ਆਸਟ੍ਰੇਲੀਆ ਅੰਦਰ ਮਾਹਿਰ ਕਾਮਿਆਂ ਦੀ ਪਾਈ ਜਾ ਰਹੀ ਭਾਰੀ ਕਮੀ -ਹੋਟਲ, ਰੈਸਟੌਰੈਂਟ ਪ੍ਰਭਾਵਿਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਿਵੇਂ ਜਿਵੇਂ ਕਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਛੋਟ ਦਿੱਤੀ ਜਾ ਰਹੀ ਹੈ, ਸਮੁੱਚੇ ਆਸਟ੍ਰੇਲੀਆ ਅੰਦਰ ਹੀ ਅਲੱਗ ਅਲੱਗ ਕੰਮਾਂ ਦੇ ਮਾਹਿਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵਿੱਚ ਸਭ ਤੋਂ ਪ੍ਰਭਾਵਿਤ ਖੇਤਰ -ਹੋਟਲ, ਰੈਸਟੌਰੈਂਟ ਆਦਿ ਵਾਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਕਿ ਬੈਰ੍ਹਿਆਂ, ਮੈਨੇਜਰਾਂ, ਸ਼ੈਫਾਂ, ਬਾਰ-ਟੈਂਡਰਾਂ ਆਦਿ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ।
ਮੌਜੂਦਾ ਸਮਿਆਂ ਦੇ ਆਂਕੜਿਆਂ ਤੋਂ ਜਾਹਿਰ ਹੈ ਕਿ ਆਸਟ੍ਰੇਲੀਆਈ ਹਾਸਪਿਟੈਲਿਟੀ ਸੈਕਟਰ ਦੁਆਰਾ 46,000 ਅਜਿਹੀਆਂ ਜਾਬਾਂ ਦੀ ਮਸ਼ਹੂਰੀ ਆਨਲਾਈਨ ਕੀਤੀ ਗਈ ਹੈ ਪਰੰਤੂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਅਸਲ ਵਿੱਚ ਇਸ ਖੇਤਰ ਵਿੱਚ ਕਮੀਆਂ ਉਕਤ ਆਂਕੜਿਆਂ ਤੋਂ ਗਿਣਤੀ ਵਿੱਚ ਕਿਤੇ ਜ਼ਿਆਦਾ ਹਨ। ਅਤੇ ਇਸ ਖੇਤਰ ਵਿਚਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਲੱਖਾਂ ਵਿੱਚ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਉਕਤ ਖੇਤਰ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਭਾਰੀ ਗਿਣਤੀ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਹੁਣ ਜਦੋਂ ਕਿ ਫੈਡਰਲ ਸਰਕਾਰ ਨੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਉਪਰੋਂ 40 ਘੰਟਿਆਂ ਦਾ ਪੰਦਰ੍ਹਵਾੜੇ ਵਾਲੀ ਸੀਮਾ ਵਿੱਚ ਕੁੱਝ ਢਿੱਲ ਦਿੱਤੀ ਹੈ ਤਾਂ ਇਸ ਨਾਲ ਕੁੱਝ ਰਾਹਤ ਮਿਲਣ ਦੀ ਉਮੀਦ ਵੀ ਦਿਖਾਈ ਦੇ ਰਹੀ ਹੈ ਅਤੇ ਇਸ ਵਾਸਤੇ ਕੋਵਿਡ-19 ਪੈਨਡੈਮਿਕ ਈਵੈਂਟ ਵੀਜ਼ਾ ਵੀ ਸਰਕਾਰ ਵੱਲੋਂ ਸ਼ਾਮਿਲ ਕਰ ਲਿਆ ਗਿਆ ਹੈ ਜਿਸ ਦਾ ਕਿ ਅੰਤਰ ਰਾਸ਼ਟਰੀ ਵਿਦਿਆਰਥੀ ਵਰਗ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ।
ਇਸ ਲਈ ਅਜਿਹੇ ਵਿਦਿਆਰਥੀ ਜਿਨ੍ਹਾਂ ਦਾ ਵੀਜ਼ਾ 28 ਦਿਨ ਪਹਿਲਾਂ ਖ਼ਤਮ ਹੋਇਆ ਸੀ ਅਤੇ ਜਾਂ ਫੇਰ ਅਗਲੇ 90 ਦਿਨਾਂ ਵਿੱਚ ਖ਼ਤਮ ਹੋਣ ਜਾ ਰਿਹਾ ਹੈ ਤਾਂ ਅਜਿਹੇ ਵੀਜ਼ਾ ਧਾਰਕਾਂ ਨੂੰ ਆਰਜ਼ੀ ਵੀਜ਼ੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।