ਵਿਕਟੋਰੀਆ ਰਾਜ ਅੰਦਰ ਜਨਤਕ ਟ੍ਰਾਂਸਪੋਰਟਾਂ ਆਦਿ ਵਿੱਚ ਮਾਸਕ ਪਾਉਣਾ ਲਾਜ਼ਮੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਰੋਨਾ ਦੀਆਂ ਪਾਬੰਧੀਆਂ ਤਹਿਤ, ਰਾਜ ਸਰਕਾਰ ਦੇ ਮੌਜੂਦਾ ਫੈਸਲੇ ਦੌਰਾਨ ਇਹ ਐਲਾਨ ਕੀਤਾ ਗਿਆ ਹੈ ਕਿ ਰਾਜ ਦੀਆਂ ਜਨਤਕ ਟ੍ਰਾਂਸਪੋਰਟਾਂ ਜਿਵੇਂ ਕਿ ਰੇਲ ਗੱਡੀਆਂ ਅਤੇ ਟ੍ਰਾਮਾਂ ਆਦਿ ਵਿੱਚ ਮੂੰਹ ਉਪਰ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਜੇਕਰ ਕੋਈ ਇਸ ਦੀ ਅਣਗਹਿਲੀ ਕਰਦਾ ਹੈ ਤਾਂ ਉਸਨੂੰ ਮੌਕੇ ਤੇ ਹੀ 200 ਡਾਲਰਾਂ ਦਾ ਜੁਰਮਾਨਾ ਕੀਤਾ ਜਾਵੇਗਾ।
ਦੇਖਣ ਵਿੱਚ ਆ ਰਿਹਾ ਹੈ ਕਿ ਜਦੋਂ ਦਾ ਮੈਲਬੋਰਨ ਵਿੱਚ ਬੀਤੇ ਸਾਲ ਨਵੰਬਰ ਦੇ ਮਹੀਨੇ ਤੋਂ ਕਰੋਨਾ ਕਾਰਨ ਦੂਸਰਾ ਲਾਕਡਾਊਨ ਲਗਾਇਆ ਗਿਆ ਸੀ ਤਾਂ ਉਦੋਂ ਤੋਂ ਹੁਣ ਤੱਕ ਜਨਤਕ ਟ੍ਰਾਂਸਪੋਰਟਾਂ ਆਦਿ ਵਿੱਚ ਯਾਤਰੀਆਂ ਵੱਲੋਂ ਮੂੰਹ ਉਪਰ ਮਾਸਕ ਬੰਨਣ ਦਾ ਆਂਕੜਾ 88% ਤੋਂ ਗਿਰ ਕੇ 50% ਤੱਕ ਪਹੁੰਚ ਗਿਆ ਸੀ ਅਤੇ ਇਸੇ ਦੇ ਤਹਿਤ ਲੋਕਾਂ ਨੂੰ ਕਰੋਨਾ ਦੇ ਫੈਲਾਅ ਤੋਂ ਬਚਾਉਣ ਖਾਤਰ ਹੁਣ ਉਕਤ ਫੈਸਲਾ ਲਿਆ ਗਿਆ ਹੈ।
ਜਨਤਕ ਟ੍ਰਾਂਸਪੋਰਟ ਮੰਤਰੀ ਬੈਨ ਕੈਰਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹਾ ਜਨਹਿਤ ਵਿੱਚ ਹੀ ਲਿਆ ਗਿਆ ਫੈਸਲਾ ਹੈ ਅਤੇ ਇਸ ਦੋ ਹਫ਼ਤਿਆਂ ਦੀ ਮੁਹਿੰਮ ਵਿੱਚ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ਤੇ ਹੀ ਜੁਰਮਾਨਾ ਕੀਤਾ ਜਾਵੇਗਾ।