ਡਿਪੋਰਟੇਸ਼ਨ: ਵਾਪਸ ਜਾਓ ਭਾਰਤ ਨੂੰ

ਨਿਊਜ਼ੀਲੈਂਡ ਸਰਕਾਰ ਵੱਲੋਂ 2020 ’ਚ 41 ਭਾਰਤੀ ਮੂਲ ਦੇ ਲੋਕਾਂ ਨੂੰ ਵਾਪਿਸ ਮੁੜਨ ਦੇ ਹੁਕਮ ਜਾਰੀ ਹੋਏ
-2017 ਦੇ ਵਿਚ ਇਹ ਗਿਣਤੀ ਵਧ ਕੇ ਹੋ ਗਈ ਸੀ 232

ਆਕਲੈਂਡ :-ਨਿਊਜ਼ੀਲੈਂਡ ਨੇ ਪਿਛਲੇ ਸਾਲ 19 ਮਾਰਚ ਤੋਂ ਵਿਦੇਸ਼ੀ ਲੋਕਾਂ ਲਈ ਆਪਣੇ ਬਾਰਡਰ ਬੰਦ ਕੀਤੇ ਹੋਏ ਹਨ। ਇਥੇ ਸਿਰਫ ਦੇਸ਼ ਦੇ ਨਾਗਰਿਕ, ਪੱਕੇ ਵਸਨੀਕ ਜਾਂ ਜਿਨ੍ਹਾਂ ਦੀ ਇਥੇ ਬਹੁਤ ਲੋੜ ਹੈ ਜਾਂ ਇਨਸਾਨੀਅਤ ਦੇ ਨਾਤੇ ਜਰੂਰੀ ਲੋਕਾਂ ਨੂੰ ਹੀ ਆਗਿਆ ਦਿੱਤੀ ਜਾਂਦੀ ਰਹੀ ਹੈ। ਇਸ ਦਰਮਿਆਨ ਜਿੱਥੇ ਕਾਨੂਨੀ ਹੱਕ ਰੱਖਣ ਵਾਲੇ ਆ ਸਕਦੇ ਸਨ ਉਥੇ ਦੇਸ਼ ਦੇ ਵਿਚ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਜਾਂ ਆਪਣਾ ਰਹਿਣ ਦਾ ਹੱਕ ਗਵਾ ਚੁੱਕੇ ਲੋਕਾਂ ਨੂੰ ਨਿਊਜ਼ੀਲੈਂਡ ਦੇਸ਼ ਨੇ ਵਾਪਿਸ ਚਲੇ ਜਾਣ ਲਈ ਵੀ ਹੁਕਮ ਜਾਰੀ ਕੀਤੇ ਸਨ। ਕਰੋਨਾ ਦਾ ਚਲਦਿਆਂ ਇਹ ਗਿਣਤੀ ਬਾਕੀ ਸਾਲਾਂ ਦੇ ਮੁਕਾਬਲੇ ਭਾਵੇਂ ਘੱਟ ਰਹੀ ਪਰ ਇਮੀਗ੍ਰੇਸ਼ਨ ਅਜਿਹਾ ਕੰਮ ਕਰਦੀ ਰਹੀ ਹੈ। ਭਾਰਤੀ ਲੋਕਾਂ ਦੀ ਗੱਲ ਕਰੀਏ ਤਾਂ ਸਾਲ 2020 ਦੇ ਵਿਚ ਸਿਰਫ 41 ਲੋਕਾਂ ਨੂੰ ਡਿਪੋਰਟੇਸ਼ਨ (ਵਾਪਿਸ ਭਾਰਤ ਪਰਤਣ) ਦੇ ਹੁਕਮ ਮਿਲੇ ਸਨ। ਇਹ ਗਿਣਤੀ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਰਹੀ ਹੈ ਜਦ ਕਿ ਤਿੰਨ ਸਾਲ ਪਹਿਲਾਂ ਇਹ ਗਿਣਤੀ 232 ਸੀ। ਪੂਰੇ ਦੇਸ਼ ਦੇ ਵਿਚੋਂ ਕੁੱਲ ਡਿਪੋਰਟੇਸ਼ਨ ਹੁਕਮਾਂ ਦੀ ਗੱਲ ਕਰੀਏ ਤਾਂ ਇਹ ਸਾਲ 2020 ਦੇ ਵਿਚ 226 ਸੀ ਜਿਸ ਅਨੁਸਾਰ ਭਾਰਤੀਆਂ ਗਿਣਤੀ 18% ਰਹੀ ਹੈ। ਪਿਛਲੇ 10 ਸਾਲਾਂ ਦੇ ਵਿਚ ਨਿਊਜ਼ੀਲੈਂਡ ਨੇ 5973 ਲੋਕਾਂ ਨੂੰ ਡਿਪੋਰਟੇਸ਼ਨ ਦੇ ਹੁਕਮ ਜਾਰੀ ਕੀਤੇ ਸਨ ਜਿਨ੍ਹਾਂ ਵਿਚ ਭਾਰਤੀਆਂ ਗਿਣਤੀ 1066 ਰਹੀ ਹੈ ਜੋ ਕਿ 17.8% ਰਹੀ ਹੈ। ਚਾਰਟ ਵੇਖਿਆ ਜਾਵੇ ਤਾਂ ਕੋਈ ਵੀ ਮਹੀਨਾ ਖਾਲੀ ਨਹੀਂ ਰਿਹਾ ਜਿਸ ਦੌਰਾਨ ਕਿਸੀ ਨੂੰ ਡਿਪੋਰਟੇਸ਼ਨ ਹੁਕਮ ਨਾ ਹੋਏ ਹੋਣ। ਇਸ ਸਬੰਧੀ ਕੁਝ ਅੰਕੜੇ ਇਕੱਠੇ ਕੀਤੇ ਹਨ, ਜੋ ਕਿ ਹੇਠਾਂ ਦਿੱਤੇ ਜਾ ਰਹੇ ਹਨ।