ਇਹਨੂੰ ਕਹਿੰਦੈ… ਰਿੱਧੀ ਖੀਰ ਤੇ ਬਣ ਗਿਆ ਦਲੀਆ

ਟੌਰੰਗਾ ਕੌਂਸਿਲ ਨੇ ਤਕਨੀਕੀ ਖਰਾਬੀ ਨਾਲ ਬਣ ਰਹੀ ਅਧੂਰੀ ਸੱਤ ਮੰਜ਼ਿਲੀ ਕਾਰ ਪਾਰਕ ਵੇਚੀ 1 ਡਾਲਰ ਵਿਚ

ਆਕਲੈਂਡ :- ਆਮ ਤੌਰ ’ਤੇ ਨਿਊਜ਼ੀਲੈਂਡ ਦੇ ਵਿਚ ਸਸਤੀ ਚੀਜ਼ ਖਰੀਦਣੀ ਹੋਵੇ ਤਾਂ ਦੋ ਡਾਲਰ ਸ਼ਾਪ ਉਤੇ ਜਾਇਆ ਜਾਂਦਾ ਹੈ, ਪਰ ਹੈਰਾਨੀ ਹੋਵੇਗੀ ਜੁਲਾਈ 2018 ਦੀ ਨਿਰਧਾਰਤ ਕੌਂਸਿਲ ਦੀ ਕੀਮਤ ਅਨੁਸਾਰ 36 ਲੱਖ 60 ਹਜ਼ਾਰ ਦੀ ਜ਼ਮੀਨ, ਫਿਰ ਉਸ ਥਾਂ ਉਤੇ 19 ਮਿਲੀਅਨ ਡਾਲਰ 550 ਕਾਰਾਂ ਦੇ ਲਈ ਬਣ ਰਹੀ ਬਹੁ ਮੰਜ਼ਿਲੀ ਕਾਰ ਪਾਰਕ ਉਤੇ ਲੱਗ ਚੁੱਕਾ ਹੋਵੇ ਅਤੇ ਇਸਨੂੰ ਟੌਰੰਗਾ ਕੌਂਸਿਲ ਨੇ 1 ਡਾਲਰ ਵਿਚ ਵੇਚ ਦਿੱਤਾ ਹੋਵੇ। ਇਹ ਗੱਲ ਸੱਚੀ ਹੈ ਅਤੇ ਅਗਲੇ ਸਿਆਣਪ ਵੀ ਇਸੇ ਗੱਲ ਵਿਚ ਸਮਝਦੇ ਹਨ।
ਟੌਰੰਗਾ ਦੇ ਹਰਿੰਗਟਨ ਸਟ੍ਰੀਟ ਉਤੇ ਬਣ ਰਹੀ ਇਸ ਕਾਰ ਪਾਰਕ ਦੀ ਅਗਲਿਆਂ ਨੇ ਰਜਿਟਰੀ ਕਰਵਾ ਲਈ ਹੈ ਸ਼ਰਤ ਇਹ ਹੈ ਕਿ ਪੁਰਾਣੀ ਕਾਰ ਪਾਰਕ ਦੀ ਇਮਾਰਤ ਨੂੰ ਢਾਅ ਕੇ ਦੁਬਾਰਾ ਆਪਣੇ ਖਰਚੇ ਉਤੇ ਸੁਰਖਿਅਤ ਕਾਰ ਪਾਰਕ ਬਣਾਈ ਜਾਵੇ।  ਦਰਅਸਲ ਹਰਿੰਗਟਨ ਸਟ੍ਰੀਟ ਉਤੇ 2252 ਵਰਗ ਮੀਟਰ ਵਾਲੀ ਇਸ ਥਾਂ ਉਤੇ ਟੌਰੰਗਾ ਕੌਂਸਿਲ ਨੇ 29 ਮਿਲੀਅਨ ਡਾਲਰ ਲਾ ਕੇ 535 ਕਾਰਾਂ, 250 ਸਾਈਕਲ, 53 ਮੋਟਰਬਾਈਕ, 15 ਮੋਬਲਿਟੀ , ਇਲੈਕਟ੍ਰਿਕ ਚਾਰਜ ਪੁਆਇੰਟ, ਸ਼ਾਵਰ ਅਤੇ ਲਾਕਰਜ਼ ਦੇ ਲਈ ਸੱਤ ਮੰਜ਼ਿਲੀ ਕਾਰ ਪਾਰਕ ਬਣਾਉਣੀ ਸੀ। ਜਿਸ ਦਾ ਕਾਰਜ ਜੂਨ 2018 ਦੇ ਵਿਚ ਸ਼ੁਰੂ ਹੋਇਆ। ਵੱਡੀ ਕੰਪਨੀ ਨੂੰ ਠੇਕਾ ਦਿੱਤਾ ਗਿਆ। ਕਹਾਣੀ ਜੂਨ 2020 ਦੇ ਵਿਚ ਉਦੋਂ ਵਿਗੜ ਗਈ ਜਦੋਂ 19-20 ਮਿਲੀਅਨ ਲੱਗ ਚੁੱਕਾ ਸੀ ਅਤੇ ਇੰਜੀਨੀਅਰਾਂ ਨੂੰ ਪਤਾ ਲੱਗਿਆ ਕਿ ਇਸ ਇਮਾਰਤ ਦੇ ਵਿਚ ਭੁਚਾਲ ਤੋਂ ਬਚਾਅ ਲਈ ਕੀਤੇ ਗਏ ਤਕਨੀਕੀ ਕੰਮ ਸਹੀ ਨਹੀਂ ਹਨ। ਮਾਮਲਾ ਬੜੇ ਸਾਲਾਂ ਤੋਂ ਉਲਝਿਆ ਪਿਆ ਸੀ ਅਤੇ ਆਖਿਰ ਪਿਛਲੇ ਸਾਲ ਫੈਸਲਾ ਲੈ ਲਿਆ ਕਿ ਇਸ ਨੂੰ ਢਾਹ ਕੇ ਬਨਾਉਣ ਨਾਲ ਕੁੱਲ ਖਰਚ 60 ਮਿਲੀਅਨ ਡਾਲਰ ਤੱਕ ਪੁੱਜ ਜਾਵੇਗਾ। ਜੇਕਰ ਕੌਂਸਿਲ ਇਸਨੂੰ ਢਾਹੁੰਦੀ ਸੀ ਤਾਂ 7 ਮਿਲੀਅਨ ਤੋਂ 10 ਮਿਲੀਅਨ ਡਾਲਰ ਦਾ ਖਰਚਾ ਸੀ। ਆਖਿਰ ਕੌਂਸਿਲ ਨੇ ਇਸ ਥਾਂ ਨੂੰ ਜਿਵੇਂ ਹੈ ਉਵੇਂ ਹੀ ਇਕ ਕੰਪਨੀ ਨੂੰ ਸਿਰਫ 1 ਡਾਲਰ ਵਿਚ ਵਾਇਬੋਪ (ਹਰਿੰਗਟਨ) ਲਿਮਟਿਡ (Waibop (8arrington) Limited) ਨੂੰ ਵੇਚ ਦਿੱਤਾ। ਸ਼ਰਤਾਂ ਇਹ ਹਨ ਕਿ ਇਥੇ ਹੁਣ ਕੰਪਨੀ ਆਪਣੀ ਮਾਲਕੀ ਹੇਠ ਕਾਰ ਪਾਰਕ ਦੁਬਾਰਾ ਬਣਾਏਗੀ। ਜੇਕਰ ਇਹ ਇਸ ਗੱਲ ਤੋਂ ਮੁੱਕਰਦੀ ਹੈ ਤਾਂ 2 ਲੱਖ ਜਾ ਜ਼ੁਰਮਾਨਾ ਹੋਵੇਗਾ।
ਲੋਕਾਂ ਦਾ ਕਹਿਣਾ ਹੈ ਕਿ ਕੌਂਸਿਲ ਨੇ ਉਨ੍ਹਾਂ ਦਾ ਮਿਲੀਅਨ ਡਾਲਰ ਟੈਕਸ ਖੂਹ ਦੇ ਵਿਚ ਸੁੱਟ ਦਿੱਤਾ ਹੈ।  ਕੌਂਸਿਲ ਵੱਲੋਂ ਕਾਰ ਪਾਰਕ ਦਾ ਡਿਜ਼ਾਈਨ ਕਰਨ ਵਾਲਿਆਂ Engineering New Zealand (ENZ) ਉਤੇ ਕੇਸ ਕਰਕੇ ਇਹ ਪੈਸਾ ਵਾਪਿਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਿਆਣਿਆ ਠੀਕ ਹੀ ਕਿਹਾ ਹੈ ਕਿ ਕਈ ਵਾਰ ਵਿਅਕਤੀ ਆਪਣੇ ਵੱਲੋਂ ਖੀਰ ਬਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਦਲੀਆ ਬਣ ਕੇ ਰਹਿ ਜਾਂਦੀ ਹੈ, ਸੋ ਅਜਿਹਾ ਹੀ ਟੌਰੰਗਾ ਕੌਂਸਿਲ ਦੇ ਨਾਲ ਹੋਇਆ ਹੈ।
ਅਜਿਹੀਆਂ ਗੱਲਾਂ ਕਈ ਵਾਰ ਭਾਰਤ ਦੇ ਵਿਚ ਵੀ ਸੁਨਣ ਨੂੰ ਮਿਲਦੀਆਂ ਹਨ ਕਿ ਅਡਾਨੀ ਅੰਬਾਨੀ ਜ਼ਮੀਨ ਦੱਬ ਗਏ, ਦਰਅਸਲ ਸਰਕਾਰਾਂ ਇਸ ਪਿੱਛੇ ਕਈ ਮਕਸੱਦ ਸਿੱਧੇ ਕਰ ਜਾਂਦੀਆਂ ਹਨ ਤੇ ਵਪਾਰੀ ਲੋਕ ਦੂਰ ਦ੍ਰਿਸ਼ਟੀ ਵਰਤ ਆਮਦਨ ਦਾ ਖਜ਼ਾਨਾ ਲੱਭ ਲੈਂਦੇ ਹਨ।