ਪੜ੍ਹਾਈ ਲੈ ਗਈ ਗੁਰਬਤ ਤੋਂ ਗਵਰਨਰ ਤੱਕ…

ਨਿਊਜ਼ੀਲੈਂਡ ’ਚ ਪਹਿਲੀ ਵਾਰ ਮਾਓਰੀ ਮੂਲ ਦੀ ਮਹਿਲਾ ਡੇਮ ਸਿੰਡੀ ਕੀਰੋ ਬਣੇਗੀ ਗਵਰਨਰ ਜਨਰਲ

ਆਕਲੈਂਡ :- ਨਿਊਜ਼ੀਲੈਂਡ ਦੀ ਮੌਜੂਦਾ ਗਵਰਨਰ ਜਨਰਲ ਡੇਮ ਪੈਟਸੇ ਰੈਡੀ ਅਕਤੂਬਰ ਮਹੀਨੇ ਰਿਟਾਇਰ ਹੋ ਰਹੀ ਹੈ। ਅਗਾਊਂ ਤਿਆਰੀਆਂ ਦੇ ਮੱਦੇ ਨਜ਼ਰ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਵੀਂ ਗਵਰਨਰ ਜਨਰਲ ਦੇ ਨਾਂਅ ਦਾ ਐਲਾਨ ਕੀਤਾ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਮਾਓਰੀ ਮੂਲ ਦੀ ਪਹਿਲੀ ਮਹਿਲਾ ਗਵਰਨਰ ਜਨਰਲ ਡੇਮ ਸਿੰਡੀ ਕਿਰੋ ਬਨਣ ਜਾ ਰਹੀ ਹੈ। ਰਾਜਾਸ਼ਾਹੀ ਦਾ ਇਕ ਉਚ ਪੱਧਰੀ ਸਨਮਾਨ ‘ਕਨਾਈਟ ਜਾਂ ਡੇਮ ਕੰਪੇਨਨ’ ਜਦੋਂ ਮਿਲਦਾ ਹੈ ਤਾਂ ਨਾਂਅ ਮੂਹਰੇ ਡੇਮ ਲਗਾ ਦਿੱਤਾ ਜਾਂਦਾ ਹੈ। ਸਿੰਡੀ ਕਿਰੋ ਨੂੰ ਇਹ ਸਨਮਾਨ ਮਿਲ ਚੁੱਕਾ ਹੈ।
ਬਹੁਤ ਹੀ ਗਰੀਬ ਪਰਿਵਾਰ ਦੇ ਵਿਚ ਇਸਦਾ ਜਨਮ 1958 ਦੇ ਵਿਚ ਹੋਇਆ ਅਤੇ  ਮਾਪਿਆਂ ਦੇ 6 ਬੱਚਿਆਂ ਵਿਚੋਂ ਇਹ ਵੱਡੀ ਹੈ।  ਇਸਨੇ ਉਚ ਸਤਰ ਦੀ ਪੜ੍ਹਾਈ ਕੀਤੀ ਹੋਈ ਹੈ। ਉਹ ਪੀ. ਐਚ. ਡੀ. ਅਤੇ ਐਮ. ਬੀ.ਏ ਇਨ ਬਿਜਨਸ ਐਡਮਨਿਸਟਰੇਸ਼ਨ ਹੈ। ਉਹ ਅਧਿਆਪਨ ਕਿੱਤੇ ਨਾਲ ਸਬੰਧਿਤ ਰਹੀ ਹੈ। 1995 ਤੋਂ 2000 ਤੱਕ ਮੈਸੀ ਯੂਨੀਵਰਸਿਟੀ ਸੀਨੀਅਰ ਲੈਕਚਰਾਰ (ਸ਼ੋਸ਼ਲ) ਵਜੋਂ ਪੜ੍ਹਾਇਆ। ਉਸਨੇ ਸੋਸ਼ਲ ਵਰਕਰ ਵਜੋਂ ਵੀ ਡਿਗਰੀ ਹਾਸਿਲ ਕੀਤੀ ਹੋਈ ਹੈ।

ਯੂਨੀਵਰਸਿਟੀ ਆਫ ਔਕਲੈਂਡ ਦੇ ਵਿਚ ਉਹ ਪ੍ਰੋ ਵਾਈਸ ਚਾਂਸਲਰ ਮਾਓਰੀ ਰਹੀ ਹੈ ਅਤੇ ਇਸ ਵੇਲੇ ਰਾਇਲ ਸੁਸਾਇਟੀ ਟੀ ਅਪਾਰਾਂਗੀ ਦੀ ਚੀਫ ਐਗਜ਼ੀਕਿਊਟਿਵ ਹੈ।  ਉਚ ਪੜ੍ਹਾਈ ਇਸ ਮਹਿਲਾ ਨੂੰ ਗੁਰਬਤ ਤੋਂ ਗਵਰਨਰ ਜਨਰਲ ਤੱਕ ਲੈ ਗਈ ਹੈ, ਜੋ ਕਿ ਇਕ ਉਦਾਹਰਣ ਹੈ। ਡੈਮ ਸਿੰਡੀ  ਕਿਰੋ ਡਾ. ਰਿਚਰਡ ਦੇ ਨਾਲ ਵਿਆਹੀ ਹੋਈ ਹੈ ਅਤੇ ਇਸਦੇ ਚਾਰ ਬੇਟੇ ਹਨ। ਡੇਮ ਸਿੰਡੀ 21 ਅਕਤੂਬਰ ਨੂੰ ਦੇਸ਼ ਦੀ 22ਵੀਂ ਗਵਰਨਰ ਜਨਰਲ ਬਣ ਜਾਵੇਗੀ। ਅੱਜ ਦੇ ਭਾਸ਼ਣ ਵਿਚ ਉਸਨੇ ਜਿੱਥੇ ਮਾਓਰੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਨਾਲ ਨਮਸਕਾਰ ਦੇ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਗਵਰਨਰ ਜਨਰਲ ਦਾ ਕੰਮ ਦੇਸ਼ ਦੀ ਰਾਣੀ ਦੀ ਪ੍ਰਤੀਨਿਧਤਾ ਕਰਨਾ ਹੁੰਦਾ ਹੈ। ਗਵਰਨਰ ਜਨਰਲ ਦੀ ਸਲਾਨਾ ਤਨਖਾਹ 3 ਲੱਖ 71 ਹਜ਼ਾਰ 900 ਡਾਲਰ ਹੈ। ਇਸ ਤੋਂ ਇਲਾਵਾ 33,358 ਡਾਲਰ ਹੋਰ ਭੱਤੇ ਵੱਖਰੇ ਹਨ।

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ 2006 ਤੋਂ 2011 ਤੱਕ ਭਾਰਤੀ ਮੂਲ ਦੇ ਸਰ ਅਨੰਦ ਸੱਤਿਆਨੰਦ ਵੀ 19ਵੇਂ ਗਵਰਨਰ ਜਨਰਲ ਰਹਿ ਚੁੱਕੇ ਹਨ। ਵਿਗਿਆਨ ਭਵਨ ਦੇ ਵਿਚ ਸੰਨ 2011 ਦੇ ਵਿਚ ਉਨ੍ਹਾਂ ਨੂੰ ਨੌਵੇਂ ਪ੍ਰਵਾਸੀ ਭਾਰਤੀ ਸੰਮੇਲਨ ਮੌਕੇ ਪ੍ਰਵਾਸੀ ਭਾਰਤੀਆ ਸਨਮਾਨ ਵੀ ਦਿੱਤਾ ਗਿਆ ਸੀ।