ਦੇਸ਼ ਵਾਪਸੀ ਦੀ ਦੂਸਰੀ ਫਲਾਈਟ ਪਹੁੰਚੀ ਡਾਰਵਿਨ -165 ਆਸਟ੍ਰੇਲੀਆਈ ਨਾਗਰਿਕ ਭਾਰਤ ਤੋਂ ਪਰਤੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹੁਣ ਤੱਕ ਭਾਰਤ ਵਿੱਚੋਂ ਲੱਗਭਗ 11,200 ਆਸਟ੍ਰੇਲੀਆਈ ਨਾਗਰਿਕ ਦੇਸ਼ ਵਾਪਸੀ ਲਈ ਆਪਣਾ ਨਾਮਾਂਕਣ ਦਾਖਲ ਕਰ ਚੁਕੇ ਹਨ ਅਤੇ ਇਨ੍ਹਾਂ ਵਿੱਚੋਂ 1000 ਤਾਂ ਜ਼ਿਆਦਾ ਜੋਖਮ ਭਰੇ ਹਾਲਾਤਾਂ ਦੀ ਸੂਚੀ ਤਹਿਤ ਭਾਰਤ ਵਿੱਚ ਫਸੇ ਹੋਏ ਹਨ। ਦੇਸ਼ ਵਿੱਚ ਵਾਪਸੀ ਲਈ ਸਪੈਸ਼ਲ ਫਲਾਈਟਾਂ ਦੀ ਜਿਹੜੀ ਲੜੀ ਮੋਰੀਸਨ ਸਰਕਾਰ ਵੱਲੋਂ ਚਲਾਈ ਗਈ ਹੈ ਉਸ ਦੇ ਤਹਿਤ ਅੱਜ 165 ਨਾਗਰਿਕਾਂ ਨੂੰ ਲੈ ਕੇ ਦੂਸਰੀ ਫਲਾਈਟ ਡਾਰਵਿਨ ਦੇ ਅੱਡੇ ਉਪਰ ਉਤਰੀ। ਇਹ ਫਲਾਈਟ ਬੀਤੇ ਕੱਲ੍ਹ -ਸ਼ਨਿਚਰਵਾਰ ਨੂੰ ਦੇਰ ਰਾਤ ਨੂੰ ਦਿਲੀ ਹਵਾਈ ਅੱਡੇ ਤੋਂ ਉਡੀ ਸੀ ਅਤੇ ਸਵੇਰੇ ਹੀ ਡਾਰਵਿਨ ਪਹੁੰਚੀ।
ਜ਼ਿਕਰਯੋਗ ਹੈ ਕਿ ਆਉਣ ਵਾਲੀ 4 ਜੂਨ ਨੂੰ ਨਿਊ ਸਾਊਥ ਵੇਲਜ਼, ਵਿਕਟੋਰੀਆ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਾਸਤੇ 8 ਫਲਾਈਟਾਂ ਆਯੋਜਿਤ ਕੀਤੀਆਂ ਗਈਆਂ ਹਨ ਜੋ ਕਿ ਆਸਟ੍ਰੇਲੀਆਈ ਨਾਗਰਿਕਾਂ ਨੂੰ ਭਾਰਤ ਤੋਂ ਲੈ ਕੇ ਵਾਪਸ ਆਉਣਗੀਆਂ।