ਕਿਸਾਨੀ ਅੰਦੋਲਨ 26 ਨਵੰਬਰ ਤੋ 26 ਮਈ ਤੱਕ, ਛੇ ਮਹੀਨੇ ਦਾ ਲੇਖਾ ਜੋਖਾ

ਅੰਦੋਲਨ ਦੀ ਸ਼ੁਰੂਆਤ ਭਾਂਵੇਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਤੋ ਕਾਫੀ ਸਮਾ ਪਹਿਲਾਂ ਕਰ ਦਿੱਤੀ ਸੀ।ਪੰਜਾਬ ਦੇ ਵੱਖ ਵੱਖ ਥਾਵਾਂ ਤੇ ਅਲੱਗ ਅਲੱਗ ਰੇਲਵੇ ਲਾਇਨਾਂ,ਟੋਲ ਪਲਾਜਿਆਂ,ਸ਼ੌਪਿੰਗ ਮਾਲਾਂ,ਪੈਟਰੋਲ ਪੰਪਾਂ ਤੇ ਧਰਨੇ ਲਾ ਕੇ ਕਿਸਾਨਾਂ ਨੇ ਸਰਮਾਏਦਾਰ ਜਮਾਤ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਦਾ ਤੁਹਾਡਾ ਸੁਪਨਾ ਐਨਾ ਜਲਦੀ ਪੂਰਾ ਹੋਣ ਵਾਲਾ ਨਹੀ,ਬਲਕਿ ਸਾਡੀ ਰੋਜੀ ਰੋਟੀ ਖੋਹਣ ਵੱਲ ਵੱਧਦੇ ਤੁਹਾਡੇ ਕਦਮਾਂ ਦੀ ਦੜਦੜਾਹਟ ਨੇ ਸਾਨੂੰ ਗੂੜ੍ਹੀ ਨੀਂਦ ਚੋ ਜਗਾਉਣ ਦਾ ਕੰਮ ਕੀਤਾ ਹੈ।ਪੰਜਾਬ ਦੀ ਜਰਖੇਜ ਧਰਤੀ ਨੂੰ ਕਾਰਖਾਨਿਆਂ ਚ ਬਦਲਣ ਦੀ ਤੁਹਾਡੀ ਮੁਨਾਫਾਖੋਰ ਯੋਜਨਾ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਤੁਹਾਡੇ ਪੰਜਾਬ ਸਮੇਤ ਪੂਰੇ ਭਾਰਤ ਅੰਦਰ ਚੱਲ ਰਹੇ ਕਾਰੋਵਾਰ ਸਾਡੇ ਲਈ ਸਹੂਲਤ ਨਹੀ,ਬਲਕਿ  ਸਮੁੱਚੇ ਵਰਗਾਂ ਦੇ ਲੋਕਾਂ ਦੀਆਂ ਨਸਲਾਂ ਦੀ ਬਰਬਾਦੀ ਦਾ ਮੁੱਢ ਸਾਬਤ ਹੋਣ ਵਾਲੀਆਂ ਹਨ,ਜਿੰਨਾਂ ਨੂੰ ਪੰਜਾਬ ਦੇ ਲੋਕਾਂ ਨੇ ਸਮਝਿਆ ਹੀ ਨਹੀ ਸੀ। ਜਦੋ ਪਿਛਲੇ ਸਾਲ 2020 ਚ ਭਾਰਤ ਦੀ ਸਰਮਾਏਦਾਰ ਪੱਖੀ ਸਰਕਾਰ ਨੇ  ਤਿੰਨ ਕਾਲੇ ਖੇਤੀ ਕਨੂੰਨ ਪਾਸ ਕੀਤੇ,ਤਾਂ ਜਾ ਕੇ ਲੋਕਾਂ ਦੀ ਜਾਗ ਖੁੱਲੀ ਕਿ ਕਿਸਤਰਾਂ ਮੁੱਠੀ ਭਰ ਕਾਰਪੋਰੇਟ ਜਗਤ ਭਾਰਤ ਦੇ 140 ਕਰੋੜ ਲੋਕਾਂ ਨੂੰ ਅਪਣੀ ਕਠਪੁੱਤਲੀ ਬਨਾਉਣਾ ਚਾਹੁੰਦਾ ਹੈ। ਇਹ ਸਿਹਰਾ ਪੰਜਾਬ ਦੇ ਅਣਖੀ ਲੋਕਾਂ ਸਿਰ ਜਾਂਦਾ ਹੈ,ਜਿਹੜੇ ਪਹਿਲਾਂ ਆਪ ਜਾਗੇ ਅਤੇ ਫਿਰ ਪੂਰੇ ਦੇਸ਼ ਨੂੰ ਜਗਾਇਆ। ਭਾਰਤ ਸਰਕਾਰ ਦੀ ਇਸ ਬਦਨੀਤੀ ਦੇ ਖਿਲਾਫ ਉੱਠੇ ਰੋਹ ਦਾ ਹੀ ਕਮਾਲ ਸੀ ਕਿ ਹਮੇਸਾਂ ਬੁੱਢੇ ਠੇਰਿਆਂ ਅਤੇ ਅਨਪੜ ਕਿਸਾਨਾਂ ਦੀਆਂ ਸਮਝੀਆਂ ਜਾਣ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਇਕੱਠਾਂ ਵਿੱਚ ਪੰਜਾਬ ਦਾ ਗੱਭਰੂ  ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਾ ਦੇਖਿਆ ਗਿਆ। ਬਿਨਾ ਸ਼ੱਕ ਗੱਭਰੂਆਂ ਦੀ ਸ਼ਮੂਲੀਅਤ ਨੇ ਇਸ ਕਿਸਾਨੀ ਘੋਲ ਨੂੰ ਦੇਸ਼ ਦੇ ਲੋਕਾਂ ਦੀ ਵੱਡੀ ਲਹਿਰ ਬਨਾਉਣ ਵਿੱਚ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਕਿਸਾਨ ਜਥੇਬੰਦੀਆਂ ਨੇ ਨੌਜੁਆਨੀ ਦੇ ਹੌਸਲੇ ਅਤੇ ਸਮਰੱਪਣ ਦੀ ਭਾਵਨਾ ਨੂੰ ਦੇਖਦਿਆਂ ਹੀ ਦਿੱਲੀ ਜਾਣ ਦਾ ਹੋਕਾ ਦੇ ਦਿੱਤਾ।ਇਹ ਵੀ ਝੂਠ ਨਹੀ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਵੱਲ ਕੂਚ ਕਰਨ ਦਾ ਨਾਹਰਾ ਦਿੱਤਾ ਸੀ,ਜਿਸ ਤੇ ਪਹਿਰਾ ਦਿੰਦਿਆਂ ਹੀ ਪੰਜਾਬੀ ਨੌਜੁਆਨਾਂ ਨੇ ਇਸ ਫੈਸਲੇ ਨੂੰ ਅਮਲੀ ਰੂਪ ਚ ਸਮਝਿਆ ਤੇ ਲਾਗੂ ਕੀਤਾ।

ਇਸ ਤੋ ਪਹਿਲਾਂ ਏਥੇ ਇਹ ਸਮਝਣਾ ਵੀ ਬੇਹੱਦ ਜਰੂਰੀ ਹੋਵੇਗਾ ਕਿ ਦਿੱਲੀ ਜਾਣ ਦੇ ਹੋਕੇ ਤੋ ਬਾਅਦ ਇੱਕਦਮ ਹੀ ਪੰਜਾਬ ਦੀ ਜੁਆਨੀ ਚ ਐਨਾ ਜੋਸ਼ ਕਿੱਥੋਂ ਆ ਗਿਆ ਕਿ ਉਹ ਦਿੱਲੀ ਜਾਣ ਲਈ ਕਾਹਲੇ ਪੈ ਗਏ।ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਵੱਲ ਕੂਚ ਕਰਨਾ ਸਬਦ ਹੀ ਅਪਣੇ ਆਪ ਵਿੱਚ ਇੱਕ ਵਿਦਰੋਹ ਦਾ ਹੋਕਾ ਹੈ,ਜਿਸ ਨੇ ਪੰਜਾਬ ਦੀ ਜੁਆਨੀ ਨੂੰ ਜਜ਼ਬਾਤਾਂ ਨਾਲ ਲਬਰੇਜ ਕਰ ਦਿੱਤਾ।ਇਸ ਹੋਕੇ ਤੋਂ ਬਾਅਦ ਹੀ ਪੰਜਾਬੀਆਂ ਅੰਦਰ ਉਹਨਾਂ ਦੇ ਸ਼ਾਨਾਂਮੱਤੇ ਵਿਰਸੇ ਨੇ ਅੰਗੜਾਈ ਭਰੀ।