ਭਾਰਤ ਵਿੱਚ ਭਰਾ ਅਤੇ ਮਾਤਾ ਦੀ ਮੌਤ ਤੋਂ ਬਾਅਦ ਪਿਤਾ ਨੂੰ ਆਸਟ੍ਰੇਲੀਆ ਲਿਆਉਣ ਦੀ ਗੁਹਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਵਿੱਚ ਰਹਿਣ ਵਾਲਾ ਸੰਜੇ ਖੰਨਾ ਜੋ ਕਿ ਆਸਟ੍ਰੇਲੀਆਈ ਨਾਗਰਿਕ ਹੈ ਅਤੇ ਉਸਦਾ ਭਰਾ ਸੁਨੀਲ ਖੰਨਾ (51) ਵੀ ਆਸਟ੍ਰੇਲੀਆਈ ਨਾਗਰਿਕ ਸੀ ਪਰੰਤੂ ਭਾਰਤ ਵਿੱਚ ਹੋਣ ਕਾਰਨ, ਬੀਤੇ ਅਪ੍ਰੈਲ ਦੇ ਮਹੀਨੇ ਵਿੱਚ ਕੋਵਿਡ ਤੋਂ ਗ੍ਰਸਤ ਹੋ ਗਿਆ ਅਤੇ 29 ਅਪ੍ਰੈਲ, 2021 ਨੂੰ ਉਸਦੀ ਮੌਤ ਹੋ ਗਈ। ਇਸਤੋਂ ਫੌਰਨ ਬਾਅਦ ਉਸਦੀ ਬਜ਼ੁਰਗ ਮਾਤਾ ਜੋ ਕਿ 83 ਸਾਲਾਂ ਦੇ ਸਨ, ਆਪਣੇ ਪੁੱਤਰ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੇ ਅਤੇ ਸੁਨੀਲ ਖੰਨਾ ਦੀ ਮੌਤ ਦੇ 24 ਘੰਟਿਆਂ ਦੇ ਵਿੱਚ ਹੀ ਉਹ ਵੀ ਪਰਲੋਕ ਸਿਧਾਰ ਗਏ ਅਤੇ ਉਨ੍ਹਾਂ ਦੀ ਮੌਤ ਵੀ ਕਰੋਨਾ ਕਾਰਨ ਹੀ ਹੋਈ।
ਉਨ੍ਹਾਂ ਦੇ ਬਜ਼ੁਰਗ ਪਿਤਾ ਜੋ ਕਿ 84 ਸਾਲਾਂ ਦੇ ਹਨ ਅਤੇ ਉਹ ਵੀ ਕੋਵਿਡ ਗ੍ਰਸਤ ਹੋਏ ਸਨ ਪਰੰਤੂ ਬਾਅਦ ਵਿੱਚ ਉਹ ਠੀਕ ਵੀ ਹੋ ਗਏ, ਹੁਣ ਇਕੱਲੇ ਰਹਿ ਗਏ ਹਨ ਅਤੇ ਸੰਜੇ ਖੰਨਾ ਨੇ ਮੋਰੀਸਨ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਜੋ ਕਿ ਬਜ਼ੁਰਗ ਹਨ ਅਤੇ ਹੁਣੇ ਹੁਣੇ ਹੀ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ ਕੇ ਹਟੇ ਹਨ, ਨੂੰ ਚਿਕਿਤਸਕ ਸਹਾਇਤਾ ਦੇ ਨਾਲ ਨਾਲ ਆਪਣਿਆਂ ਦੇ ਪਿਆਰ ਅਤੇ ਸਤਿਕਾਰ ਦੀ ਵੀ ਜ਼ਰੂਰਤ ਹੈ ਅਤੇ ਇਸ ਵਾਸਤੇ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਉਸ ਦੇ ਕੋਲ ਆਉਣ ਦੀ ਪਹਿਲ ਦੇ ਆਧਾਰ ਤੇ ਇਜਾਜ਼ਤ ਦਿੱਤੀ ਜਾਵੇ।
ਭਾਰਤ ਤੋਂ ਲਗਾਤਾਰ ਹੀ ਉਥੇ ਫਸੇ ਹੋਏ ਆਸਟ੍ਰੇਲੀਆਈ ਨਾਗਰਿਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਸੁਨੀਲ ਖੰਨਾ ਦੇ ਨਾਲ ਹੀ ਇੰਥ 47 ਸਾਲਾਂ ਦੇ ਬਿਜਨਸਮੈਨ ਅਤੇ 59 ਸਾਲਾਂ ਦੇ ਆਸਟ੍ਰੇਲੀਆਈ ਪੱਕੇ ਨਾਗਰਿਕ ਦੀ ਮੌਤ ਹੋ ਜਾਣ ਦੀ ਵੀ ਖ਼ਬਰ ਹੈ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਕਹਿਣਾ ਹੈ ਕਿ ਤਾਜ਼ਾ ਆਂਕੜਿਆਂ ਮੁਤਾਬਿਕ 11,000 ਆਸਟ੍ਰੇਲੀਆਈ ਨਾਗਰਿਕ ਭਾਰਤ ਅੰਦਰ ਫਸੇ ਹੋਏ ਹਨ ਜਿਨ੍ਹਾਂ ਵਿੱਚ 900 ਅਜਿਹੇ ਹਨ ਜੋ ਕਿ ਜ਼ਿਆਦਾ ਜੋਖਮ ਵਾਲੀ ਸੂਚੀ ਵਿੱਚ ਆਉਂਦੇ ਹਨ। ਸਰਕਾਰ ਨੇ ਹੁਣ ਦੇਸ਼ ਵਾਪਸੀ ਦੀਆਂ ਫਲਾਈਟਾਂ ਦੀ ਸ਼ੁਰੂਆਤ ਵੀ ਕੀਤੀ ਹੈ ਅਤੇ ਇਸੇ ਮਹੀਨੇ ਹੁਣ ਦੂਸਰੀ ਫਲਾਈਟ 23 ਮਈ, ਇਸ ਦੇ ਬਾਅਦ ਇੱਕ ਹੋਰ ਫਲਾਈਟ 31 ਮਈ ਨੂੰ ਮਿੱਥੀ ਗਈ ਹੈ।