ਇਪਟਾ ਦੇ ਰੰਗਮੰਚੀ ਤੇ ਸਾਮਜਿਕ ਸਰੋਕਾਰ

25 ਮਈ ਨੂੰ ਇਪਟਾ ਦੇ ਸਥਾਪਨਾ ਦਿਵਸ ਮੌਕੇ

ਕਲਾ ਦੀ ਕਿਸੇ ਇਕ ਵਿਧਾ (ਚਾਹੇ ਸਾਹਿਤ ਹੋਵੇ, ਰੰਗਮੰਚ ਹੋਵੇ, ਚਾਹੇ ਗੀਤ/ਸੰਗੀਤ, ਨ੍ਰਿਤ, ਚਿੱਤਰਕਾਰੀ, ઠਤੇ ਚਾਹੇ ਬੁੱਤਤਰਾਸ਼ੀ ਹੋਵੇ) ਦੀ ਬਿਹਤਰੀ ਲਈ ਇਕ ਤੋਂ ਵੱਧ ਸੰਸਥਾਵਾਂ ਸੁਣਨ/ਪੜਣਨ ਨੂੰ ਮਿਲ ਜਾਂਦੀਆਂ ਹਨ।ਪਰ ਕਲਾ ਦੀ ਇਕ ਤੋਂ ਵੱਧ ਵਿਧਾਵਾਂ ਦੀ ਤੱਰਕੀ ਤੇ ਬੇਹਤਰੀ ਅਤੇ ਸਮਾਜਿਕ ਸਰੋਕਾਰਾਂ ਲਈ ਚਿੰਤਤ ਤੇ ਪ੍ਰਤੀਬੱਧ ਸੰਸਥਾਵਾਂ ਪੋਟਿਆਂ ‘ਤੇ ਗਿਣਨ ਜੋਗੀਆਂ ਹੀ ਹਨ, ਜਿਹੜੀਆਂ ਲੋਕ ਹਿਤੈਸ਼ੀ, ਸਾਫ-ਸੁੱਥਰੇ ਅਤੇ ਨਿਰੋਏ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਵੀ ਹੋਣ, ਰੰਗਮੰਚ, ਗੀਤ/ਸੰਗੀਤ/ਨ੍ਰਿਤ ਦੀ ਗੱਲ ਵੀ ਕਰਦੀਆਂ ਹੋਣ ਅਤੇ ਸਮਾਜਿਕ ਮਸਲੇ/ਸਰੋਕਾਰ ਵੀ ਛੋਹੰਦੀਆਂ ਹੋਣ।
ਅਜਿਹੀ ਇਕ ਸੰਸਥਾ ਹੈ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ) ਜੋ 78 ਸਾਲ ਪਹਿਲਾਂ ਹੌਂਦ ਵਿਚ ਆਈ, ਜਿਸਦਾઠਨਾਂ ਸੁਝਾਇਆ ਸੀ ਮਹਾਨ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਅਤੇ ਲੌਗੋ ਤਿਆਰ ਕੀਤਾ ਸੀ ਮਸ਼ਹੂਰ ਚਿੱਤਰਕਾਰ ਚਿੱਤ ਪ੍ਰਸ਼ਾਦ ਨੇ।ਮਾਰਵਾੜੀ ਸਕੂਲ ਮੁੰਬਈ ਵਿਖੇ 25 ਮਈ 1943 ਨੂੰ ਹੋਏ ਇਪਟਾ ਦੇ ਪਲੇਠੇ ਮਹਾਂ ਸੰਮੇਲਨ ਦੀ ਪ੍ਰਧਾਨਗੀ ਐੱਚ. ਐੱਮ. ਜੋਸ਼ੀ ਨੇ ਕੀਤੀ ਅਤੇ ਪਹਿਲੇ ਪ੍ਰਧਾਨ ਵੀ ਐੱਚ. ਐੱਮ. ਜੋਸ਼ੀ ਥਾਪੇ ਗਏ।ਇਪਟਾ ਦੇ ਪਹਿਲੇ ਮੀਤ ਪ੍ਰਧਾਨ ਅਨਿਲ ਡੀ. ਸਿਲਵਾ ਸਨ।ਇਪਟਾ ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ‘ਕਲਾ ਕਲਾ ਨਹੀਂ ਬਲਕਿ ਲੋਕਾਂ ਲਈ ਹੈ’।ਇਪਟਾ ਕੇਵਲ ਇਕ ਸੰਸਥਾ/ਸੰਗਠਨ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਸੀ।ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿਚ ਦੇਸ਼ ਭਰ ਵਿਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ।ਇਪਟਾ ਦੇ ਸਿਧਾਂਤ ਮੁਤਾਬਿਕઠਕਲਾ ਦੇ ਸਮਾਜਿਕ ਸਰੋਕਾਰ ਹੋਣੇ ਲਾਜ਼ਮੀ ਸ਼ਰਤ ਹੈ।ਜਿਹੜੀ ਕਲਾ ਚਾਹੇ ਉਹ ਸਾਹਿਤ ਹੋਵੇ, ਰੰਗਮੰਚ ਹੋਵੇ, ਗੀਤ/ਸੰਗੀਤ ਹੋਵੇ, ਫਿਲਮ ਹੋਵੇ ਜਾਂ ਕੋਈ ਹੋਰ) ਲੋਕ-ਮਸਲਿਆਂ ਦੀ ਬਾਤ ਨਹੀ ਪਾਉਂਦੀ, ਉਹ ਕਲਾ ਦੀ ਸ਼੍ਰੇਣੀ ਵਿਚ ਹਰਗ਼ਿਜ਼ ਵੀ ਸ਼ੁਮਾਰ ਨਹੀਂ ਹੋ ਸਕਦੀ।
ਕਲਾ ਦੀ ਦੁਨੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ,ઠਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ,ઠਭੁਪੇਨ ਹਜ਼ਾਰੀਕਾ, ਹਬੀਬ ਤਨਵੀਰ, ਪੰਡਿਤ ਰਵੀ ਸ਼ੰਕਰ, ਕ੍ਰਿਸ਼ਨ ਚੰਦਰ, ਪੀ.ਸੀ. ਜੋਸ਼ੀ, ਮਜ਼ਰੂਹ ਸੁਲਤਾਨ ਪੁਰੀ,ઠਸਾਗਰ ਸਰਹੱਦੀ, ਸ਼ਬਾਨਾ ਆਜ਼ਮੀ,ઠਨਰਿੰਦਰ ਸ਼ਰਮਾਂ, ਖਵਾਜ਼ਾ ਅਹਿਮਦ ਅਬਾਸ, ਅਲੀ ਸਰਦਾਰ ਜ਼ਾਫ਼ਰੀ,ઠਸਲੀਲ ਚੌਧਰੀ, ਮਖ਼ਦੂਮ, ਮਹਮੂੰਦ ਦੀਨ, ਐਮ.ਐਸ. ਸਥਯੂ, ਜਾਵੇਦ ਸਦੀਕੀ, ਹਿਮਾਸ਼ੂੰ ਰਾਏ,ઠਸ਼ੰਭੂ ਮਿੱਤਰਾઠਵਰਗੇ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ। ਜਿਨ੍ਹਾਂ ਭਾਰਤੀ ਫਿਲਮਾਂ,ਰੰਗਮੰਚ,ਗੀਤ/ਸੰਗੀਤ ਅਤੇ ਨ੍ਰਿਤ ਵਿਚ ਅਪਣਾ ਨਿੱਘਰ ਤੇ ਜ਼ਿਕਰਯੋਗ ਹਿੱਸਾ ਪਾਇਆ।
