ਹੱਕਾਂ ਲਈ ਜੂਝਣ ਵਾਲਾ ਜਥੇਬੰਦਕ ਆਗੂ ਤੇ ਦੇਸ਼ ਭਗਤ ਮੱਖਣ ਸਿੰਘ

ਹੱਕਾਂ ਲਈ ਜੂਝਣਾ ਪੰਜਾਬੀਆਂ ਦੇ ਸੁਭਾਅ ਦਾ ਖਾਸਾ ਹੀ ਹੈ। ਸੂਬੇ, ਦੇਸ ‘ਚ ਜਾਂ ਵਿਦੇਸੀ ਧਰਤੀ ਤੇ, ਜਿੱਥੇ ਕਿਤੇ ਵੀ ਹੱਕਾ ਤੇ ਡਾਕਾ ਪਿਆ ਉਹ ਮੈਦਾਨ ਵਿੱਚ ਨਿੱਤਰੇ ਤੇ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ ਕੀਤਾ। ਅਜਿਹਾ ਹੀ ਇੱਜ ਜੁਝਾਰੂ ਪੰਜਾਬੀ ਹੈ ਮੱਖਣ ਸਿੰਘ ਜਿਸਨੇ ਕੀਨੀਆ ਦੀ ਧਰਤੀ ਤੇ ਜਥੇਬੰਦਕ ਝੰਡੇ ਗੱਲ ਕੇ ਅੰਦੋਲਨ ਲੜਿਆ।
ਭਾਰਤ ‘ਚ ਅੰਗਰੇਜੀ ਰਾਜ ਸਮੇਂ ਮੱਖਣ ਸਿੰਘ ਦਾ ਜਨਮ 27 ਦਸੰਬਰ 1913 ਨੂੰ ਉਸ ਸਮੇਂ ਦੇ ਜਿਲ੍ਹਾ ਗੁਜਰਾਂਵਾਲਾ ਹੁਣ ਪਾਕਿਸਤਾਨ ਦੇ ਇੱਕ ਪਿੰਡ ਘਰਜਾਖ ਵਿੱਚ ਹੋਇਆ। ਕਰੀਬ ਤੇਰਾਂ ਸਾਲ ਦੀ ਉਮਰ ਵਿੱਚ ਸੰਨ 1927 ‘ਚ ਉਹ ਆਪਣੇ ਪਰਿਵਾਰ ਸਮੇਤ ਨੈਰੋਬੀ ਚਲਾ ਗਿਆ। ਉੱਥੇ ਜਾਣ ਦਾ ਮਕਸਦ ਕਾਰੋਬਾਰ ਸੀ, ਕਿਉਕਿ ਉਸ ਸਮੇਂ ਭਾਰਤ ਖਾਸ ਕਰਕੇ ਪੰਜਾਬ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਉੱਥੇ ਪਹੁੰਚ ਕੇ ਉਸਨੇ ਸ਼ਹਿਰ ਕੀਨੀਆ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨਾ ਸੁਰੂ ਕੀਤਾ। ਇਹ ਵੀ ਪੱਥਰ ਤੇ ਲਕੀਰ ਵਰਗਾ ਸੱਚ ਹੈ ਕਿ ਦੁਨੀਆਂ ਦੇ ਹਰ ਦੇਸ਼ ਵਿੱਚ ਹੀ ਮਾਲਕਾਂ ਵੱਲੋਂ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ। ਉੱਥੇ ਵੀ ਅਜਿਹਾ ਹੋ ਰਿਹਾ ਸੀ ਜਿਸਨੂੰ ਮੱਖਣ ਸਿੰਘ ਬਰਦਾਸਤ ਨਾ ਕਰ ਸਕਿਆ। ਲੁੱਟ ਰੋਕਣ ਲਈ ਉਸਨੇ 1935 ਵਿੱਚ ਕੀਨੀਆ ਦੀ ਲੇਬਰ ਟਰੇਡ ਯੂਨੀਅਨ ਬਣਾਈ ਅਤੇ 1949 ਵਿੱਚ ਉਸਨੇ ਇੱਕ ਹੋਰ ਸਥਾਨਕ ਕਿਰਤੀ ਆਗੂ ਫਰੈਂਡ ਕੁਬਾਈ ਨਾਲ ਮਿਲ ਕੇ ਕੀਨੀਆ ਵਿੱਚ ਟਰੇਡ ਯੂਨੀਅਨਾਂ ਦੀ ਪਹਿਲੀ ਕੇਂਦਰੀ ਸੰਸਥਾ ”ਈਸਟ ਅਫ਼ਰੀਕੀ ਟਰੇਡ ਯੂਨੀਅਨ ਕਾਂਗਰਸ” ਗਠਿਤ ਕੀਤੀ।

