ਸ੍ਰੀਮਤੀ ਗੋਇਲ ਸਿਰਫ਼ ਨਾਂ ਦੀ ਬਠਿੰਡਾ ਮੇਅਰ, ਹੁਕਮ ਦੇਣ ਵਾਲਾ ਹੋਰ

ਬਠਿੰਡਾ – ਦੇਸ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਵੀ ਸਰਕਾਰ ਹੋਂਦ ਵਿੱਚ ਆਈ ਹੈ, ਹਰੇਕ ਨੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦਾ ਢੰਡੋਰਾ ਪਿੱਟਿਆ ਹੈ ਅਤੇ ਰਿਜਰਵੇਸ਼ਨ ਦੇ ਕੇ ਵੋਟਾਂ ਹਾਸਲ ਕਰਨ ਦੀ ਚਾਲ ਚੱਲੀ ਹੈ। ਲੋਕ ਸਭਾ, ਵਿਧਾਨ ਸਭਾ ਤੋਂ ਲੈ ਕੇ ਨਗਰ ਨਿਗਮਾਂ ਜਾਂ ਪੰਚਾਇਤਾਂ ਤੱਕ ਔਰਤਾਂ ਲਈ ਰਾਖਵੀਆਂ ਸੀਟਾਂ ਰੱਖੀਆਂ ਜਾਂਦੀਆਂ ਹਨ। ਪਰ ਜੇਤੂਆਂ ਵਿੱਚੋਂ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਤਾਂ ਔਰਤਾਂ ਖ਼ੁਦ ਹਲਕੇ ਦੀ ਪ੍ਰਤੀਨਿਧਤਾ ਕਰਦੀਆਂ ਹਨ, ਪਰ ਨਗਰ ਨਿਗਮ, ਕੌਂਸਲ ਜਾਂ ਪੰਚਾਇਤਾਂ ਵਿੱਚ ਔਰਤਾਂ ਦੇ ਪਤੀ ਜਾਂ ਪੁੱਤਰ ਹੀ ਸਾਰੇ ਕੰਮ ਕਰਦੇ ਹਨ, ਔਰਤ ਕੇਵਲ ਇੱਕ ਰਬੜ ਦੀ ਮੋਹਰ ਬਣ ਕੇ ਹੀ ਰਹਿ ਜਾਂਦੀ ਹੈ। ਅਜਿਹੀ ਹੀ ਮੋਹਰ ਬਣ ਕੇ ਰਹਿ ਗਈ ਹੈ ਬਠਿੰਡਾ ਦੀ ਮੇਅਰ।
ਬਠਿੰਡਾ ਨਗਰ ਨਿਗਮ ਚੋਣਾਂ ਸਮੇਂ 50 ਨਗਰ ਕੌਸਲਰਾਂ ਵਿੱਚੋਂ ਅੱਧੀਆਂ ਔਰਤਾਂ ਹਨ। ਪਰ ਪਿਛਲੇ ਦਿਨੀਂ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਬਹੁਤੀਆਂ ਔਰਤ ਕੌਂਸਲਰ ਮੈਂਬਰਾਂ ਦੀ ਥਾਂ ਉਹਨਾਂ ਦੇ ਪਤੀਆਂ ਜਾਂ ਹੋਰ ਪਰਿਵਾਰਕ ਮਰਦਾਂ ਨੇ ਹੀ ਹਾਜਰੀ ਭਰੀ। ਇੱਥੇ ਹੀ ਬੱਸ ਨਹੀਂ ਨਗਰ ਨਿਗਮ ਦੀ ਮੇਅਰ ਸ੍ਰੀਮਤੀ ਰਮਨ ਗੋਇਲ ਹੈ, ਪਰ ਉਸਦੀ ਕੁਰਸੀ ਤੇ ਉਸਦਾ ਪਤੀ ਬੈਠ ਕੇ ਨਗਰ ਨਿਗਮ ਦੇ ਕੰਮਾਂ ਸਬੰਧੀ ਹੁਕਮ ਦਿੰਦਾ ਹੈ। ਸ੍ਰੀਮਤੀ ਗੋਇਲ ਤੋਂ ਸਿਰਫ਼ ਦਸਤਖਤ ਹੀ ਕਰਵਾਏ ਜਾਂਦੇ ਹਨ। ਮੇਅਰ ਦਾ ਪਤੀ ਵੀ ਭਾਵੇਂ ਕੁਰਸੀ ਸੰਭਾਲਦਾ ਹੈ, ਪਰ ਅਸਲ ਵਿੱਚ ਤਾਂ ਇੱਕ ਅਜਿਹੇ ਕਾਂਗਰਸੀ ਦੇ ਹੀ ਹੁਕਮ ਚਲਦੇ ਹਨ, ਜਿਸਦਾ ਸਰਕਾਰ ਵਿੱਚ ਕੋਈ ਅਹੁਦਾ ਨਹੀਂ ਹੈ। ਉਸਦੇ ਹੁਕਮਾਂ ਨੂੰ ਲਾਗੂ ਕਰਨ ਲਈ ਹੀ ਨਗਰ ਨਿਗਮ ਬਠਿੰਡਾ ਦੇ ਅਸਲ ਹੱਕਦਾਰ ਤੇ ਟਕਸਾਲੀ ਪੜ੍ਹੇ ਲਿਖੇ ਕੌਂਸਲਰ ਜਗਰੂਪ ਸਿੰਘ ਗਿੱਲ ਨੂੰ ਇਸ ਕੁਰਸੀ ਤੋਂ ਦੂਰ ਰੱਖਿਆ ਗਿਆ ਸੀ।
ਆਮ ਆਦਮੀ ਪਾਰਟੀ ਦੀ ਆਗੂ ਬੀਬੀ ਮਨਦੀਪ ਕੌਰ ਤੋਂ ਜਦ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਸਨੇ ਕਿਹਾ ਕਿ ਸ੍ਰੀਮਤੀ ਰਮਨ ਗੋਇਲ ਸਿਰਫ ਨਾਂ ਦੀ ਹੀ ਮੇਅਰ ਹੈ। ਇੱਥੇ ਹੀ ਬੱਸ ਨਹੀਂ ਔਰਤਾਂ ਕਾਂਗਰਸ ਦੀਆਂ ਨਗਰ ਨਿਗਮ ਲਈ ਕੌਂਸਲਰ ਤਾਂ ਬਣ ਗਈਆਂ ਹਨ, ਪਰ ਉਹ ਸਿਰਫ ਰਬੜ ਦੀਆਂ ਮੋਹਰਾਂ ਹਨ, ਆਪਣੀ ਮਰਜੀ ਨਾਲ ਉਹ ਕੁੱਝ ਵੀ ਕਰਨ ਤੋਂ ਅਸਮਰੱਥ ਹਨ।