ਰਾਜਨੀਤਿਕ ਦਬਾਅ ਹੇਠ ਲੇਬਰ ਨੇਤਾ ਜੋਡੀ ਮੈਕਕੇਅ ਨੇ ਦਿੱਤਾ ਅਸਤੀਫ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਸ਼ਨਿਚਰਵਾਰ ਨੂੰ ਹੋਈਆਂ ਅਪਰ ਹੰਟਰ ਜਿਮਨੀ ਚੋਣਾਂ ਤੋਂ ਬਾਅਦ ਲਗਾਤਾਰ ਹੀ ਲੇਬਰ ਨੇਤਾ ਜੋਡੀ ਮੈਕ-ਕੇਅ ਉਪਰ ਰਾਜਨੀਤਿਕ ਦਬਾਅ ਬਰਕਰਾਰ ਸੀ ਅਤੇ ਉਨ੍ਹਾਂ ਦੇ ਅਸਤੀਫ਼ੇ ਦੀਆਂ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਸਨ। ਅੰਤ ਅੱਜ ਸਮੁੱਚੇ ਦਬਾਅ ਦੇ ਪ੍ਰਭਾਵ ਅਧੀਨ, ਨਿਊ ਸਾਊਥ ਵੇਲਜ਼ ਦੀ ਲੇਬਰ ਪਾਰਟੀ ਦੀ ਨੇਤਾ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਉਪਰ ਇਹ ਇਲਜ਼ਾਮ ਲਗਾਏ ਗਏ ਹਨ ਕਿ 2019 ਵਿੱਚ ਜੋ ਪਾਰਟੀ ਦਾ ਵੋਟ ਬੈਂਕ 29% ਸੀ, ਉਹ ਹੁਣ ਘੱਟ ਕੇ 21% ਹੀ ਰਹਿ ਗਿਆ ਹੈ।
ਵੈਸੇ ਇਸ ਬਾਬਤ ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਕਿਸੀ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਬਣਾਇਆ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਹੀ ਅਸਤੀਫ਼ਾ ਦਿੱਤਾ ਹੈ -ਪਰੰਤੂ ਸਥਿਤੀਆਂ ਤੋਂ ਰਾਜਨੀਤਿਕ ਗਲਿਆਰਿਆਂ ਅੰਦਰ ਇਹੀ ਚਰਚਾ ਗਰਮ ਹੈ ਕਿ ਪੂਰਨ ਰਾਜਨੀਤਿਕ ਦਬਾਅ ਕਾਰਨ ਹੀ ਉਨ੍ਹਾਂ ਨੇ ਆਪਣੇ ਮੌਜੂਦਾ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।