ਇਪਟਾ ਕੇਵਲ ਫਨਕਾਰਾਂ/ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਸਖਸ਼ ਦਾ ਮੰਚ ਬਣਿਆਂ। ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਦਾ ਹਾਮੀ ਹੋ ਨਿਬੜਿਆ।ਭਾਂਵੇ ਬੰਗਾਲ ਦਾ ਹਿਰਦਾ-ਹਿਲਾਊ ਕਾਲ ਹੋਵੇ ਜਾਂ ਅਜ਼ਾਦੀ ਦੀ ਲੜਾਈ।ਇਪਟਾ ਦੇ ਕਾਰਕੁਨਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਇਪਟਾ ਨੇ ਨਾ ਸਿਰਫ਼ ਵਿਦੇਸੀ ਹਾਕਿਮ ਦੇ ਜ਼ੁਲਮ ਝੱਲੇ, ਸਗੋਂ ਅਜ਼ਾਦੀ ਤੋਂ ਬਾਅਦ ਦੇਸੀ ਹਾਕਿਮ ਦੇ ਤੱਸ਼ਦਦ ਅਤੇ ਅਤਿਆਚਾਰ ਸਹਿਣ ਦੇ ਬਾਵਜੂਦ ਵੀ ਲੋਕ-ਪੱਖੀ ਸਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਦੀ ਧੂਣੀ ਮਘਾਈ ਤੇ ਭੱਖਾਈ ਰੱਖੀ
ਬਿਜੋਨ ਭੱਟਾਚਾਰੀਆ ਦੁਆਰਾ ਲਿਖਿਆ ਗਿਆ ‘ਨਾਬਾਨ’ ਇਪਟਾ ਦਾ ਪਹਿਲਾ ਵੱਡਾ ਨਾਟਕ ਸੀ। ਇਸ ਨਾਟਕ ਦਾ ਨਿਰਦੇਸ਼ਨ ਬਿਜੋਨ ਭੱਟਾਚਾਰੀਆ ਅਤੇ ਵਿਨੈ ਰਾਏ ਦੁਆਰਾ ਕੀਤਾ ਗਿਆ ਸੀ। ਬੰਗਾਲ ਵਿੱਚ ਪਏ ਕਾਲ ਦੌਰਾਨ ਪੀੜਤਾਂ ਦੀ ਮਦਦ ਲਈ ਇਸ ਨਾਟਕ ਦੇ ਸੈਂਕੜੇ ਸ਼ੋਅ ਪੂਰੇ ਦੇਸ਼ ਵਿੱਚ ਹੋਏ, ਨਾਟਕ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਰੁਪਇਆਂ ਤੋਂ ਇਲਾਵਾ ਸੋਨੇ ਦੇ ਗਹਿਣੇ ਅਤੇ ਹੋਰ ਸਮੱਗਰੀ ਬੰਗਾਲ ਦੇ ਕਾਲ ਪੀੜਤਾਂ ਦੀ ਮਦਦ ਲਈ ਲੋਕਾਂ ਨੇ ਦਿੱਤੀ।