ਮੈਲਬੋਰਨ ਵਿੱਚ ਕਰੋਨਾ ਦੇ ਮਾਮਲੇ ਵਧੇ, ਅਗਲੇ 24 ਘੰਟੇ ਹੋ ਸਕਦੇ ਹਨ ਜੋਖਿਮ ਭਰੇ -ਜੇਮਜ਼ ਮਰਲੀਨੋ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਦੇ ਉਤਰੀ ਖੇਤਰਾਂ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੇ ਮੱਦੇਨਜ਼ਰ ਕਾਰਜਕਾਰੀ ਪ੍ਰੀਮੀਅਰ -ਜੇਮਜ਼ ਮਰਲੀਨੋ, ਦਾ ਕਹਿਣਾ ਹੈ ਕਿ ਵਿਕਟੋਰੀਆ ਵਿੱਚ ਹੋਰ ਪਾਬੰਧੀਆਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਖੇਡਾਂ ਨਾਲ ਸਬੰਧਤ ਭੀੜਾਂ ਆਦਿ ਵੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਰਾਤ ਤੱਕ ਕਰੋਨਾ ਦੇ 6 ਹੋਰ ਸਥਾਨਕ ਸਥਾਨਾਂਤਰਣ ਦੇ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ 15 ਮਾਮਲੇ ਤਾਂ ਮੈਲਬੋਰਨ ਦੇ ਹਾਲ ਵਿੱਚ ਮਿਲੇ ਕਲਸਟਰ ਨਾਲ ਹੀ ਜੁੜੇ ਹਨ। ਇਸ ਦੇ ਨਾਲ ਹੀ ਰਾਜ ਅੰਦਰ ਕੁੱਲ ਚਲੰਤ ਕਰੋਨਾ ਦੇ ਮਾਮਲਿਆਂ ਦੀ ਗਿਣਤੀ 23 ਹੋ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਗਲੇ 24 ਘੰਟੇ ਬਹੁਤ ਹੀ ਜੋਖਿਮ ਭਰੇ ਹੋ ਸਕਦੇ ਹਨ ਅਤੇ ਇਸੇ ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ ਏ.ਐਫ.ਐਲ. ਦੇ ਮੈਚ ਵਿੱਚ ਇਕੱਠੀ ਹੋਣ ਵਾਲੀ ਭੀੜ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਹਿਤਿਆਦਨ ਜਲਦੀ ਹੀ ਕੋਈ ਫੈਸਲਾ ਜਨਤਕ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮਈ 23 ਨੂੰ ਐਮ.ਸੀ.ਜੀ. ਵਿਖੇ ਹੋਏ ਮੈਚ ਦੌਰਾਨ ਵੀ ਇੱਕ ਦਰਸ਼ਕ ਜੋ ਕਿ ਜ਼ੋਨ 4 (ਲੈਵਲ 1 ਗ੍ਰੇਟ ਸਦਰਨ ਸਟੈਂਡ ਪੰਤ ਰੋਡ ਵਾਲੇ ਪਾਸੇ) ਵਿੱਚ ਬੈਠਾ ਸੀ, ਵੀ ਕਰੋਨਾ ਨਾਲ ਸੰਕ੍ਰਿਪਤ ਪਾਇਆ ਗਿਆ ਸੀ ਅਤੇ ਸਿਹਤ ਅਧਿਕਾਰੀਆਂ ਵੱਲੋਂ ਇਸ ਦੇ ਨਾਲ ਸਬੰਧਤ ਹੋਰ ਵੀ ਲੋਕਾਂ ਦੀ ਪਹਿਚਾਣ ਉਨ੍ਹਾਂ ਦੀਆਂ ਟਿਕਟਾਂ ਅਤੇ ਹੋਰ ਵਿਭਾਗੀ ਡਾਟਾ ਅਤੇ ਕਿਊ ਆਰ ਕੋਡ ਅਨੁਸਾਰ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਵੀ ਆਪਣੇ ਟੈਸਟ ਕਰਵਾਉਣੇ ਪੈਣਗੇ ਅਤੇ ਆਪਣੀ ਰਿਪੋਰਟ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਟ ਕਰਨਾ ਪਵੇਗਾ।