15 ਮਈ 1950 ਨੂੰ ਮੱਖਣ ਸਿੰਘ ਵਿਰੁੱਧ ਇਹ ਦੋਸ਼ ਲਾਉਂਦਿਆਂ ਕਿ ਉਸਨੇ ਬ੍ਰਿਟਿਸ਼ ਹਕੂਮਤ ਤੇ ਬਸਤੀਵਾਦੀ ਸ਼ਾਸਨ ਵਿਰੁੱਧ ਸਖ਼ਤ ਸ਼ਬਦਾਂ ਵਾਲੀ ਤਕਰੀਰ ਕੀਤੀ ਹੈ, 21 ਦਿਨਾਂ ਲਈ ਗਿਰਫਤਾਰ ਕਰ ਲਿਆ। ਇਸ ਸਬੰਧੀ ਨਯੇਰੀ ਵਿਖੇ ਅਦਾਲਤੀ ਸੁਣਵਾਈ ਹੋਈ। ਇਸ ਸਮੇਂ ਉੱਥੇ ਇੱਕ ਹੋਰ ਪੰਜਾਬੀ ਸਿੱਖ ਚੰਨਣ ਸਿੰਘ ਐਡਵੋਕੇਟ ਕੰਮ ਕਰਦਾ ਸੀ, ਜੋ ਬਾਅਦ ਵਿੱਚ ਜਸਟਿਸ ਚੰਨਣ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਇਆ, ਨੇ ਉਸਦਾ ਕੇਸ ਲੜਿਆ ਤੇ ਜਿੱਤ ਪ੍ਰਾਪਤ ਕੀਤੀ ਅਤੇ ਮੱਖਣ ਸਿੰਘ ਨੂੰ ਬਰੀ ਕਰਵਾ ਲਿਆ। ਇਸ ਉਪਰੰਤ ਯੂਕੇ ‘ਚ ਬੈਲਮਰਸ਼ ਕੈਦੀ ਅਤੇ ਉਹਨਾਂ ਦੇ ਸਹਿਯੋਗੀ ਨਜਰਬੰਦੀਆਂ ਵਾਂਗ ਮੱਖਣ ਸਿੰਘ ਨੂੰ ਕੀਨੀਆ ਦਲੌਨੀ ਦੇ ਤਤਕਾਲੀ ਗਵਰਨਰ ਸਰ ਫਿਲਿਪ ਮਿਸ਼ੇਲ ਨੇ ਹੁਕਮ ਦਿੱਤਾ ਕਿ ਉਸਨੂੰ ਅਣਮਿਥੇ ਸਮੇਂ ਲਈ ਨਜਰਬੰਦ ਕਰ ਦਿੱਤਾ ਜਾਵੇ। ਇਹ ਹੁਕਮ ਮਿਲਦਿਆਂ ਮੱਖਣ ਸਿੰਘ ਨੂੰ ਫੇਰ ਗਿਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। 11 ਸਾਲਾਂ ਬਾਅਦ 20 ਅਕਤੂਬਰ 1961 ਨੂੰ ਕੋਈ ਦੋਸ਼ ਸਾਬਤ ਨਾ ਹੋਣ ਸਦਕਾ ਉਸਨੂੰ ਰਿਹਾਅ ਕਰਨਾ ਪਿਆ। ਇਸ ਰਿਹਾਈ ਉਪਰੰਤ ਵੀ ਗਵਰਨਰ ਮਿਸੇਲ ਉਸਨੂੰ ਵਾਪਸ ਭਾਰਤ ਭੇਜਣਾ ਚਾਹੁੰਦਾ ਸੀ। ਪਰ ਭੇਜ ਨਾ ਸਕਿਆ ਕਿਉਂਕਿ ਅੜਿੱਚਣ ਇਹ ਬਣ ਗਈ ਕਿ ਭਾਰਤ ਇੱਕ ਅਜ਼ਾਦ ਦੇਸ਼ ਬਣ ਗਿਆ ਸੀ, ਉਸਦਾ ਅਧਿਕਾਰ ਖੇਤਰ ਮਿਸ਼ੇਲ ਦੇ ਅਧਿਕਾਰਾਂ ਅਧੀਨ ਨਹੀਂ ਸੀ।