ਬਿਜੋਨ ਭੱਟਾਚਾਰੀਆ ਨੇ ‘ਅਗਨ’, ‘ਜਾਬਬੰਦੀ’, ‘ਦੇਵੀ ਜਾਗਰਣ’, ‘ਗੋਤਰਾਂਤਰ’ ਵਰਗੇ ਅਨੇਕਾਂ ਨਾਟਕ ਲਿਖਕੇ ਨਿਰਦੇਸ਼ਿਤ ਵੀ ਕੀਤੇ ਅਤੇ ਅਦਾਕਾਰੀ ਵੀ।ਇਪਟਾ ਦੇ ਸ਼ੁਰੂਆਤੀ ਸਾਲਾਂ ਵਿਚ ਖ਼ਵਾਜਾ ਅਹਿਮਦ ਅੱਬਾਸ ਮੁੱਖ ਨਾਟਕਕਾਰ ਸਨ, ਜਿਨਾਂ ਨੇ ਨਾਟਕ ‘ਜ਼ੁਬੈਦਾ’ ਲਿਖਿਆ ਅਤੇ ਨਿਰਦੇਸ਼ਤ ਕੀਤਾ। ਜਿਸ ਵਿਚ ਬਲਰਾਜ ਸਾਹਨੀ ਨੇ ਵੀ ਅਦਾਕਾਰੀ ਕੀਤੀ।
ਇਸੇ ਤਰਾਂ ਨਾਟਕਕਾਰ ਡਾ. ਰਾਸ਼ਿਦ ਜਹਾਂ ਨੇ ‘ਪਰਦੇ ਕੇ ਪੀਛੇ’ ਲਿਖਿਆ ਸੀ ਜੋ ਮੁਸਲਿਮ ਮੂਲਵਾਦ ਦੀ ਗੱਲ ਕਰਦਾ ਸੀ। ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਰਿਤਿਕ ਗੱਤਕ ਨੇ ઠਨਾਟਕ ‘ਕਾਲੋ ਸਯਾਰ’ ਅਤੇ “(Dark Lake) ‘ਜਵਾਲਾ’ ਲਿਖੇ ਅਤੇ ਨਿਰਦੇਸ਼ਤ ਕੀਤੇ। ਮਲਿਆਲਮ ਨਾਟਕਕਾਰ ਅਤੇ ਨਿਰਦੇਸ਼ਕ ਥੋਪੀਲ ਬਾਸੀ ਨੇ ਚਰਚਿੱਤ ਨਾਟਕ ‘ਤੁਸੀਂ ਮੈਨੂੰ ਕਮਿਊਨਿਸਟ ਬਣਾਇਆ’ ਲਿਖਿਆ। ਜਿਸਦੇ ਹਜ਼ਾਰ ਤੋਂ ਵੱਧ ਵਾਰ ਮੰਚਣ ਕੀਤੇ ਗਏ ਜੋ ਅਜੇ ਵੀ ਚੱਲ ਰਹੇ ਹਨ। ਬਲਰਾਜ ਸਾਹਨੀ ਦਾ ਨਾਟਕ “ਜਾਦੂ ਕੀ ਕੁਰਸੀ” ਭੀਸ਼ਮਾ ਸਾਹਨੀ ਦੇ ਨਾਟਕਾਂ ‘ਕਬੀਰਾ ਖੜਾ ਬਾਜ਼ਾਰ ਮੈਂ’, ‘ਮਾਧਵੀ’, ‘ਮੁਵੇਜ਼’, ‘ਹਨੂਸ਼’ ਦੇ ਵੀ ਵਾਰ-ਵਾਰ ਮੰਚਨ ਹੋਏ।
ਸਾਗਰ ਸਰਹੱਦੀ ਨੇ ਨਾਟਕ ਲਿਖੇ ਵੀ ਤੇ ਨਿਰਦੇਸ਼ਿਤ ਵੀ ਕੀਤੇ। ਉਨਾਂ ਦੇ ਪ੍ਰਸਿੱਧ ਨਾਟਕ ‘ਮੇਰੇ ਦੇਸ ਕੇ ਗਾਓਂ’, ‘ਖ਼ਿਆਲ ਕੀ ਦਸਤਕ’, ‘ਮਸੀਹਾ’, ‘ਮਿਰਜ਼ਾ ਸਾਹਿਬਾ’, ‘ਭਗਤ ਸਿੰਘ ਕੀ ਵਾਪਸੀ’, ‘ਭੂਖੇ ਭਜਨ ਨਾ ਹੋਏ ਗੋਪਾਲਾ’, ਅਤੇ ‘ਰਾਜ ਦਰਬਾਰ’ ਦੇ ਅਨੇਕਾਂ ਮੰਚਣ ਕੀਤੇ।ਜਸਵੰਤ ਠੱਕਰ ਅਤੇ ਸ਼ਾਂਤਾ ਗਾਂਧੀ ਪ੍ਰਸਿੱਧ ਗੁਜਰਾਤੀ ਨਾਟਕਕਾਰ ਅਤੇ ਨਿਰਦੇਸ਼ਕ ਸਨ, ਜੋ ਗੁਜਰਾਤੀ ਨਾਟਕਾਂ ਵਿਚ ਨਵੀਨਤਾ ਅਤੇ ਅਧੁਨਿਕਤਾ ਲੈ ਕੇ ਆਏ। ਰਾਜੇਂਦਰ ਰਘੁਵੰਸ਼ੀ ਨੇ ਆਪਣੇ ਚਰਚਿੱਤ ਨਾਟਕ “ਆਸ਼ੂ ” ਰਾਹੀਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।ਉਨਾਂ ਤਕਰੀਬਨ ਪੰਜਾਹ ਨਾਟਕ ਲਿਖੇ ਅਤੇ ਨਿਰਦੇਸ਼ਿਤ ਕੀਤੇ।
ઠઠઠઠઠઠઠ ઠਪ੍ਰਸਿੱਧ ਹਿੰਦੀ ਲੇਖਕ ਅਮ੍ਰਿਤ ਲਾਲ ਨਾਗਰ ਨੇ ‘ਯੁਗਅਵਤਾਰ’, ‘ਬਾਤ ਕੀ ਬਾਤ’, ‘ਚੜ੍ਹਤ ਨਾ ਦੁਜੋ ਰੰਗ’ ਵਰਗੇ ਕਈ ਨਾਟਕ ਲਿਖੇ। ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਦਾ ‘ਗੋਦਾਨ’ ਅਤੇ ‘ਈਦਗਾਹ’ ਵੀ ਨਿਰਦੇਸ਼ਿਤ ਕੀਤਾ। ਉਨ੍ਹਾਂ ਉਪਰ ‘ਈਦਗਾਹ’ ਲਈ ਇੱਕ ਕੇਸ ਵੀ ਦਾਇਰ ਹੋਇਆ।ਲਖਨਊ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਟਕੀ ਪ੍ਰਦਰਸ਼ਨ ਐਕਟ ਤਹਿਤ ਨਾਟਕਦੇ ਮੰਚਣ ‘ਤੇ ਪਾਬੰਦੀ ਲਗਾਈ ਗਈ ਪਰ ਇਪਟਾ ਨੇ ਪਾਬੰਦੀ ਦਾ ਪ੍ਰਵਾਹ ਨਾ ਕਰਦੇ ਹੋਏ ਨਾਟਕ ਦਾ ਮੰਚਣ ਕੀਤਾ।ਆਖਿਰ ਹਾਈ ਕੋਰਟ ਵਿਚ ਪਾਬੰਦੀ ਵਿਰੁੱਧ ਕੇਸ ਜਿੱਤ ਲਿਆ।ਅਜੈ ਅਥਲੇ ਰਾਏਗੜ ਦੇ ਇਕ ਪ੍ਰਮੁੱਖ ਨਾਟਕਕਾਰ ਸਨ।ਜਿਨਾਂ ਕਈ ਨਾਟਕ ਲਿਖੇ ਤੇ ਨਿਰਦੇਸ਼ਿਤ ਕੀਤੇ।