ਤਿੰਨ ਵਿਚਾਰਨ ਯੋਗ ਮਸਲੇ

  1. ਹੁਣੇ ਹੁਣੇ ਆਸਟ੍ਰੇਲੀਆ ਦੀ ਸਰਕਾਰ ਨੇ ਫੈਸਲਾ ਸੁਣਾਇਆ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਸਿੱਖ ਬੱਚੇ ਕਿਰਪਾਨ ਪਹਿਨ ਕੇ ਨਹੀਂ ਆਉਣਗੇ। ਇਸ ਨਾਲ ਸਿੱਖ ਜਥੇਬੰਦੀਆਂ ਨੇ ਰੋਸ-ਪ੍ਰਤੀਕਰਮ ਭੇਜਣੇ ਸਨ, ਭੇਜੇ। ਜਥੇਬੰਦੀਆਂ ਦੀ ਸੰਗਤ ਵਿਚ ਹਾਜਰੀ ਲੱਗ ਜਾਂਦੀ ਹੈ, ਲੱਗ ਗਈ। ਪਰ ਕੀ ਨਾਬਾਲਗ ਬੱਚਿਆਂ ਕੋਲ ਅਜਿਹਾ ਹਥਿਆਰ ਹੋਣਾ ਵਾਜਬ ਹੈ ਜਿਸ ਨਾਲ ਉਹ ਕਿਸੇ ਨੂੰ ਜ਼ਖਮੀ ਕਰ ਸਕੇ? ਜਦੋਂ ਕੋਈ ਬੱਚਾ ਅਪਣੇ ਸਕੂਲ ਵਿਚ ਕਿਸੇ ਦੂਸਰੇ ਬੱਚੇ ਉੱਪਰ ਕਿਰਪਾਨ ਨਾਲ ਹਮਲਾ ਕਰ ਦਿੰਦਾ ਹੈ, ਅਪਰਾਧ ਕੇਸ ਲੜਦਿਆਂ ਮਾਪੇ ਅਦਾਲਤ ਵਿਚ ਇਹੀ ਦਲੀਲ ਦਿੰਦੇ ਹਨ ਕਿ ਬੱਚਾ ਅਜੇ ਛੋਟਾ ਹੈ, ਮਾਸੂਮ ਹੈ, ਇਸ ਨੂੰ ਪਤਾ ਨਹੀਂ। ਜਿਸਨੂੰ ਪਤਾ ਨਹੀਂ, ਉਸਦੇ ਗਾਤਰੇ ਹਥਿਆਰ ਕਿਊਂ ਪਹਿਨਾਇਆ? ਚਾਕੂ, ਬਲੇਡ ਕੰਮ ਆਉਣ ਵਾਲੀਆਂ ਵਸਤਾਂ ਹਨ ਪਰ ਸਾਲ ਦੋ ਸਾਲ ਦੇ ਬਚੇ ਹੱਥ ਚਾਕੂ ਬਲੇਡ ਫੜਾ ਦਿੰਦੇ ਹਾਂ? ਸੋ ਬੱਚੇ ਨੂੰ ਕਿਰਪਾਨ ਪਹਿਨਾਉਣੀ ਜਰੂਰੀ ਹੈ ਤਦ ਮਾਪੇ ਉਸਦੇ ਗਲ਼ ਵਿਚ ਜਾਂ ਕੰਘੇ ਵਿਚ ਇਕ ਸੈਂਟੀਮੀਟਰ ਦੀ ਚਿੰਨ੍ਹ-ਰੂਪ ਕਿਰਪਾਨ ਪਹਿਨਾ ਦੇਣ।
  2. ਸਿੱਖਾਂ ਦੀ ਮੰਗ ਕਾਰਨ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਵਿਚ ਗੁਰੂ ਤੇਗਬਹਾਦਰ ਚੇਅਰ ਸਥਾਪਤ ਕੀਤੀ ਜਾਵੇਗੀ। ਅਜਿਹਾ ਕਰਨ ਹਿਤ ਮਾਹਿਰਾਂ ਦੀ ਕਿਸੇ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਜਿਹੜੀ ਯੂਨੀਵਰਸਿਟੀ ਬਣੀ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ, ਉਸ ਵਿਚ ਗੁਰੂ ਤੇਗਬਹਾਦਰ ਸਾਹਿਬ ਦੇ ਨਾਮ ਵੱਖਰੀ ਚੇਅਰ ਸਥਾਪਤ ਕਰਨੀ ਕਿੰਨੀ ਕੁ ਤਰਕਸੰਗਤ ਹੈ? ਇਕ ਦੋਸਤ ਨੇ ਫੋਨ ਤੇ ਮੈਨੂੰ ਕਿਹਾ- ਬਾਪੂ ਨੇ ਬੱਚਿਆਂ ਵਾਸਤੇ ਵਿਸ਼ਾਲ ਦਸ ਮੰਜ਼ਲਾ ਮਹਿਲ ਉਸਾਰ ਦਿੱਤਾ। ਬੱਚੇ ਸਲਾਹ ਕਰਨ ਲੱਗੇ, ਬਾਪੂ ਵਾਸਤੇ ਵੀ ਕੋਈ ਕਮਰਾ ਤਾਂ ਚਾਹੀਦਾ ਹੀ ਹੈ। ਸੋ ਉਨ੍ਹਾ ਨੇ ਬਾਹਰਲੇ ਮੇਨ ਗੇਟ ਲਾਗੇ ਬਾਪੂ ਲਈ ਕਮਰਾ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਮਹਿਲ ਵਿਚਲੀ ਚੇਅਰ ਬਾਪੂ ਵਾਸਤੇ ਉਸਾਰੀ ਬੈਠਕ ਹੋਵੇਗੀ।
  3. ਮਹਾਂਪੁਰਖਾਂ ਦੇ ਨਾਮ ਵਿਗਾੜ ਕੇ ਬੇਅਦਬੀ ਕਰਨ ਦੀ ਪਿਰਤ ਸਿੱਖਾਂ ਵਿਚ ਆਮ ਹੈ। ਮਾਤਾ ਗੁਜਰੀ ਜੀ ਨੂੰ ਮਾਤਾ ਗੁੱਜਰ ਕੌਰ ਅਤੇ ਮਾਤਾ ਸੁੰਦਰੀ ਜੀ ਨੂੰ ਮਾਤਾ ਸੁੰਦਰ ਕੌਰ ਕਹਿਣ ਦੀ ਬਿਮਾਰੀ ਸਿੱਖ ਮਿਸ਼ਨਰੀ ਕਾਲਜਾਂ ਨੇ ਸੱਤਰਵਿਆਂ ਵਿਚ ਅਜਿਹੀ ਸ਼ੁਰੂ ਕੀਤੀ ਕਿ ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਭਾਸ਼ਣਾ ਅਤੇ ਸੱਦਾ-ਪੱਤਰਾਂ ਵਿਚ ਇਹੋ ਵਿਗੜੇ ਨਾਮ ਬੋਲ/ਲਿਖ ਰਹੇ ਹਨ। ਇਤਿਹਾਸਕ ਗੁਰਦੁਆਰਿਆਂ ਦੇ ਮੇਨ ਗੇਟਾਂ ਉੱਪਰ ਪੱਥਰਾਂ ਤੇ ਇਹ ਗਲਤ ਨਾਮ ਖੁਣ ਰੱਖੇ ਹਨ। ਮਾਪੇ ਕਿਸੇ ਸਮੇ ਬੱਚੇ ਦਾ ਨਾਮ ਬਦਲਣਾ ਚਾਹੁਣ, ਉਨ੍ਹਾ ਨੂੰ ਅਜਿਹਾ ਕਰਨ ਦਾ ਹੱਕ ਹੈ। ਕਦੀ ਸੁਣਿਆਂ ਹੈ ਕਿ ਬੱਚੇ ਮਾਪਿਆਂ ਦੇ ਨਾਮ ਬਦਲ ਦੇਣ, ਵਿਗਾੜ ਦੇਣ? ਅਸੀਂ ਕਈ ਵਾਰ ਸਬੰਧਿਤਾਂ ਨੂੰ ਖਤ ਲਿਖੇ ਹਨ, ਅਸਰ ਨਹੀਂ।

(ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਚ ਗੁਰੂ ਗੋਬਿੰਦ ਸਿੰਘ ਚੇਅਰ ਪ੍ਰੋਫੈਸਰ)