ਇਹ ਅੰਗੜਾਈ ਕੋਈ ਮਾਰਕਸ,ਲੈਨਿਨ ਜਾਂ ਮਾਓ ਦੇ ਕਿਤਾਬੀ ਗਿਆਨ ਚੋ ਨਹੀ ਪਣਪੀ,ਬਲਕਿ ਉੱਨੀਵੀਂ ਸਦੀ ਦੇ ਮਹਾਂਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ ਹੋਰਾਂ ਦੇ ਸਿਰਜੇ ਹਕੀਕੀ ਇਤਿਹਾਸ ਦੇ ਕੁਦਰਤੀ ਗਿਆਨ ਚੋ ਭਰੀ ਗਈ।ਅਜਿਹਾ ਗਿਆਨ ਜਿਹੜਾ ਕਿਸੇ ਲਹੂ ਲਿਬੜੀ ਤਲਬਾਰ ਚ ਜਨਮੀ ਕੌਂਮ ਦੇ ਰਗ ਰਗ ਵਿੱਚ ਸਮੋਇਆ ਹੁੰਦਾ ਹੈ,ਇਸ ਲਈ ਅਜਿਹੀ ਅੰਗੜਾਈ ਜਾਗਦੀਆਂ ਕੌਮਾਂ ਅਕਸਰ ਹੀ ਭਰਦੀਆਂ ਹਨ ਅਤੇ ਜਦੋ ਅਜਿਹੀ ਅੰਗੜਾਈ ਭਰਦੀਆਂ ਹਨ ਤਾਂ ਉਹਨਾਂ ਦੀ ਇਹ ਅੰਗੜਾਈ ਮੀਲ ਪੱਥਰ ਸਾਬਤ ਹੋ  ਨਿਬੜਦੀ ਹੈ। ਇਸ ਵਰਤਾਰੇ ਨੂੰ ਕੁਦਰਤੀ ਕਹਿਣਾ ਜਾਂ ਅਕਾਲ ਪੁਰਖ ਦੀ ਕਲਾ ਵਰਤਣ ਵਰਗਾ ਨਾਮ ਦੇਣਾ ਇਸ ਲਈ ਵਾਜਬ ਹੈ ਕਿਉਂਕਿ ਸਿੱਖ ਇੱਕ ਅਜਿਹੀ ਕੌਂਮ ਹੈ ਜਿਹੜੀ ਪੈਦਾ ਹੀ ਗੁਰੂ ਦੇ ਕੌਤਕ ਚੋ ਹੋਈ ਹੈ।1699 ਦੀ ਵਿਸਾਖੀ ਨੂੰ ਜਿਹੜਾ ਦੁਨੀਆਂ ਦੇ ਇਤਿਹਾਸ ਵਿੱਚ ਪਹਿਲਾ ਰਾਜਸੀ ਇਨਕਲਾਬ ਆਇਆ,ਜਿਸ ਨੇ ਲੋਕਤੰਤਰ ਪਰਨਾਲੀ ਦੀ ਨੀਂਹ ਰੱਖੀ,ਉਹ ਵੀ ਇੱਕ ਕੌਤਿਕ ਸੀ,ਰਜ਼ਾ ਸੀ ਓਸ ਅਕਾਲ ਪੁਰਖ ਦੀ,ਇੱਕ ਕਲਾ ਵਰਤੀ ਸੀ ਅਨੰਦਪੁਰ ਦੀ ਧਰਤੀ ਤੇ,ਜਿਸ ਚੋ ਖਾਲਸਾ ਕੌਂਮ ਪਰਗਟ ਹੋਈ ਸੀ।”ਸਹਿਬੇ ਕਮਾਲ” ਦੀ ਕਿਰਪਾਨ ਚੋ ਪਰਗਟ ਹੋਈ ਕੌਂਮ ਨੇ ਤਖਤਾਂ ਨੂੰ ਅਜਿਹੇ ਵਖਤ ਪਾਏ ਕਿ ਹਰ ਪਾਸੇ ਖਾਲਸੇ ਦਾ ਬੋਲਬਾਲਾ ਹੋ ਗਿਆ। ਜਿਹੜੇ ਲੋਕ ਅੱਜ ਗੁਰੂ ਦੀ ਕਲਾ ਵਰਤਣ ਵਰਗੇ ਸਬਦਾਂ ਤੇ ਤਨਜਾਂ ਕਸਦੇ ਹਨ,ਸਾਇਦ ਉਹਨਾਂ ਨੇ ਸਿੱਖ ਇਤਿਹਾਸ ਨੂੰ ਜਾਂ ਤਾ ਪੜਿਆ ਹੀ ਨਹੀ ਜਾਂ ਫਿਰ ਲੈਨਿਨ,ਮਾਓ ਅਤੇ ਭਗਵੀਂ ਐਨਕ ਨਾਲ ਪੜਿਆ ਹੈ,ਕਿਉਕਿ ਜੇਕਰ ਸਹੀ ਨਜਰੀਏ ਨਾਲ ਜਾਣਿਆ ਹੁੰਦਾ ਕਦੇ ਵੀ ਉਹਨਾਂ ਨੂੰ ਗੁਰੂ ਦੀ ਕਲਾ ਤੇ ਸੰਦੇਹ ਨਹੀ ਸੀ ਹੋ ਸਕਦਾ।

