ਐਮ.ਪੀ. ਸ੍ਰੀ ਮਨੀਸ਼ ਤਿਵਾੜੀ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਦੌਰਾ

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ  ਐਮ.ਪੀ. ਮੁਨੀਸ਼ ਤਿਵਾੜੀ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ

(ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਐਮ ਪੀ ਮਨੀਸ਼ ਤਿਵਾੜੀ ਨੂੰ ਸ਼ਾਲ ਅਤੇ ਯਾਦ ਚਿੰਨ੍ਹ ਭੇਟ ਕਰਕੇ  ਸਨਮਾਨਿਤ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ)

ਨਿਊਯਾਰਕ/ਬੰਗਾ —ਲੋਕ ਸੇਵਾ ਨੂੰ ਸਮਪਿਰਤ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ ਵੱਖ ਵੱਖ  ਮੈਡੀਕਲ ਅਤੇ ਵਿਦਿਅਕ ਅਦਾਰਿਆਂ ਦਾ ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਆਪਣੇ  ਸਾਥੀਆਂ ਨਾਲ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਐਨ ਆਰ ਆਈ ਦਾਨੀ ਸੱਜਣਾਂ ਦੀ ਮਦਦ ਨਾਲ ਬਣੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਵਿਦਿਅਕ ਅਦਾਰਿਆਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਸੀਨੀਅਰ ਸੈਕੰਡਰੀ ਸਕੂਲ  ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ । ਸ੍ਰੀ ਤਿਵਾੜੀ ਨੇ ਟਰੱਸਟ  ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਰਾਹੀਂ ਕਰੋਨਾ ਮਹਾਂਮਾਰੀ ਦੇ ਇਸ ਸੰਕਟਮਈ ਸਮੇਂ ਵਿਚ 24 ਘੰਟੇ ਮੈਡੀਕਲ ਇਲਾਜ ਸੇਵਾਵਾਂ ਦੇਣ ਤੋਂ ਇਲਾਵਾ ਸਰਕਾਰ ਅਤੇ ਸਿਹਤ ਵਿਭਾਗ ਦੀ ਬੇਨਤੀ ਤੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਲਈ 50 ਬੈੱਡ ਦਾ ਕੋਵਿਡ¸19 ਆਈਸੋਲੇਸ਼ਨ ਵਾਰਡ ਤਿਆਰ ਕਰਕੇ ਅਤੇ ਇਸ ਨੂੰ ਆਈਸੋਲੇਸ਼ਨ ਵਾਰਡ ਨੂੰ ਸਫਲਤਾ ਪੂਰਵਕ ਚਲਾਉਣ ਲਈ ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਵੱਢਮੁੱਲੇ ਸਹਿਯੋਗ ਲਈ ਭਾਰੀ ਸ਼ਲਾਘਾ ਕੀਤੀ । ਇਸ ਮੌਕੇ ਸ੍ਰੀ ਤਿਵਾੜੀ ਨੇ ਟਰੱਸਟ ਪ੍ਰਬੰਧਕਾਂ ਨੂੰ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਮੈਡੀਕਲ  ਤੇ ਵਿਦਿਅਕ ਸੇਵਾਵਾਂ ਦੇ ਵੱਖ ਵੱਖ ਪ੍ਰੌਜੈਕਟਾਂ ਲਈ ਵੱਧ ਤੋਂ ਵੱਧ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ।ਇਸ ਤੋਂ ਪਹਿਲਾਂ ਸ੍ਰੀ ਮਨੀਸ਼ ਤਿਵਾੜੀ ਲੋਕ ਸਭਾ ਮੈਂਬਰ, ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਕਮੇਟੀ ਅਤੇ ਉਹਨਾਂ ਦੇ ਸਾਥੀਆਂ ਦਾ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਸ. ਹਰਦੇਵ ਸਿੰਘ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਟਰੱਸਟ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ । ਸ . ਕਾਹਮਾ ਨੇ ਢਾਹਾਂ ਕਲੇਰਾਂ ਵਿਖੇ ਦੇਸ਼¸ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਚੱਲ ਰਹੇ ਮੈਡੀਕਲ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਟਰੌਮਾ ਸੈਂਟਰ, ਬੱਲਡ ਬੈਂਕ  ਅਤੇ ਸਿੱਖਿਆ ਸੰਸਥਾਵਾਂ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈੰਕੰਡਰੀ ਸਕੂਲ ਢਾਹਾਂ ਕਲੇਰਾਂ ਬਾਰੇ ਜਾਣਕਾਰੀ ਦਿੱਤੀ । ਸ. ਕਾਹਮਾ ਨੇ ਦੱਸਿਆ ਸਾਲ 2020 ਵਿਚ ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਟਰੱਸਟ ਪ੍ਰਬੰਧਕਾਂ ਵੱਲੋਂ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦਾ ਕਰੋਨਾ ਵਾਇਰਸ ਰੋਕਥਾਮ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਵੀ 24 ਘੰਟੇ ਮੈਡੀਕਲ ਸੇਵਾਵਾਂ ਲੋੜਵੰਦ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ ।ਇਸ ਮੌਕੇ  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਵੱਲੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਦਾ  ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸਰਵ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਕਮੇਟੀ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ,  ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਜਗਜੀਤ ਸਿੰਘ ਸੋਢੀ ਐਗਜ਼ੀਕਿਊਟਿਵ ਮੈਂਬਰ ਟਰੱਸਟ,  ਸ. ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸ੍ਰੀ. ਮੋਹਨ ਸਿੰਘ ਕੰਦੋਲਾ ਐਨ ਆਰ ਆਈ, ਠੇਕੇਦਾਰ ਰਾਜਿੰਦਰ ਸਿੰਘ, ਸੁਪਰਡੈਂਟ ਮਹਿੰਦਪਾਲ ਸਿੰਘ ਅਤੇ ਟਰੱਸਟ ਅਧੀਨ ਚੱਲ ਰਹੇ ਵੱਖ ਵੱਖ ਅਦਾਰਿਆਂ ਦੇ ਮੁੱਖੀ ਵੀ ਹਾਜ਼ਰ ਸਨ।