ਅੰਗਰੇਜ ਹਕੂਮਤ ਨੇ ਆਪਣੀਆਂ ਕਲੌਨੀਆਂ ਦੇ ਸਹਿਯੋਗੀਆਂ ਤੇ ਰਾਜਿਆਂ ਨੂੰ ਸੁਝਾਅ ਦਿੱਤਾ ਕਿ ਜੋ ਲੋਕ ਸਾਮਰਾਜ ਨੂੰ ਖ਼ਤਰੇ ‘ਚ ਪਾਉਂਦੇ ਹਨ, ਉਹਨਾਂ ਵਿਰੁੱਧ ਕਾਰਵਾਈ ਕਰਦਿਆਂ ਕਾਲੇਪਾਣੀ ਵਰਗੀਆਂ ਥਾਵਾਂ ਤੇ ਰੱਖਿਆ ਜਾਵੇ। ਪਰ ਮੱਖਣ ਸਿੰਘ ਕੀਨੀਆ ਦਾ ਵਸਨੀਕ ਸੀ ਅਤੇ ਭਾਰਤ ਇੱਕ ਲੋਕਤੰਤਰ ਦੇਸ਼ ਬਣ ਗਿਆ ਸੀ। ਇਸ ਲਈ ਬ੍ਰਿਟਿਸ ਅਧਿਕਾਰੀਆਂ ਦੀ ਇਹ ਸਾਜਿਸ ਵੀ ਕਾਮਯਾਬ ਨਾ ਹੋਈ ਤੇ ਭਾਰਤ ਵੱਲੋਂ ਮੱਖਣ ਸਿੰਘ ਨੂੰ ਜੇਲ੍ਹ ਭੇਜਣਾ ਸਵੀਕਾਰ ਨਾ ਕੀਤਾ ਗਿਆ।
ਇਸੇ ਦੌਰਾਨ ਦੇਸ਼ ਦੀ ਅਜਾਦੀ ਲਹਿਰ ਸਮੇਂ ਚੱਲੀਆਂ ਗਦਰ ਲਹਿਰ ਤੇ ਕਿਰਤੀ ਪਾਰਟੀ ਨੇ ਵੀ ਕੀਨੀਆ ਵਿੱਚ ਕੰਮ ਸੁਰੂ ਕਰ ਲਿਆ ਸੀ। ਉਸ ਸਮੇਂ ਤਿੰਨ ਪੰਜਾਬੀਆਂ ਬਿਸ਼ਨ ਸਿੰਘ ਪਿੰਡ ਗਾਖਲ ਜਿਲ੍ਹਾ ਜਲੰਧਰ, ਗਣੇਸ ਦਾਸ ਤੇ ਯੋਗ ਰਾਜ ਵਾਸੀ ਰਾਵਲਪਿੰਡੀ ਨੂੰ ਗਦਰੀਆਂ ਦਾ ਸਹਿਯੋਗ ਕਰਨ ਤੇ ਦੇਸ਼ ਵੰਡਣ ਦਾ ਦੋਸ਼ ਲਾ ਕੇ ਜਨਤਕ ਤੌਰ ਤੇ ਫਾਂਸ਼ੀ ਦਿੱਤੀ ਗਈ। ਇਸੇ ਸਮੇਂ ਆਜ਼ਾਦੀ ਲਈ ਜੂਝਣ ਵਾਲੇ ਯੌਧਿਆਂ ਗੋਪਾਲ ਸਿੰਘ ਚੰਦਨ, ਵਾਸਦੇਵ ਸਿੰਘ , ਭਾਈ ਰਤਨ ਸਿੰਘ ਲਲਤੋਂ, ਤੇਜਾ ਸਿੰਘ ਸੁਤੰਤਰ ਆਦਿ ਵੀ ਮੱਖਣ ਸਿੰਘ ਦੇ ਸੰਪਰਕ ਵਿੱਚ ਰਹੇ ਅਤੇ ਉਹਨਾਂ ਮੱਖਣ ਸਿੰਘ ਦੇ ਸਹਿਯੋਗ ਨਾਲ ਇਨਕਲਾਬੀ ਟ੍ਰੇਨਿੰਗ ਹਾਸਲ ਕੀਤੀ ਤੇ ਫੇਰ ਰੂਸ ਦੇ ਰਸਤੇ ਭਾਰਤ ਪਹੁੰਚੇ। ਕੀਨੀਆ ਵਿਖੇ ਕੰਮ ਕਰਦੀ ਗਦਰ ਪਾਰਟੀ ਤੇ ਕਿਰਤੀ ਪਾਰਟੀ ਦੀ ਗੁਪਤ ਬਰਾਂਚ ਜਿਸ ਵਿੱਚ ਦਵਿੰਦਰ ਸਿੰਘ ਕਾਤਲ ਉਰਫ ਲਾਲ ਸਿੰਘ ਵਾਸੀ ਸੰਸਾਰਪੁਰ, ਉਜਾਗਰ ਸਿੰਘ ਮਿਰਤੀ ਉਰਫ ਔਜਲਾ ਬੋਪਾਰਾਏ ਕਲਾਂ, ਸੂਬਾ ਸਿੰਘ ਠੱਠੀਆਂ ਮਹੰਤਾਂ ਅਮ੍ਰਿਤਸਰ ਆਦਿ ਸਨ, ਮੱਖਣ ਸਿੰਘ ਦੇ ਸਹਿਯੋਗ ਨਾਲ ਸਰਗਰਮ ਰਹੇ। 18 ਮਈ 1973 ਨੂੰ ਇਹ ਦੇਸ ਭਗਤ ਮੱਖਣ ਸਿੰਘ ਨੈਰੋਬੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ।