆਂ ਭੀੜਾਂ ਜੁੜਨ ਲੱਗ ਗਈਆਂ ਹਨ। ਗਰਮੀ ਦੇ ਮੌਸਮ ਕਾਰਨ ਬਾਹਰ ਖੜ੍ਹੇ ਲੋਕਾਂ ਲਈ ਛਾਂ, ਪਾਣੀ ਅਤੇ ਬੈਠਣ ਦੇ ਪ੍ਰਬੰਧ ਵੀ ਬੈਂਕਾਂ ਵਲੋਂ ਕੀਤੇ ਤਾਂ ਜਾਂਦੇ ਹਨ ਪਰ ਉਹ ਕਾਫੀ ਨਹੀਂ ਹੁੰਦੇ। ਦੂਸਰੀ ਗੱਲ ਸਿਹਤ ਵਿਭਾਗ ਦੀਆਂ ਹਦਾਇਤਾਂ ਹਨ ਕਿ ਸਰੀਰ ਤੋਂ ਸਰੀਰ ਦਾ ਫਾਸਲਾਂ 4-5 ਫੁੱਟ ਹੋਣਾ ਚਾਹੀਦਾ ਹੈ ਪਰ ਇੱਥੇ ਤਾਂ ਲੋਕ ਇਕ ਦੂਜੇ ਵਿਚ ਫਸਕੇ ਖੜ੍ਹਦੇ ਤੇ ਬੈਠਦੇ ਹਨ ਕਿ ਕਿਤੇ ਉਨ੍ਹਾਂ ਦੀ ਵਾਰੀ ਨਾਂ ਖੁੱੋਸ ਜਾਵੇ। ਜਿਸ ਕਰਕੇ ਇਕ ਦੂਸਰੇ ਨਾਲ ਟੱਚ ਹੋਣ ਨਾਲ ਬਿਮਾਰੀ ਹੋਰ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। । ਸਰਕਾਰ ਨੇ ਬੈਂਕਾਂ ਦਾ ਸਮਾਂ ਘਟਾਕੇ ਬੇਂਕਾਂ ਦੇ ਗੇਟਾਂ ਸਾਹਮਣੇ ਕੋਰੋਨਾਂ ਦੀ ਪਨੀਰੀ ਲਗਾ ਦਿੱਤੀ ਹੈ। ਸਰਕਾਰ ਨੂੰ ਇਸਤੇ ਤੁਰੰਤ ਗੌਰ ਕਰਕੇ ਬੈਂਕਾਂ ਦਾ ਸਮਾਂ ਘਟਾਉਣ ਦੀ ਬਜਾਏ 10-5 ਵਜੇ ਤੱਕ ਕਰਨਾਂ ਚਾਹੀਦਾ ਹੈ ਤਾਂ ਜੋ ਗਾਹਕ ਦੇ ਮਨ ਵਿਚ ਇਹ ਕਾਹਲ ਨਾ ਹੋਵੇ ਕਿ ਉਸਦਾ ਕੰਮ ਨਾਂ ਰਹਿ ਜਾਵੇ ਅਤੇ ਉਹ ਜਲਦੀ ਜਾਕੇ ਲਾਈਨ ਵਿਚ ਲੱਗੇ ,ਸਗੋਂ ਉਹ ਉਹ ਇਹ ਸੋਚਕੇ ਆਰਾਮ ਨਾਲ ਆਪਣੇ ਕੰਮ ਬੈਂਕ ਵਿਚ ਆਵੇ ਕਿ ਬੈਂਕ ਪੂਰੇ ਸਮੇਂ ਲਈ ਖੁੱਲ੍ਹਾ ਹੈ ਅਤੇ ਇਸ ਤਰਾਂ ਬੈਂਕਾਂ ਅੱਗੇ ਭੀੜ ਘਟੇਗੀ ਅਤੇ ਇਸਦੇ ਨਾਲ ਹੀ ਬਿਮਾਰੀ ਫੈਲਣ ਦਾ ਖਤਰਾ ਵੀ ਘਟੇਗਾ। ਪਤਾ ਨਹੀਂ ਪ੍ਰਸ਼ਾਸ਼ਨ ਨੂੰ ਇਹੋ ਜਿਹੀਆਂ ਪੁੱਠੀਆਂ ਸਲਾਹਾਂ ਕੌਣ ਦਿੰਦਾ ਹੈ ਕਿ ਬੈਂਕ ਦਾ ਸਮਾਂ ਘਟਾ ਦਿਉ। ਬੈਂਕ ਵਿਚ ਆਉਣ ਜਾਣ ਬਿਨਾਂ ਤਾ ਕਿਸੇ ਵੀ ਗਾਹਕ ਦਾ ਨਹੀਂ ਸਰਦਾ। ਇਹ ਵੀ ਹਸਪਤਾਲ ਵਾਂਗ ਅਤੀ ਜਰੂਰੀ ਸੇਵਾਵਾਂ ਵਿਚ ਸ਼ਾਮਲ ਹੈ ਅਤੇ ਲੋਕ ਤਾਂ ਇਹ ਮੰਗ ਕਰਦੇ ਹਨ ਕਿ ਇਹ ਐਤਵਾਰ ਵੀ ਖੁੱਲ੍ਹਣ ਪਰ ਸਮਾਂ ਘਟਾਉਣ ਨਾਲ ਜਿੱਥੇ ਗਾਹਕ ਤੰਗ ਹਨ ਉੱਥੇ ਬੈਂਕ ਕਰਮਚਾਰੀਆਂ ਤੇ ਵੀ ਕੰਮ ਦਾ ਬੋਝ ਬਹੁਤ ਜਿਆਦਾ ਵਧ ਗਿਆ ਹੈ। ਸਰਕਾਰ ਨੂੰ ਬੈਂਕਾਂ ਦੇ ਕੰਮ ਕਰਨ ਦਾ ਸਮਾਂ ਵਧਾਉਣ ਤੇ ਤੁਰੰਤ ਗੌਰ ਕਰਨੀ ਚਾਹੀਦੀ ਹੈ।