ਇੱਥੇ ਸੁਆਲ ਪੈਦਾ ਹੁੰਦਾ ਹੈ ਕਿ ਜਿਹੜੇ ਨਪੀੜੇ,ਨਿਤਾਣੇ,ਦੱਬੇ ਕੁਚਲੇ ਸੂਦਰ ਲੋਕ ਸਿੰਘ ਸਿਰਦਾਰ ਸਜ ਕੇ ਸਾਹੀ ਤਖਤਾਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ ਤੇ ਜਿੰਨਾਂ ਨੇ ਸੈਕੜੇ ਸਾਲਾਂ ਦੇ ਸਥਾਪਤ ਰਾਜ ਪ੍ਰਬੰਧ ਨੂੰ ਖੁਦੇੜ ਕੇ ਰੱਖ ਦਿੱਤਾ,ਕੀ ਉਹ ਵਰਤਾਰਾ ਗੁਰੂ ਦੇ ਕੌਤਕ ਤੋ ਬਗੈਰ ਸੰਭਵ ਹੋ ਸਕਦਾ ਸੀ ? ਇੱਕ ਪਾਸੇ ਸੈਕੜੇ ਸਾਲਾਂ ਦਾ ਸਥਾਪਤ ਰਾਜ ਪਰਬੰਧ ਅਤੇ ਦੂਸਰੇ ਪਾਸੇ ਸੈਕੜੇ ਸਾਲਾਂ ਦੀ ਹਕੂਮਤੀ ਗੁਲਾਮੀ ਅਤੇ ਜਾਤੀ ਵੰਡ ਦੇ ਸਤਾਏ ਉਹ ਮੁੱਠੀ ਭਰ ਲੋਕ,ਜਿੰਨਾਂ ਦਾ ਜੀਵਨ ਪੱਧਰ ਪਛੂਆਂ ਤੋ ਵੀ ਮਾੜਾ ਹੋਵੇ,ਜੇਕਰ ਉਹ ਲੋਕ ਅਜਿਹੇ ਪਰਬੰਧ ਨੂੰ ਖਦੇੜ ਦੇਣ ਤਾਂ ਇਹ ਮੰਨਣਾ ਹੋਵੇਗਾ ਕਿ ਇਹ ਗੁਰੂ ਦੀ ਲਹੂ ਲਿਬੜੀ ਕਿਰਪਾਨ ਨੇ ਕੌਤਕ ਵਰਤਾਇਆ ਹੈ ਭਾਵ ਗੁਰੂ ਦੀ ਕਲਾ ਹੀ ਵਰਤੀ ਹੈ।ਦਿੱਲੀ ਜਾਣ ਤੋ ਪਹਿਲਾਂ ਇਹ ਗੱਲ ਚੰਗੀ ਤਰਾਂ ਸਮਝਣੀ ਪਵੇਗੀ ਕਿ 26 ਨਵੰਬਰ 2020 ਤੋ ਪਹਿਲਾਂ ਜੋ ਜਨੂੰਨ ਪੰਜਾਬ ਦੇ ਕਿਸਾਨਾਂ ਚ ਦੇਖਿਆ ਗਿਆ,ਉਹ ਖੱਬੇ ਪੱਖੀ ਸੋਚ ਦਾ ਜਲਬਾ ਨਹੀ ਬਲਕਿ ਉੱਪਰ ਦੱਸੇ ਇਤਿਹਾਸ ਚੋ ਭਰੀ ਗਈ ਅੰਗੜਾਈ ਦੀ ਵਜਾਹ ਕਰਕੇ ਹੀ ਸੰਭਵ ਹੋ ਸਕਿਆ।ਇੱਥੇ ਇਹ ਕਹਿਣ ਵਿੱਚ ਵੀ ਕੋਈ ਗੁਰੇਜ ਨਹੀ ਕਿ ਤਬਾਂਕੂ ਚ ਧੁਆਂਖੀ ਅਤੇ ਸਰਾਬ ਚ ਡੁੱਬੀ ਸੋਚ ਕਦੇ ਵੀ ਇਤਿਹਾਸ ਸਿਰਜਣ ਦੇ ਸਮਰੱਥ ਨਹੀ ਹੋ ਸਕਦੀ,ਇਸ ਲਈ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਦਿੱਲੀ ਵੱਲ ਕੂਚ ਦਾ ਨਾਹਰਾ ਭਾਂਵੇਂ ਕਿਸਾਨ ਜਥੇਬੰਦੀਆਂ ਨੇ ਦਿੱਤਾ,ਪਰ ਉਹਦੇ ਅੰਦਰਲੀ ਵਿਦਰੋਹੀ ਭਾਵਨਾ ਨੂੰ ਕਿਸਾਨ  ਜਥੇਬੰਦੀਆਂ ਦੇ ਆਗੂਆਂ ਨੇ ਨਹੀ ਬਲਕਿ ਨੌਜੁਆਨੀ ਅਤੇ ਅਨਪੜ ਕਿਸਾਨੀ ਨੇ ਸਿੱਖੀ ਵਿਰਸੇ ਦੀ ਰੌਸ਼ਨੀ ਵਿੱਚ ਅਮਲ ਚ ਲਿਆਂਦਾ।

