ਸਕਾਟਲੈਂਡ ਵਿੱਚ ਗਰਭਪਾਤ ਦੇ ਮਾਮਲਿਆਂ ‘ਚ ਹੋਇਆ ਰਿਕਾਰਡ ਵਾਧਾ

ਗਲਾਸਗੋ -ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ ਸਾਲ 2020 ਵਿੱਚ ਗਰਭਪਾਤ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਸਕਾਟਲੈਂਡ ‘ਚ ਗਰਭਪਾਤ ਦੀ ਗਿਣਤੀ ਦੂਜੀ ਵਾਰ ਰਿਕਾਰਡ ਪੱਧਰ ‘ਤੇ ਦਰਜ ਕੀਤੀ ਗਈ ਹੈ। ਜਿਸ ਅਨੁਸਾਰ ਪਛੜੇ ਇਲਾਕਿਆਂ ਦੀਆਂ ਔਰਤਾਂ, ਅਮੀਰ ਖੇਤਰਾਂ ਦੀਆਂ ਔਰਤਾਂ ਨਾਲੋਂ ਵੱਧ ਇਸ ਪ੍ਰਕਿਰਿਆ ਵਿੱਚੋਂ ਗੁਜਰੀਆਂ ਹਨ। ਮੰਗਲਵਾਰ ਨੂੰ ਜਾਰੀ ਕੀਤੇ ਗਏ ਪਬਲਿਕ ਸਿਹਤ ਸਕਾਟਲੈਂਡ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਸਕਾਟਲੈਂਡ ਵਿੱਚ 13,815 ਗਰਭਪਾਤ ਕੀਤੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ 20 ਤੋਂ 24 ਸਾਲ ਦੀ ਉਮਰ ਵਾਲੀਆਂ ਔਰਤਾਂ ਸ਼ਾਮਿਲ ਸਨ। ਇਸ ਤੋਂ ਜਿਆਦਾ ਅੰਕੜਾ 2008 ਵਿੱਚ ਦਰਜ ਕੀਤਾ ਗਿਆ ਸੀ ਜਦੋਂ 13,908 ਗਰਭਪਾਤ ਹੋਏ ਸਨ। 16 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਅੰਕੜਾ 103 ਹੈ, ਜੋ ਕਿ 2007 ਵਿੱਚ 376 ਸੀ। ਅੰਕੜਿਆਂ ਅਨੁਸਾਰ 20 ਤੋਂ 24 ਸਾਲ ਦੀ ਉਮਰ ਵਾਲੀਆਂ ਔਰਤਾਂ ਵਿੱਚ ਕੁੱਲ 3791 ਅਤੇ 25-29 ਉਮਰ ਵਰਗ ਵਿੱਚ 3387 ਗਰਭਪਾਤ ਦਰਜ ਕੀਤੇ ਗਏ। ਸਕਾਟਲੈਂਡ ਵਿਚ ਪ੍ਰਤੀ 1000 ਔਰਤਾਂ ਪਿੱਛੇ ਵੀ ਗਰਭਪਾਤ ਦੀ ਦਰ ਵੀ ਸਭ ਤੋਂ ਵੱਧ ਹੈ। ਅੰਕੜੇ ਦਰਸਾਉਂਦੇ ਹਨ ਕਿ 98.4% ਗਰਭਪਾਤ ਮਾਂ ਦੀ ਸਰੀਰਕ ਜਾਂ ਮਾਨਸਿਕ ਸਿਹਤ ਦੀ ਰੱਖਿਆ ਲਈ ਕੀਤੇ ਗਏ ਸਨ, ਜਦੋਂ ਕਿ 1.5% ਕੇਸ ਅਣਜੰਮੇ ਬੱਚੇ ਨੂੰ ਗੰਭੀਰ ਰੂਪ ਤੋਂ ਅਪਾਹਜ ਹੋਣ ਤੋਂ ਬਚਾਉਣ ਲਈ ਸਨ।