ਨਿਊ ਸਾਊਥ ਵੇਲਜ਼ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਲਈ ਆਪ੍ਰੇਟਰ ਨਿਯੁੱਕਤ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਸ ਕੰਸਟੈਂਸ ਨੇ ਸਾਂਝੀ ਕੀਤੀ ਗਈ ਜਾਣਕਾਰੀ ਤਹਿਤ ਦੱਸਿਆ ਕਿ ਸਿਡਨੀ ਦੇ ਨਿਚਲੇ ਉਤਰੀ ਖੇਤਰ ਤੋਂ ਉਤਰੀ ਖੇਤਰਾਂ ਵਾਲੇ ਬੀਚਾਂ ਦੇ ਰੂਟਾਂ ਉਪਰ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਜਲਦੀ ਹੀ ਜਨਤਕ ਸੇਵਾਵਾਂ ਲਈ ਹਾਜ਼ਿਰ ਹੋ ਜਾਣਗੀਆਂ ਅਤੇ ਇਸ ਵਾਸਤੇ ਸਰਕਾਰ ਨੇ ਕਿਓਲੀਸ ਡੌਨਰ ਕੰਪਨੀ ਨੂੰ ਇਨ੍ਹਾਂ ਬੱਸਾਂ ਦੇ ਚਾਲਕਾਂ ਵੱਜੋਂ ਨਿਯੁੱਕਤ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਕੰਪਨੀ ਗ੍ਰਾਹਕਾਂ ਨੂੰ ਹਰ ਸਾਲ 1.2 ਮਿਲੀਅਨ ਡਾਲਰਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਸ ਪ੍ਰਾਜੈਕਟ ਦੇ ਨਾਲ ਅਗਲੇ 8 ਸਾਲਾਂ ਦੇ ਕੰਟਰੈਕਟ ਰਾਹੀਂ 100 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੀ ਰਾਸ਼ੀ ਦੀ ਬਚਤ ਹੋਵੇਗੀ। ਕੰਪਨੀ, ਪੁਰਾਣੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਦੀ ਜਗ੍ਹਾ ਉਪਰ ਨਵੀਆਂ, ਆਧੁਨਿਕ ਅਤੇ ਬਿਜਲੀ ਨਾਲ ਚੱਲਣ ਵਾਲੀਆਂ 100 ਤੋਂ ਵੀ ਜ਼ਿਆਦਾ ਬੱਸਾਂ ਦੇ ਆਰਡਰ ਕਰੇਗੀ ਅਤੇ ਇਸ ਨਾਲ ਜਿੱਥੇ ਡੀਜ਼ਲ ਦੀ ਬਚਤ ਹੋਵੇਗੀ ਉਥੇ ਹੀ ਸਰਕਾਰ ਦੇ ਜ਼ੀਰੋ ਅਮਿਸ਼ਨ ਵਾਲੇ ਟੀਚੇ ਨੂੰ ਬੜਾਵਾ ਮਿਲੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਤੋਂ ਪਾਮ ਬੀਓ ਅਤੇ ਉਤਰੀ ਨਾਰਾਬੀਨ ਵਿਚਾਲੇ ਚਲਾਈ ਜਾ ਰਹੀ ਮੰਗ ਦੇ ਆਧਾਰ ਤੇ ਉਕਤ ਸੇਵਾ ਨੂੰ ਪਰਮਾਨੈਂਟ ਤੌਰ ਤੇ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਸ ਸੇਵਾ ਦਾ ਲਾਭ ਪਹਿਲਾਂ ਤੋਂ ਹੀ 540 ਦੇ ਕਰੀਬ ਗ੍ਰਾਹਕ ਹਰ ਰੋਜ਼ ਲੈ ਰਹੇ ਹਨ।