26 ਨਵੰਬਰ ਨੂੰ ਜਦੋ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ ਤਾਂ ਉਦੋ ਤੱਕ ਵੀ ਜਥੇਬੰਦੀਆਂ ਨੂੰ ਇਹ ਇਲਮ ਨਹੀ ਸੀ ਕਿ ਅੱਗੇ ਕੀ ਕਲਾ ਵਰਤਣ ਵਾਲੀ ਹੈ,ਬਲਕਿ ਉਹਨਾਂ ਚੋ ਬਹੁਤ ਸਾਰੇ ਆਗੂਆਂ ਦਾ ਦੱਬਵੀਂ ਅਵਾਜ ਵਿੱਚ ਇਹ ਕਹਿਣਾ ਹੈ ਕਿ ਸਾਡਾ ਪਰੋਗਰਾਮ ਜਿੱਥੇ ਸਰਕਾਰ ਰੋਕ ਲਵੇਗੀ,ਓਥੇ ਹੀ ਧਰਨਾ ਲਾਉਣ ਦਾ ਸੀ,ਸਾਨੂੰ ਇਹ ਬਿਲਕੁਲ ਵੀ ਉਮੀਦ ਨਹੀ ਸੀ ਕਿ ਅਸੀ ਇੱਕ ਦਿਨ ਦਿੱਲੀ ਪਹੁੰਚ ਕੇ ਇਤਿਹਾਸਿਕ ਅੰਦੋਲਨ ਸਿਰਜਣ ਵਾਲੇ ਲੋਕਾਂ ਚੋ ਗਿਣੇ ਜਾਵਾਂਗੇ।ਇਹੋ ਕਾਰਨ ਸੀ ਕਿ 26 ਜਨਵਰੀ ਨੂੰ ਰੋਸ ਮਾਰਚ ਦੇ ਸੱਦੇ ਤੋਂ ਬਾਅਦ ਜਿਸਤਰਾਂ ਕਿਸਾਨੀ ਅੰਦੋਲਨ ਦੀ ਸਟੇਜ ਤੋ ਕਿਸਾਨਾਂ ਨੂੰ ਉਤਸਾਹਿਤ ਅਤੇ ਉਕਸਾਉਣ ਵਾਲੇ ਬਿਆਨ ਆਉਂਦੇ ਰਹੇ,ਉਹਨਾਂ ਨੇ ਪੰਜਾਬੀ ਨੌਜੁਆਨਾਂ ਅੰਦਰ ਬਲ ਰਹੀ ਦਿੱਲੀ ਖਿਲਾਫ ਰੋਹ ਦੀ ਚਿੰਗਾੜੀ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ।ਭਾਂਵੇਂ ਕਿਸਾਨੀ ਅੰਦੋਲਨ ਦੇ ਡਰੇ ਹੋਏ ਨੇਤਾ ਹਾਲਾਤਾਂ ਨੂੰ ਭਾਪ ਗਏ ਸਨ,ਇਸ ਕਰਕੇ ਹੀ ਉਹਨਾਂ ਨੇ ਰੋਸ ਮਾਰਚ ਨੂੰ ਕਿਸਾਨ ਟਰੈਕਟਰ ਪਰੇਡ ਦਾ ਨਾਮ ਦਿੱਤਾ ਅਤੇ ਬਾਅਦ ਵਿੱਚ ਇਹ ਕਿਸਾਨ ਪਰੇਡ,ਕਿਸਾਨ ਗਣਤੰਤਰ ਪਰੇਡ ਬਣ ਗਈ,ਪ੍ਰੰਤੂ ਇਸ ਦੇ ਬਾਵਜੂਦ ਵੀ ਉਹ ਅਪਣੀ ਹੀ ਲਾਈ ਹੋਈ ਚਿੰਗਾੜੀ ਨੂੰ ਭਾਂਬੜ ਬਨਣ ਤੋ ਰੋਕ ਨਾ ਸਕੇ,ਇਸ ਦਾ ਕਾਰਨ ਇਹ ਸੀ ਕਿ ਕਿਸਾਨ ਆਗੂਆਂ ਨੇ ਨਾ ਹੀ ਕਦੇ ਐਨੇ ਵੱਡੇ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਨਾ ਹੀ ਉਹ ਇਸ ਆਸ ਨਾਲ ਆਏ ਹੀ ਸਨ।

ਕਿਸਾਨ ਨੇਤਾਵਾਂ ਦੀ ਮਾਨਸਿਕ ਕਮਜੋਰੀ ਨੂੰ ਕੇਂਦਰ ਦੀ ਹਕੂਮਤ ਸਮਝ ਚੁੱਕੀ ਸੀ,ਇਸ ਲਈ ਹੀ ਕੇਂਦਰ ਸਰਕਾਰ ਨੇ 26 ਜਨਵਰੀ ਵਾਲੇ ਦਿਨ ਦੇ ਰੋਸ ਮਾਰਚ ਨੂੰ ਜਾਣ ਬੁੱਝ ਕੇ ਵਿਸਫੋਟਕ ਬਣਾਇਆ। ਕੇਂਦਰ ਨੇ ਭਾਰਤੀ ਮੀਡੀਏ ਦੀ ਮਦਦ ਨਾਲ ਹਾਲਾਤ ਇਸ ਕਦਰ ਅਣਸੁਖਾਵੇਂ ਬਣਾ ਕੇ ਪੇਸ਼ ਕਰ ਦਿੱਤੇ ਕਿ ਹਰ ਪਾਸੇ ਲਾਲ ਕਿਲੇ ਤੇ ਜਾਣ ਵਾਲੇ ਕਿਸਾਨਾਂ ਮਜਦੂਰਾਂ,ਨੌਜੁਆਨਾਂ ਨੂੰ ਪਾਣੀ ਪੀ ਪੀ ਕੋਸਿਆ ਜਾਣ ਲੱਗਾ।