ਕਾਮਾਗਾਟਾਮਾਰੂ ਦੀ 107ਵੀਂ ਵਰ੍ਹੇਗੰਢ

ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਮਹਾਨ ਯੋਧਿਆਂ ਨੂੰ ਮੋਮਬੱਤੀਆਂ ਜਗਾ ਕੇ ਯਾਦ ਕੀਤਾ ਗਿਆ

ਸਰੀ -ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਕਾਮਾਗਾਟਾਮਾਰੂ ਦੀ 107ਵੀਂ ਵਰ੍ਹੇਗੰਢ ਮੌਕੇ ਵੈਨਕੂਵਰ ਵਿਖੇ ਸਮੁੰਦਰੀ ਕੰਢੇ ਤੇ ਮੋਮਬੱਤੀਆਂ ਜਗਾ ਕੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਸਿਜਦਾ ਕੀਤਾ ਗਿਆ।

ਇਸ ਮੌਕੇ ਕਾਮਾਗਾਟਾਮਾਰੂ ਦੁਖਾਂਤ ਤੇ ਦੁੱਖ ਜ਼ਾਹਰ ਕਰਦਿਆਂ ਫਾਊਂਡੇਸ਼ਨ ਦੇ ਬਾਨੀ ਸਾਹਿਬ ਥਿੰਦ ਨੇ ਕਿਹਾ ਕਿ 23 ਮਈ, 1914 ਨੂੰ 370 ਭਾਰਤੀ (ਜਿਨ੍ਹਾਂ ਵਿਚ ਸਿੱਖ, ਮੁਸਲਿਮ ਅਤੇ ਹਿੰਦੂ ਸ਼ਾਮਲ ਸਨ) ਭਾਰਤ ਤੋਂ ਕਾਮਾਗਾਟਾਮਾਰੂ ਜਹਾਜ਼ ਰਾਹੀਂ ਕੈਨੇਡਾ ਵਿਚ ਦਾਖਲ ਹੋਣ ਲਈ ਵੈਨਕੂਵਰ ਹਾਰਬਰ ਦੇ ਕੰਢੇ ਤੇ ਪਹੁੰਚੇ ਸਨ ਪਰ ਬਰਤਾਨੀਆ ਹਕੂਮਤ ਦੀ ਨਸਲਵਾਦੀ ਪੁਲਿਸ ਨੇ ਇਨ੍ਹਾਂ ਭਾਰਤੀਆਂ ਨੂੰ ਇੱਥੇ ਉਤਰਨ ਦੀ ਆਗਿਆ ਨਹੀਂ ਸੀ ਦਿੱਤੀ ਅਤੇ 23 ਜੁਲਾਈ, 1914 ਨੂੰ ਕਾਮਾਗਾਟਾਮਾਰੂ ਯਾਤਰੀਆਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਫੈਡਰਲ ਗੌਰਮਿੰਟ, ਬੀਸੀ ਸਰਕਾਰ ਅਤੇ ਸਿਟੀ ਆਫ ਵੈਨਕੂਵਰ ਵੱਲੋਂ ਇਸ ਘਟਨਾ ਸਬੰਧੀ ਮੁਆਫੀ ਮੰਗ ਲਈ ਹੈ ਪਰ ਅਸੀਂ ਮੰਗ ਕਰਦੇ ਹਾਂ ਕਿ ਇਹਨ੍ਹਾਂ ਯੋਧਿਆਂ, ਗਦਰੀ ਬਾਬਿਆਂ ਅਤੇ ਸਾਡੇ ਮਹਾਨ ਵਿਰਸੇ ਸਬੰਧੀ ਇਤਿਹਾਸ ਨੂੰ ਬੀਸੀ ਦੇ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਫੈਡਰਲ ਸਰਕਾਰ ਅਤੇ ਵੈਨਕੂਵਰ ਕੌਂਸਲ ਕੋਲੋਂ ਵੀ ਮੰਗ ਕੀਤੀ ਕਿ ਵਾਟਰ ਫਰੰਟ ਰੋਡ ਦਾ ਨਾਮ ਬਦਲ ਕੇ ਕਾਮਾਗਾਟਾਮਾਰੂ ਰੋਡ ਕੀਤਾ ਜਾਵੇ ਅਤੇ ਪੋਰਟ ਆਫ ਵੈਨਕੂਵਰ ਦਾ ਨਾਂ ਵੀ ਕਾਮਾਗਾਟਾਮਾਰੂ ਪੋਰਟ ਰੱਖਿਆ ਜਾਵੇ।

ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਟਰੂਡੋ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਇਸ ਮੰਦਭਾਗੀ ਘਟਨਾ ਲਈ ਮੁਆਫੀ ਮੰਗ ਕੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਨਸਲਵਾਦ ਲਈ ਕੋਈ ਥਾਂ ਨਹੀਂ ਅਤੇ ਰਾਈਟ ਆਫ ਚਾਰਟਰ ਰਾਹੀਂ ਸਭ ਦੇ ਅਧਿਕਾਰ ਬਰਾਬਰ ਹਨ।

 ਬੀਸੀ ਦੀ ਪਾਰਲੀਮਾਨੀ ਸੈਕਟਰੀ ਰਚਨਾ ਸਿੰਘ ਨੇ ਬੀਸੀ ਵਿਚ ਮੌਜੂਦਾ ਨਸਲਵਾਦ ਦੀ ਸਖਤ ਨਿੰਦਿਆ ਕਰਦਿਆਂ ਬੀਸੀ ਸਰਕਾਰ ਵੱਲੋਂ ਨਸਲਵਾਦ ਵਿਰੋਧੀ ਐਕਟ ਬਣਾਉਣ ਦੀ ਗੱਲ ਕਹੀ। ਐਮ. ਐਲ. ਏ. ਜਗਰੂਪ ਬਰਾੜ ਨੇ ਕਿਹਾ ਕਿ ਬੀ.ਸੀ. ਸਰਕਾਰ ਵੱਲੋਂ  ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਵਿਚ ਪੰਜਾਬੀ ਕੈਨੇਡੀਅਨ ਇਤਿਹਾਸ ਅਤੇ ਵਿਰਸੇ ਬਾਰੇ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।

ਐਮ. ਐਲ.ਏ. ਅਮਨ ਸਿੰਘ, ਐਮ. ਐਲ.ਏ. ਮੇਬਲ ਇਲਮੋਰ, ਵੈਨਕੂਵਰ ਸਿਟੀ ਕੌਂਸਲਰ ਜੀਨ ਸਵੈਨਸਨ ਤੇ ਪੀਟ ਫਰਾਈ, ਨਵੀਤ ਵੜੈਚ, ਪੱਤਰਕਾਰ ਗੁਰਪ੍ਰੀਤ ਸਿੰਘ, ਨਿਊ ਵੈਸਟਮਿਨਸਟਰ ਦੇ ਕੌਂਸਲਰ ਚਕ ਪੁਚਮਯਾਰ ਨੇ ਵੀ ਕਾਮਾਗਾਟਾਮਾਰੂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਾਨ ਯੋਧਿਆਂ ਨੂੰ ਯਾਦ ਕਰਨ ਲਈ ਰਣਧੀਰ ਢਿੱਲੋਂ, ਅਮਰਪ੍ਰੀਤ ਗਿੱਲ, ਅਮਰ ਸੰਧੂ, ਰਾਜ ਪੱਡਾ, ਜਗਰੂਪ ਸਿੰਘ ਖੇੜਾ ਵੀ ਪੁੱਜੇ।

(ਹਰਦਮ ਮਾਨ) +1 604 308 6663
maanbabushahi@gmail.com