ਮੈਨੂੰ ਹੁਣ ਕੋਈ ਡਰ ਨਹੀਂ ਲੱਗਦਾ, ਮੇਰੀਆਂ ਲਿਖਤਾਂ ਨੂੰ ਸੰਭਾਲ ਲੈਣਾ -ਯੈਂਗ ਹੈਂਗਜਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਡਾ. ਯੈਂਗ ਜੋ ਕਿ ਚੀਨੀ-ਆਸਟ੍ਰੇਲੀਆਈ ਨਾਗਰਿਕ ਹੈ ਅਤੇ ਇੱਕ ਅਜਿਹਾ ਬਲੋਗਰ ਲਿਖਾਰੀ ਹੈ ਜਿਸਤੋਂ ਕਿ ਚੀਨ ਦੀ ਸਰਕਾਰ ਬਹੁਤ ਜ਼ਿਆਦਾ ਖ਼ਫ਼ਾ ਹੈ ਅਤੇ ਬੀਤੇ 26 ਮਹੀਨਿਆਂ ਤੋਂ ਉਸਨੂੰ ਕੈਦ ਵਿੱਚ ਰੱਖ ਕੇ ਤਸੀਹੇ ਦਿੱਤੇ ਜਾ ਰਹੇ ਹਨ।
ਅੱਜ ਅਦਾਲਤ ਵਿੱਚ ਉਸਦੀ ਪੇਸ਼ੀ ਹੈ ਅਤੇ ਜ਼ਾਹਿਰ ਹੈ ਕਿ ਉਸ ਉਪਰ ਬੰਦ ਕਮਰਿਆਂ ਅੰਦਰ ਜਾਸੂਸੀ ਆਦਿ ਦੇ ਇਲਜ਼ਾਮ ਲਗਾਏ ਜਾਣਗੇ ਅਤੇ ਉਸਨੂੰ ਸਜ਼ਾਯਾਫ਼ਤਾ ਕਰਾਰ ਦੇ ਦਿੱਤਾ ਜਾਵੇਗਾ।
55 ਸਾਲਾਂ ਦੇ ਯੈਂਗ ਦੀ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਕਿ ਉਸਨੇ ਆਸਟ੍ਰੇਲੀਆ ਵਿੱਚ ਵੱਸਦੇ ਆਪਣੇ ਬੱਚਿਆਂ ਨੂੰ ਨਸੀਹਤ ਦਿੱਤੀ ਹੈ ”ਬੇਸ਼ੱਕ ਮੇਰੀ ਸਿਹਤ ਵਿਗੜ ਚੁਕੀ ਹੈ ਪਰੰਤੂ ਘਬਰਾਉ ਨਾ… ਮੈਨੂੰ ਹੁਣ ਡਰ ਨਹੀਂ ਲੱਗਦਾ… ਇਹ ਲੋਕ ਮੇਰਾ ਕੁੱਝ ਨਹੀਂ ਵਿਗਾੜ ਸਕਦੇ… ਤੁਸੀਂ ਬਸ ਆਪਣਾ ਧਿਆਨ ਰੱਖਣਾ ਅਤੇ ਹੋ ਸਕੇ ਤਾਂ ਮੇਰੀਆਂ ਲਿਖਤਾਂ ਨੂੰ ਸਾਂਭ ਲੈਣਾ….. ਜੇ ਮੈਂ ਸਹੀ ਸਲਾਮਤ ਬਾਹਰ ਆ ਗਿਆ ਤਾਂ ਮੁੜ ਤੋਂ ਚੀਨ ਅਤੇ ਆਸਟ੍ਰੇਲੀਆ ਦੇ ਰਿਸ਼ਤਿਆਂ ਨੂੰ ਸੁਧਾਰਨ ਬਾਰੇ ਵਿੱਚ ਲਿੱਖਾਂਗਾ ਅਤੇ ਜੇਕਰ ਨਾ ਆ ਸਕਿਆ ਤਾਂ ਕੋਈ ਗੱਲ ਨਹੀਂ ਕਿਉਂਕਿ ਮੈਂ ਜੋ ਵੀ ਲਿੱਖਿਆ ਹੈ, ਉਹ ਮੇਰੇ ਨਾਲੋਂ ਕਿਤੇ ਵੱਧ ਮਹੱਤਵਪੂਰਨ ਅਤੇ ਵੱਡਾ ਹੈ…… ਕਿਉਂਕਿ ਸੱਚਾਈ ਲਿੱਖਣਾ ਕੋਈ ਜੁਰਮ ਨਹੀਂ ਹੁੰਦਾ ਪਰੰਤੂ ਕੁੱਝ ਲੋਕਾਂ ਨੂੰ ਸੱਚਾਈ ਬਰਦਾਸ਼ਤ ਨਹੀਂ ਹੁੰਦੀ… ਅਤੇ ਅਜਿਹੇ ਲੋਕ ਸੱਚਾਈ ਲਿੱਖਣ ਵਾਲਿਆਂ ਨੂੰ ਮਹਿਜ਼ ‘ਸਜ਼ਾ’ ਹੀ ਦੇ ਸਕਦੇ ਹਨ……”।
ਜ਼ਿਕਰਯੋਗ ਹੈ ਕਿ ਸ੍ਰੀ ਯੈਂਗ ਨੂੰ ਜਨਵਰੀ 2019 ਵਿੱਚ ਗੁਆਂਗਜੋਊ ਦੇ ਹਵਾਈ ਅੱਡੇ ਤੋਂ ਚੀਨੀ ਸਰਕਾਰ ਵੱਲੋਂ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਅਮਰੀਕਾ ਦੇ ਨਿਊ ਯਾਰਕ ਤੋਂ ਪਰਤ ਰਹੇ ਸਨ ਅਤੇ ਬੀਤੇ 2 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸ੍ਰੀ ਯੈਂਗ ਨੂੰ ਉਸਦੇ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕਰਨ ਦਿੱਤਾ ਗਿਆ ਅਤੇ ਉਸਨੂੰ ਉਸਦੇ ਵਕੀਲ ਨਾਲ ਵੀ ਬਹੁਤ ਜ਼ਿਆਦਾ ਸੀਮਿਤ ਸਮਿਆਂ ਤੱਕ ਹੀ ਮਿਲਣ ਦਿੱਤਾ ਜਾਂਦਾ ਰਿਹਾ ਹੈ।
ਆਸਟ੍ਰੇਲੀਆ ਤੋਂ ਬਾਹਰੀ ਰਾਜਾਂ ਦੇ ਮੰਤਰੀ ਮੈਰਿਸ ਪਾਇਨ ਨੇ ਕਿਹਾ ਕਿ ਉਹ ਬਹੁਤ ਕੋਸ਼ਿਸ਼ ਕਰ ਰਹੇ ਹਨ ਕਿ ਚੀਨੀ ਸਰਕਾਰ, ਸ੍ਰੀ ਯੈਂਗ ਨਾਲ ਇੱਕ ਤਰਫਾ ਵਿਵਹਾਰ ਨਾ ਕਰੇ ਅਤੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਸੱਚਾਈ ਪੇਸ਼ ਕਰਨ ਦੀ ਇਜਾਜ਼ਤ ਦੇਵੇ।