ਇਹ ਹਾਲਾਤ ਕੇਂਦਰ ਸਰਕਾਰ ਲਈ ਉਦੋਂ ਹੋਰ ਵੀ ਸੁਖਾਂਵੇਂ ਹੋ ਗਏ ਜਦੋ ਭਾਰਤੀ ਮੀਡੀਏ ਦੇ ਨਾਲ ਹੀ ਕਿਸਾਨੀ ਅੰਦੋਲਨ ਦੇ ਨੇਤਾ ਵੀ ਅਪਣੇ ਨੌਜੁਆਨਾਂ ਦੇ ਖਿਲਾਫ ਹੋ ਗਏ।ਉਹਨਾਂ ਨੇ ਵੀ ਭਾਰਤੀ ਮੀਡੀਏ ਦੀ ਬੋਲੀ ਬੋਲ ਕੇ ਕੇਂਦਰ ਦਾ ਉਹ ਪੱਖ ਮਜਬੂਤ ਕਰ ਦਿੱਤਾ,ਜਿਸ ਦੇ ਜਰੀਏ ਕੇਂਦਰ ਨੇ ਅੰਦੋਲਨ ਨੂੰ ਨਿਰ ਉਤਸਾਹਿਤ ਕਰਨਾ ਸੀ।ਸੋ ਜਦੋ ਕੇਂਦਰ ਨੂੰ ਇਹ ਯਕੀਨ ਪੱਕਾ ਹੋ ਗਿਆ ਕਿ ਕਿਸਾਨ ਆਗੂ ਅਸਲੋਂ ਹੀ ਥਿੜਕ ਚੁੱਕੇ ਹਨ,ਤਾਂ ੳਹਨਾਂ ਨੇ ਨੌਜੁਆਨਾਂ ਨੂੰ ਨਿਸਾਨਾ ਬਨਾਉਣਾ ਸ਼ੁਰੂ ਕੀਤਾ,ਜਿਸ ਵਿੱਚ ਸੈਕੜੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕਰਕੇ ਜੇਹਲੀ ਸੁੱਟੇ ਗਏ।ਬਹੁਤ ਸਾਰਿਆਂ ਦੇ ਸਿਰਾਂ ਤੇ ਇਨਾਮ ਵੀ ਰੱਖੇ ਗਏ,ਤਾਂ ਕਿ ਲੋਕਾਂ ਵਿੱਚ ਦਹਿਸਤ ਦਾ ਮਹੌਲ ਸਿਰਜਿਆ ਜਾ ਸਕੇ,ਜਿਸ ਵਿੱਚ ਕੇਂਦਰ ਸਰਕਾਰ ਸਫਲ ਵੀ ਰਹੀ।

ਇਸ ਤੋ ਅਗਲਾ ਕਾਫੀ ਸਮਾ ਕਿਸਾਨੀ ਅੰਦੋਲਨ ਲਈ ਸਾਜਗਾਰ ਨਾ ਰਿਹਾ। ਇਸ  ਦੌਰਾਨ ਪੰਜਾਬ ਅੰਦਰ ਨੌਜੁਆਨ ਜਿੱਥੇ ਦੋ ਵੱਡੀਆਂ ਰੈਲੀਆਂ ਮਹਿਰਾਜ (ਬਠਿੰਡਾ) ਅਤੇ ਮਸਤੂਆਣਾ ਸਾਹਿਬ (ਸੰਗਰੂਰ) ਕਰਨ ਵਿੱਚ ਕਾਮਯਾਬ ਰਹੇ, ਓਥੇ ਅਪਣਾ ਸੁਨੇਹਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੱਕ ਪਹੁੰਚਾਉਣ ਵਿੱਚ ਸਫਲ ਵੀ ਰਹੇ। ਇਹਨਾਂ ਰੈਲੀਆਂ ਵਿੱਚ ਹੋਏ ਇਕੱਠਾਂ ਤੋ ਬਾਅਦ 32 ਜਥੇਬੰਦੀਆਂ ਦੇ ਬਹੁਤ ਸਾਰੇ ਆਗੂ ਇਸ ਮੱਤ ਨਾਲ ਸਹਿਮਤ ਹੋ ਗਏ ਕਿ ਨੌਜੁਆਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ,ਪਰ ਫਿਰ ਵੀ ਉਹ ਸੋਚ ਦੇ ਆਗੂ ਜਿਹੜੇ ਸਿੱਖ ਵਿਚਾਰਧਾਰਾ ਨਾਲ ਮੁੱਢੋ ਹੀ ਖਾਰ ਖਾਂਦੇ ਹਨ,ਨਹੀ ਸਨ ਚਾਹੁੰਦੇ ਕਿ ਮੋਰਚੇ ਦੇ ਵਿੱਚ ਉਹ ਸਿੱਖ ਸੋਚ ਵਾਲੇ ਨੌਜੁਆਨ ਸ਼ਾਮਲ ਹੋਣ ਜਿੰਨਾਂ ਦਾ ਬੌਧਿਕ ਪੱਧਰ ਕਿਸਾਨ ਆਗੂਆਂ ਤੋ ਉੱਪਰ ਹੈ,ਇਸ ਲਈ ਇਹ ਕਦੇ ਵੀ ਸਹਿਮਤੀ ਨਾ ਬਣ ਸਕੀ ਕਿ ਦੀਪ ਸਿੱਧੂ ਸਮੇਤ ਸਾਰੇ ਨੌਜੁਆਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਲੱਖੇ ਨੂੰ ਨਾਲ ਲੈ ਕੇ ਚੱਲਣ ਪਿੱਛੇ ਨੌਜਵਾਨਾਂ ਨੂੰ ਵੰਡ ਕੇ ਰੱਖਣ ਦੀ ਜੋ ਮਨਸ਼ਾ ਸੀ, ਉਹ ਕਿਸਾਨ ਆਗੂ ਰੁਲਦੂ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸਟ ਕਰ ਦਿੱਤੀ ਹੋਈ ਹੈ। 26 ਜਨਵਰੀ ਤੋ ਦੋ ਮਹੀਨੇ ਬਾਅਦ 26 ਮਾਰਚ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੇ ਵੀ ਕਿਸਾਨੀ ਅੰਦੋਲਨ ਨੂੰ ਤਕੜਾ ਕਰਨ ਦੀ ਬਜਾਏ ਹੋਰ ਕਮਜੋਰ ਕੀਤਾ।ਬਹੁਤ ਸਾਰੇ ਉਹ ਲੋਕ ਜਿੰਨਾਂ ਦੇ ਬੰਦ ਦੌਰਾਨ ਕਿਸਾਨਾਂ ਵੱਲੋਂ ਕੰਮ ਰੋਕੇ ਗਏ,ਉਹਨਾਂ ਨੇ ਰੋਸ ਵਜੋਂ ਕਿਸਾਨੀ ਅੰਦੋਲਨ ਤੋ ਦੂਰੀ ਬਣਾ ਲਈ,ਨਤੀਜੇ ਵਜੋਂ ਕਿਸਾਨੀ ਅੰਦੋਲਨ ਅਪਣੀ ਪਹਿਲੀ ਪੁਜੀਸਨ ਤੋ ਹੋਰ ਪਿੱਛੇ ਖਿਸਕ ਗਿਆ।

ਉਸ ਤੋ ਠੀਕ ਦੋ ਮਹੀਨੇ ਬਾਅਦ 26 ਮਈ ਦਾ ਦਿਨ ਵੀ ਆ ਗਿਆ ਹੈ,ਜਿਸ ਦਿਨ ਅੰਦੋਲਨ ਨੇ ਅਪਣੇ ਛੇ ਮਹੀਨੇ ਵੀ ਪੂਰੇ ਕਰ ਲੈਣੇ ਹਨ, 26 ਮਈ ਦੇ ਦਿਨ ਨੂੰ ਭਾਂਵੇਂ ਕਿਸਾਨ ਜਥੇਬੰਦੀਆਂ ਨੇ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ ਹੈ,ਪ੍ਰੰਤੂ ਇਸ ਦਿਨ ਤੇ ਇਹ ਵੀ ਜਰੂਰੀ ਬਣਦਾ ਹੈ ਕਿ ਕਿਸਾਨ ਆਗੂ ਛੇ ਮਹੀਨੇ ਪੂਰੇ ਹੋਣ ਤੇ ਅੰਦੋਲਨ ਦਾ ਲੇਖਾ ਜੋਖਾ ਵੀ ਕਰਦੇ।ਉਹਨਾਂ ਨੂੰ 26 ਮਈ ਦਾ ਦਿਨ ਅਪਣੀਆਂ ਗਲਤੀਆਂ ਸੁਧਾਰਨ ਵਜੋਂ ਮਨਾਉਣਾ ਚਾਹੀਦਾ ਹੈ ਅਤੇ ਨਾਲ ਹੀ ਖੁੱਲੇ ਦਿਲ ਅਤੇ ਇਮਾਨਦਾਰੀ ਨਾਲ ਇਹ ਸਵੀਕਾਰਨਾ ਚਾਹੀਦਾ ਹੈ ਕਿ ਅੰਦੋਲਨ ਦੀ ਕਾਮਯਾਬੀ ਸਿੱਖ ਸਪਿਰਟ ਤੋ ਬਗੈਰ ਸੰਭਵ ਨਹੀ।