ਨਿਊ ਸਾਊਥ ਵੇਲਜ਼ ਦੇ ਸਕੂਲਾਂ ਅਤੇ ਹਸਪਤਾਲਾਂ ਲਈ ਬੈਟਰੀ ਵਾਲੀ ਬਿਜਲੀ ਲਈ ਇਕਰਾਰ

ਰਾਜ ਦੇ ਊਰਜਾ ਮੰਤਰੀ ਮੈਟ ਕੀਨ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਰਾਜ ਦੇ ਸਕੂਲਾਂ, ਹਸਪਤਾਲਾਂ ਅਤੇ ਹੋਰ ਕਈ ਸਰਕਾਰੀ ਇਮਾਰਤਾਂ ਆਦਿ ਲਈ 100 ਮੈਗਾਵਾਟ ਬੈਟਰੀ ਤੋਂ ਪ੍ਰਾਪਤ ਹੋਣ ਵਾਲੀ ਬਿਜਲੀ ਲਈ ਸ਼ੈਲ ਅਨਰਜੀ ਅਤੇ ਐਡਿਫੀ ਕੰਪਨੀ ਨਾਲ ਅਗਲੇ 10 ਸਾਲਾਂ ਲਈ 3.2 ਬਿਲੀਅਨ ਡਾਲਰ ਦੇ ਕੰਟਰੈਕਟ ਤਹਿਤ ਇਕਰਾਰ ਨਾਮੇ ਉਪਰ ਹਸਤਾਖਰ ਕਰ ਲਏ ਹਨ।
ਇਸ ਇਕਰਾਰ ਦੇ ਤਹਿਤ ਹੁਣ ਲਿਡਲ ਪਾਵਰ ਸਟੇਸ਼ਨ ਦੇ ਬੰਦ ਹੋਣ ਤੋਂ ਪਹਿਲਾਂ ਹੀ ਡਾਰਲਿੰਗਟਨ ਪੁਆਇੰਟ ਸੋਲਰ ਫਾਰਮ (ਰਿਵਰੀਨਾ) ਵਿਖੇ 100 ਮੈਗਾਵਾਟ ਦੀ ਬੈਟਰੀ ਸਥਾਪਤ ਕੀਤੀ ਜਾਵੇਗੀ ਅਤੇ ਉਕਤ ਮੰਗ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਨਵੇਂ ਸਮਝੌਤੇ ਨਾਲ ਰਾਜ ਵਿਚਲੀ ਬਿਜਲੀ ਦੀ ਮੰਗ ਉਪਰ ਉਸਾਰੂ ਤਰੀਕਿਆਂ ਦੇ ਨਾਲ ਅਸਰ ਪਵੇਗਾ ਅਤੇ ਲੋਕਾਂ ਨੂੰ ਬਿਜਲੀ ਦੀ ਸੁਰੱਖਿਆ ਵਾਸਤੇ ਖਰਚੇ ਜਾਣ ਵਾਲੇ ਪੈਸੇ ਦੀ ਪੂਰੀ ਕੀਮਤ ਵੀ ਅਦਾ ਹੋਵੇਗੀ।
ਕੰਪਨੀਆਂ ਦੇ ਸੀ.ਈ.ਓ. ਗਰੈਗ ਜਾਇਨਰ ਅਤੇ ਜੋਹਨ ਕੋਲ ਨੇ ਰਾਜ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਇਕਰਾਰ ਨੂੰ ਨਿਭਾਉਣ ਲਈ ਪੁਰਾ ਜ਼ੋਰ ਲਗਾ ਦੇਣਗੇ ਅਤੇ ਜਿਵੇਂ ਕਿ ਰਾਜ ਸਰਕਾਰ ਨਾਲ ਉਨ੍ਹਾਂ ਦੇ ਪੁਰਾਣੇ ਰਿਸ਼ਤੇ ਚਲਦੇ ਆ ਰਹੇ ਹਨ, ਨੂੰ ਪੂਰੀ ਤਰ੍ਹਾਂ ਨਿਭਾਉਣਗੇ।
ਉਕਤ ਕੰਟਰੈਟਕ ਜੁਲਾਈ 2022 ਵਿੱਚ ਮੌਜੂਦਾ ਕੰਟੈਰਕਟ ਦੇ ਖ਼ਤਮ ਹੋਣ ਨਾਲ ਸ਼ੁਰੂ ਹੋਵੇਗਾ ਅਤੇ ਬੈਟਰੀ 2023 ਦੇ ਸ਼ੁਰੂ ਵਿੱਚ ਹੀ ਬਣ ਕੇ ਤਿਆਰ ਹੋ ਜਾਵੇਗੀ। ਇਸ ਨਾਲ ਘੱਟੋ ਘੱਟ 35 ਸਥਾਨਕ ਲੋਕਾਂ ਨੂੰ ਰੌਜ਼ਗਾਰ ਮੁਹੱਈਆ ਹੋਵੇਗਾ ਅਤੇ ਲਿਡਲ ਪਾਵਰ ਸਟੇਸ਼ਨ ਦੇ ਬੰਦ ਹੋਣ ਕਾਰਨ ਪੈਦਾ ਹੋਣ ਵਾਲੀ ਬਿਜਲੀ ਦੀ ਘਾਟ ਨੂੰ ਇਸ ਪ੍ਰਾਜੈਟਕ ਰਾਹੀਂ ਹੀ ਪੂਰਾ ਕੀਤਾ ਜਾਵੇਗਾ।