ਬੀਬੀਐਮਬੀ ਆਕਸੀਜਨ ਪਲਾਂਟ ਦਾ ਮੁੜ ਸ਼ੁਰੂ ਹੋਣਾ, ਸਾਰਿਆਂ ਦੀਆਂ ਸਾਂਝੀ ਮਿਹਨਤ ਦਾ ਨਤੀਜਾ: ਐਮ.ਪੀ ਤਿਵਾੜੀ

ਨਿਊਯਾਰਕ/ਰੋਪੜ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬੀਬੀਐਮਬੀ ਨੰਗਲ ਵਰਕਸ਼ਾਪ ਵੱਲੋਂ ਕਰੀਬ 11 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਆਪਣਾ ਆਕਸੀਜਨ ਪਲਾਂਟ ਚਲਾਏ ਜਾਣ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਨੇ ਇਸ ਲਈ ਸਾਰਿਆਂ ਨੂੰ ਵਧਾਈ ਦਿੱਤੀ ਹੈ, ਜੋ ਸਾਰਿਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।ਇੱਥੇ ਜਾਰੀ ਇਕ ਬਿਆਨ ਚ ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਆਕਸੀਜਨ ਪਲਾਂਟ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਚ ਹਰ ਇਕ ਵਿਅਕਤੀ ਨੇ ਆਪਣੇ ਪੱਧਰ ਤੇ ਯੋਗਦਾਨ ਪਾਇਆ ਹੈ। ਤਿਵਾੜੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪੰਜਾਬ ਵਿਧਾਨ ਸਭਾ ਸਪੀਕਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੇ.ਪੀ ਸਿੰਘ ਨਾਲ ਮਿਲ ਕੇ ਕੇਂਦਰੀ ਊਰਜਾ ਮੰਤਰੀ ਆਰ.ਪੀ ਸਿੰਘ ਨਾਲ ਗੱਲ ਕੀਤੀ ਸੀ ਅਤੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਸੀ। ਇਸੇ ਤਰ੍ਹਾਂ, ਉਨ੍ਹਾਂ ਬੀਬੀਐਮਬੀ ਦੇ ਚੇਅਰਮੈਨ ਨੂੰ ਵੀ ਸੰਪਰਕ ਕੀਤਾ। ਜਿਸ ਤੋਂ ਬਅਦ ਬੀਬੀਐਮਬੀ ਦੇ ਚੇਅਰਮੈਨ ਵੱਲੋਂ ਵੀ ਆਪਣੇ ਪੱਧਰ ਤੇ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਆਕਸੀਜਨ ਪਲਾਂਟ ਸ਼ੁਰੂ ਕਰਨ ਲਈ ਲਗਾਇਆ ਗਿਆ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਕੁਝ ਇੰਜੀਨੀਅਰ ਕਲਕੱਤੇ ਤੋਂ ਬੁਲਾਏ ਗਏ ਅਤੇ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਦੇ ਸਹਿਯੋਗ ਨਾਲ ਇਹ ਆਕਸੀਜਨ ਪਲਾਂਟ ਮੁੜ ਤੋਂ ਸ਼ੁਰੂ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਰੋਪੜ ਜ਼ਿਲ੍ਹੇ, ਬਲਕਿ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਵੀ ਫਾਇਦਾ ਮਿਲੇਗਾ ਅਤੇ ਇਹ ਆਕਸੀਜਨ ਪਲਾਂਟ ਹਾਲੇ 50 ਸਿਲੰਡਰ ਪ੍ਰਤੀਦਿਨ ਉਤਪਾਦਨ ਕਰੇਗਾ।