ਇਹ ਵੀ ਜਨਤਕ ਤੌਰ ਤੇ ਮੰਨਣਾ ਹੋਵੇਗਾ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਝੁਲਾਏ ਗਏ ਕਿਸਾਨੀ ਅਤੇ ਕੇਸਰੀ ਨਿਸਾਨ ਸਾਹਿਬ ਨੌਜਵਾਨਾਂ ਦੀ ਭੁੱਲ ਨਹੀ ਬਲਕਿ ਉਹਨਾਂ ਦੇ ਵਿਰਸੇ ਚੋ ਮਿਲੀ ਜਜ਼ਬਾਤਾਂ ਦੀ ਗੁੜਤੀ ਅਤੇ ਰੋਸ ਦੇ ਪਰਤੀਕ ਵਜੋਂ ਕੀਤਾ ਗਿਆ ਪ੍ਰਦਰਸ਼ਨ ਸਮਝਣਾ ਚਾਹੀਦਾ ਹੈ,ਜਿਸ ਨੂੰ ਕਿਸਾਨ ਆਗੂ ਸਵੀਕਾਰ ਕਰਦੇ ਹਨ ਅਤੇ ਨਾਲ ਹੀ ਅਪਣੇ ਨੌਜਵਾਨਾਂ ਨੂੰ ਭਵਿੱਖ ਦੇ ਵਾਰਸ ਸਮਝਦੇ ਹੋਏ ਅਪੀਲ ਕਰਦੇ ਹਨ ਕਿ ਅਪਣੀ ਹੋਂਦ ਦੀ ਲੜਾਈ ਨੂੰ ਯਕੀਨੀ ਜਿੱਤ ਵਿੱਚ ਬਦਲਣ ਲਈ ਉਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣ,ਸੋ ਜੇਕਰ ਇਸਤਰਾਂ ਦੀ ਖੁਲਦਿਲੀ ਕਿਸਾਨ ਆਗੂਆਂ ਵੱਲੋਂ ਦਿਖਾਈ ਜਾਂਦੀ ਹੈ,ਤਾਂ ਯਕੀਨਣ ਹੀ ਅੰਦੋਲਨ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕਦਾ ਹੈ। ਇੱਕ ਪਾਸੇ ਮਹਾਂਮਾਰੀ ਪਰਕੋਪ ਸਿਖਰਾਂ ਤੇ ਹੈ,ਲੋਕ ਧੜਾ ਧੜ ਦਮ ਤੋੜ ਰਹੇ ਹਨ,ਅੰਦੋਲਨ ਵਿੱਚ ਵੀ ਮੌਤਾਂ ਦੀ ਗਿਣਤੀ ਕਈ ਸੈਕੜੇ ਪਾਰ ਕਰ ਚੁੱਕੀ ਹੈ, ਉਸ ਮੌਕੇ ਵੀ ਸਰਕਾਰ ਵੱਲੋਂ ਅੰਦੋਲਨਕਾਰੀਆਂ ਨਾਲ ਗੱਲਬਾਤ  ਕਰਨ ਦੀ ਕੋਈ ਲੋੜ ਨਾ ਸਮਝੇ ਜਾਣਾ ਦਰਸਾਉਂਦਾ ਹੈ ਕਿ ਸਰਕਾਰ ਦਾ ਅੜੀਅਲ ਰਵੱਈਆ ਜਿਉਂ ਦਾ ਤਿਉਂ ਬਰਕਰਾਰ ਹੈ,ਇਸ ਲਈ ਇਸ ਹੱਕੀ ਲੜਾਈ ਚ ਨਵੀਂ ਰੂਹ ਫੂਕਣ ਲਈ ਗਲਤੀਆਂ ਅਤੇ ਪਰਾਪਤੀਆਂ ਦਾ ਲੇਖਾ ਜੋਖਾ ਕਰਕੇ ਅੱਗੇ ਵਧਣਾ ਹੋਵੇਗਾ,ਫਿਰ ਆਗੂਆਂ ਵੱਲੋਂ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਲਈ ਚਿੱਠੀਆਂ ਲਿਖਣ ਦੀ ਲੋੜ ਨਹੀ ਪਵੇਗੀ ਅਤੇ ਕੇਂਦਰ ਨੂੰ ਝੁਕਣਾ ਪਵੇਗਾ।