ਪਰਿਵਾਰਾਂ ਦੇ ਕਲੇਸ਼ ਖਤਮ ਕਰਕੇ ਹੀ ਸਮਾਜ ਨੂੰ ਸੁਖੀ ਬਣਾਇਆ ਜਾ ਸਕਦਾ ਹੈ-ਠਾਕੁਰ ਦਲੀਪ ਸਿੰਘ ਜੀ

ਸਰੀ -ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਹੈ ਕਿ ਘਰਾਂ, ਪਰਿਵਾਰਾਂ ਵਿਚ ਹੋ ਰਹੇ ਕਲੇਸ਼ਾਂ ਦਾ ਕਾਰਨ ਤਾਂ ਮਾਮੂਲੀ ਹੁੰਦਾ ਹੈ ਪਰ ਇਕ ਦੂਜੇ ਦੀਆਂ ਭਾਵਨਾਵਾਂ ਨੂੰ ਨਾ ਸਮਝਣ, ਇਕ ਦੂਜੇ ਦੀ ਕਦਰ ਨਾ ਕਰਨ ਕਰਕੇ ਇਹ ਵੱਡੀਆਂ ਸਮੱਸਿਆਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿਚ ਕਿਸੇ ਵੀ ਕਲੇਸ਼ ਪਿੱਛੇ ਤਿੰਨ ਕੁ ਕਾਰਨ ਹੁੰਦੇ ਹਨ, ਜਿਵੇਂ ਕਿਸੇ ਦੀ ਗੱਲ ਨਾ ਮੰਨੀ ਜਾਵੇ ਤਾਂ ਕਲੇਸ਼, ਕਿਸੇ ਦੀ ਇੱਛਾ ਦੇ ਵਿਰੁੱਧ ਕੋਈ ਕੰਮ ਹੋਵੇ ਤਾਂ ਕਲੇਸ਼ ਜਾਂ ਕਿਸੇ ਉੱਤੇ ਆਪਣੇ ਵਿਚਾਰ ਠੋਸੇ ਜਾਣ ਤਾਂ ਕਲੇਸ਼। ਇਨ੍ਹਾਂ ਕਾਰਨਾ ਕਰਕੇ ਹੀ ਘਰਾਂ, ਪਰਿਵਾਰਾਂ ਵਿਚ ਛੋਟੀਆਂ ਛੋਟੀਆਂ ਲੜਾਈਆਂ ਹੁੰਦੀਆਂ ਹਨ ਅਤੇ ਇਹ ਲੜਾਈਆਂ ਅੱਗੇ ਵੱਡੇ ਕਲੇਸ਼ ਬਣ ਜਾਂਦੀਆਂ ਹਨ। ਕਈ ਵਾਰ ਅਜਿਹੇ ਕਲੇਸ਼ਾਂ ਕਾਰਨ ਪਰਿਵਾਰ ਉਜੜ ਜਾਂਦੇ ਹਨ, ਪਰਿਵਾਰਕ ਆਨੰਦ ਖਤਮ ਹੋ ਜਾਂਦਾ ਹੈ ਅਤੇ ਪਰਿਵਾਰ ਨਰਕ ਬਣ ਜਾਂਦੇ ਹਨ

ਉਨ੍ਹਾਂ ਪਤੀ ਪਤਨੀ ਦੇ ਸਬੰਧਾਂ ਦੀਆਂ ਨਿੱਕੀਆਂ ਨਿੱਕੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਸਾਨੂੰ ਇਕ ਦੂਜੇ ਪ੍ਰਤੀ ਆਪਣੀ ਸੋਚ ਅਤੇ ਸਮਝ ਬਦਲਣ ਦੀ ਲੋੜ ਹੈ। ਪਤੀ ਪਤਨੀ ਨੂੰ ਇਕ ਦੂਜੇ ਦੀ ਲੋੜ, ਭਾਵਨਾ ਸਮਝਣੀ ਚਾਹੀਦੀ ਹੈ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਗੱਲ ਮੰਨਣ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਉਹ ਮੰਨ ਲਈ ਜਾਵੇ ਤਾਂ ਕੋਈ ਕਲੇਸ਼ ਪੈਦਾ ਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਾਸਤੇ ਸਿਰਫ ਪੈਸਾ, ਕੋਠੀਆਂ, ਕਾਰਾਂ ਅਤੇ ਹੋਰ ਸੁਖ ਸਹੂਲਤਾਂ ਹੀ ਕਾਫੀ ਨਹੀਂ ਸਗੋਂ ਸਭ ਤੋਂ ਅਹਿਮ ਹੈ ਕਿ ਇਕ ਦੂਜੇ ਦੇ ਦੁੱਖ ਸੁਖ ਨੂੰ ਸਮਝਿਆ ਜਾਵੇ, ਇਕ ਦੂਜੇ ਦੇ ਭਾਈਵਾਲ ਬਣਿਆ ਜਾਵੇ, ਪਰਿਵਾਰਾਂ ਵਿਚ ਪਿਆਰ ਮਹੁੱਬਤ ਵਾਲਾ ਮਾਹੌਲ ਪੈਦਾ ਕੀਤਾ ਜਾਵੇ। ਇਕ ਦੂਜੇ ਨੂੰ ਫਿੱਕਾ ਜਾਂ ਕੌੜਾ ਨਾ ਬੋਲਿਆ ਜਾਵੇ, ਆਪਣੀ ਗਲਤੀ ਮੰਨ ਲਈ ਜਾਵੇ, ਗਲਤੀ ਮੰਨਣ ਵਾਲੇ ਨੂੰ ਮੁਆਫ਼ ਕੀਤਾ ਜਾਵੇ। ਆਪਣੀਆਂ ਆਦਤਾਂ ਬਦਲਣ ਨਾਲ, ਆਤਮ ਵਿਸ਼ਲੇਸ਼ਣ ਕਰਨ ਨਾਲ, ਕਿਸੇ ਵੀ ਸਮੱਸਿਆ ਦੇ ਕਾਰਨਾਂ ਨੂੰ ਪਛਾਣਨ ਅਤੇ ਉਹਦਾ ਢੁੱਕਵਾਂ ਹੱਲ ਕੱਢਣ ਨਾਲ ਅਜਿਹੇ ਕਲੇਸ਼ਾਂ ਦਾ ਖਾਤਮਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਗੁਰੂ ਨਾਲ ਜੁੜ ਕੇ, ਗੁਰਬਾਣੀ ਅਨੁਸਾਰ ਜੀਵਨ ਜੀਓਣ, ਮਿੱਠਾ ਬੋਲਣ, ਖਿਮਾ ਕਰਨ, ਨਿਮਰਤਾ ਅਪਣਾਉਨ ਅਤੇ ਵਿਚਾਰਨਵਾਨ ਬਣਨ ਦੀ ਸਿੱਖਿਆ ਦਿੰਦਿਆਂ ਕਿਹਾ ਕਿ ਅਜਿਹਾ ਕਰਕੇ ਹੀ ਅਸੀਂ ਆਪਣੇ ਪਰਿਵਾਰਾਂ ਨੂੰ ਸੁਖੀ ਬਣਾ ਸਕਦੇ ਹਾਂ ਅਤੇ ਜੇਕਰ ਪਰਿਵਾਰ ਸੁਖੀ ਹੋਣਗੇ ਤਾਂ ਸਮੁੱਚਾ ਸਮਾਜ ਵੀ ਸੁਖੀ ਹੋਵੇਗਾ।

(ਹਰਦਮ ਮਾਨ) +1 604 308 6663
maanbabushahi@gmail.com