ਜੁਗਲ ਕਿਸ਼ੋਰ ਵੀ ਪ੍ਰਸਿੱਧ ਨਿਰਦੇਸ਼ਕ ਸਨ, ਜਿਨ੍ਹਾਂ ‘ਖੋਜਾ ਨਸੀਰੂਦੀਨ’, ‘ਰਾਤ’, ‘ਆਲਾ ਅਫਸਰ’, ‘ਹੋਲੀ’ ਵਰਗੇ ਪ੍ਰਸਿੱਧ ਨਾਟਕ ਲਿਖੇ। ਜਾਵੇਦ ਅਖ਼ਤਰ ਆਪਣੇ ਨਾਟਕ ‘ਦੂਰ ਦੇਸ ਕੀ ਕਥਾ’ ਅਤੇ ਪੰਕਜ ਸੋਨੀ ‘ਤਿੱਤਲੀ’, ‘ਜੌਹਰ’ ਰਾਹੀਂ ਚਰਚਾ ਵਿਚ ਰਹੇ।ਮਸ਼ਹੂਰ ਨਾਟਕਕਾਰ ਐਮ. ਐਸ. ਸਤਯੁ ਨੇ ਨਾਟਕ ‘ਬੱਕਰੀ’, ‘ਮੋਟੇ ਰਾਮ ਕਾ ਸੱਤਿਆਗ੍ਰਹਿ’, ‘ਗਿਰਜਾ ਕੇ ਸਪਨੇ’ ਸਮੇਤ ਕਈ ਨਾਟਕ ਲਿਖਕੇ ਮੰਚਿਤ ਕੀਤੇ।
ઠઠઠઠઠઠઠ ਇਪਟਾ ਦੇ ਮੌਜਦੂਾ ਰਾਸ਼ਟਰੀ ਪ੍ਰਧਾਨ ਅਤੇ ਚਰਚਿੱਤ ਨਾਟਕਕਾਰ ਡਾ. ਰਣਬੀਰ ਸਿੰਘ ‘ਰਾਮ ਲੀਲਾ’, ‘ਤੈਮੂਰ’, ‘ਪ੍ਰਾਰਥਨਾਚਿੱਤ’, ‘ਗੱਤਰੀ ਬਾਈ’, ‘ਪਰਦਾਫਾਸ਼’, ‘ਮੱਕੜ ਜਾਲ’ ਨਾਟਕ ਲਿਖਕੇ ਮੰਚਿਤ ਕੀਤੇ।ਤਨਵੀਰ ਅਖਤਰ ਇਪਟਾ ਦੇ ਰੰਗਕਰਮੀ ਹਨ। ਜਿਨਾਂ “ਕਬੀਰਾ ਖੜਾ ਬਾਜ਼ਾਰ ਮੇ, ਸੁਪਨਵਾ ਕਾ ਸਪਨਾ, ਮੁਝੇ ਕਾਹਨ ਲੇ ਆਓ ਹੋ ਕੋਲੰਬਸ, ‘ਮਾਈ ਬਿਹਾਰ ਹੂੰ’ ਰਾਹੀਂ ਭਾਰਤੀ ਰੰਗਮੰਚ ਦੇ ਖੇਤਰ ਵਿਚ ਆਪਣੀ ਭਰਵੀਂ ਸ਼ਮੂਲੀਅਤ ਕੀਤੀ।ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਨੇ ‘ਜਲ’, ‘ਏ.ਪੀ’., ‘ਅਪਵਾਦ ਔਰ ਨਿਯਾਮ’, ‘ਓਡੀਪਸ’, ‘ਗੈਲੀਲੀਓ’, ‘ਚਾਰਵਾਕ’ ਆਦਿ ਨਾਟਕਾਂ ਰਾਹੀਂ ਪ੍ਰਸਿੱਧੀ ਹਾਸਿਲ ਕੀਤੀ।ਇਕ ਹੋਰ ਮਹੱਤਵਪੂਰਨ ਨਾਟਕਰਮੀ ਪ੍ਰਦੀਪ ਘੋਸ਼ ਹਨ ਜਿਨਾਂ ‘ਸੰਝਾ’, ‘ਕੈਂਪ-3’, ‘ਇੰਸਪੈਕਟਰ ਮਾਤਾ ਦੀਨ ਚਾਂਦ ਪਾਰ’, ‘ਸਾਗਾ ਥਾਪਾ’ ਸਮੇਤ ਕਈ ਨਾਟਕ ਲਿਖੇ।ਇਨਾਂ ਤੋਂ ਇਲਾਵਾ ਰਾਜੇਸ਼ ਸ਼੍ਰੀਵਾਸਤਵ, ਮਿਨਹਾਜ ਅਸਦ, ਦਿਲੀਪ ਰਘੂਵੰਸ਼ੀ, ਪੀਯੂਸ਼ ਸਿੰਘ, ਮਨੀਸ਼ ਸ਼੍ਰੀਵਾਸਤਵ, ਉਪੇਂਦਰ ਮਿਸ਼ਰਾ, ਪ੍ਰੇਮ ਪ੍ਰਕਾਸ਼ ਵਰਗੇ ਹੋਰ ਵੀ ਅਨੇਕਾਂ ਨਾਟ-ਕਰਮੀ ਕਾਰਜਸ਼ੀਲ ਹਨ।
ઠઠઠઠ ਪੰਜਾਬ ਵਿਚ ਇਪਟਾ ਦਾ ਮੁੱਢ ਤੇਰਾ ਸਿੰਘ ਚੰਨ ਦੀ ਰਹਿਨੁਮਾਈ ਹੇਠ 1950 ਵਿਚ ਬੱਝਾ।ਇਸ ਸਭਿਆਚਾਰਕ ਟੋਲੀ ਵਿਚ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਹੁਕਮ ਚੰਦ ਖਲੀਲੀ,ઠਹਰਨਾਮ ਸਿੰਘ ਨਰੂਲਾ, ਸ਼ੀਲਾ ਦੀਦੀ,ઠਸ਼ੀਲਾ ਭਾਟੀਆ,ઠਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਪ੍ਰੀਤਮਾ, ਨਰਿੰਦਰ ਕੌਰ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ,ઠਮੱਲ ਸਿੰਘ ਰਾਮਪੁਰੀ,ઠਰਜਿੰਦਰ ਭੋਗਲ, ਡਾ. ਹਰਸ਼ਰਨ ਸਿੰਘ, ਸੁਰਜੀਤ ਤੇ ਰਜਿੰਦਰ ਕੌਰ, ਆਸ਼ਾ, ਮਹਿੰਦਰ ਕੌਰ ਸ਼ਾਮਿਲ ਸਨ, ਨੀਤਾਸ਼ਾ ਸ਼ਾਮਿਲ ਸਨ।
ઠઠઠઠ ਇਸ ਸਭਿਆਚਾਰਕ ਟੋਲੀ ਨੇ ਤੇਰਾ ਸਿੰਘ ਚੰਨ ਰਚਿਤ ‘ਲਕੜ ਦੀ ਲੱਤ’, ‘ਅਮਰ ਪੰਜਾਬ’, ‘ਸਾਜ਼ਿਸ਼’, ‘ਨੀਲ ਦੀ ਸਹਿਜ਼ਾਦੀ,’ ‘ਆਖਰੀ ਪੜ੍ਹਾ’, ‘ਕਾਗ ਸਮੇਂ ਦਾ ਬੋਲਿਆ’। ਜਗਦੀਸ਼ ਫਰਿਆਦੀ ਦੇ ਲਿਖੇ ‘ਕਾਲ’, ‘ਘੁੱਗੀ ਦੇ ਖੰਭਾਂ ਹੇਠ’, ‘ਭੁੱਖੀ ਜਨਤਾ’, ‘ਮਿਰਜ਼ਾ ਸਾਹਿਬਾਂ’, ‘ਜੱਟੀ ਹੀਰ’, ‘ਸੱਸੀ ਪੁਨੂੰ’, ‘ਸ਼ੀਰੀ ਫਰਿਆਦ’ ਅਤੇ ਜੋਗਿੰਦਰ ਬਾਹਰਲਾ ਦੇ ‘ਹਾੜੀਆਂ ਸੌਣੀਆਂ’, ‘ਸਾਹਿਬਾਂ’, ‘ਜਿੰਦਾਂ’, ‘ਰੰਬੀਆਂ’, ‘ਬਣਜਾਰਾ’, ‘ਸਧਰਾਂ’, ‘ਖਿਚੋਤਾਣ’, ‘ਸਮਝੋਤਾ’, ‘ਟੈਸ’, ‘ਕਾਤਲ ਕੌਣ’, ‘ਧਰਤੀ ਦੇ ਬੋਲ’, ‘ਚਿਣਗਾਂ ਦੀ ਮੁੱਠੀ’ ਆਦਿઠਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਦੀਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਮੰਚਣਾਂ/ਪੇਸ਼ਕਾਰੀਆਂ ਰਾਹੀਂ ਪੰਜਾਬੀ ਰੰਗਮੰਚ ਤੇ ਸਭਿਆਚਾਰ ਵਿਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਂਦੀ।ਜਿੱਥੇ ਕਿਤੇ ਵੀ ਇਹ ਟੋਲੀ ਆਪਣੀ ਪੇਸ਼ਕਾਰੀ ਕਰਨ ਜਾਂਦੀ। ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ।ਕਈ ਸ਼ਾਹਿਰਾਂ ਵਿੱਚ ਤਾਂ ਸਿਨੇਮੇ ਹਾਲ ਬੁੱਕ ਕਰਵਾ ਕੇ ਟਿਕਟਾਂ ਉਪਰ ਵੀ ਅਯੋਜਨ ਹੋਏ।
ઠઠઠઠ ਵੈਸੇ ਤਾਂ ਕਲਾ ਦੀ ਕਿਸੇ ਵਿਧਾ ਨਾਲ ਸਬੰਧ ਰੱਖਣ ਲਈ ਜੇ ਪ੍ਰੀਵਾਰ/ਖਾਨਦਾਨ ਵਿਚ ਕਿਸੇ ਇਕ ਨੂੰ ਆਗਿਆ ਮਿਲ ਜਾਵੇ ਤਾਂ ਗਨੀਮਤ ਸਮਝੀ ਜਾਂਦੀ ਹੈ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀਆਂ ਧੀਆਂ ਉਮਾ, ਉਰਮਿਲਾ ਤੇ ਪ੍ਰੀਤਮਾ ਨੂੰ, ਤੇਰਾ ਸਿੰਘ ਚੰਨ ਨੇ ਧੀ ਨੀਤਾਸ਼ਾ ਨੂੰ, ਨਵਤੇਜ ਸਿੰਘ ਦੀ ਪਤਨੀ ਮਹਿੰਦਰ ਕੌਰ, ਜਗਦੀਸ਼ ਫਰਿਆਦੀ ਨੇ ਆਪਣੀ ਪਤਨੀ ਆਸ਼ਾ, ਪੁੱਤਰ ਟੋਨੀ ਬਾਤਿਸ਼, ਪੋਤਰੇ ਰੂਪਕ, ਡਾ.ਹਰਸ਼ਰਨ ਸਿੰਘ ਨੇ ਅਪਣੀਆਂ ਭੈਣ ਸੁਰਜੀਤ ਤੇ ਰਜਿੰਦਰ ਕੌਰ ਨੂੰ ਵੀ ਆਪਣੇ ਨਾਲ ਬਿਖੜੇ ਰਾਹਾਂ ਦਾ ਰਾਹੀ ਬਣਾਇਆ।
ઠઠઠઠ ਇਪਟਾ ਦੀ ਟੋਲੀ ਨੇ ਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਨੂੰ ਪੰਜਾਬ ਦੇ ਪਿੰਡ-ਪਿੰਡ ਪਹੁੰਚਾਇਆਂ ਤੇ ਲੋਕਾਂ ਦੇ ਦਿੱਲਾਂ ਵਿਚ ਆਪਣੀ ਥਾਂ ਬਣਾਈ।ਉਸ ਸਮੇਂ ਪੰਜਾਬ ਦੇ ਮੁੱਖ-ਮੰਤਰੀ ਪ੍ਰਤਾਪ ਸਿੰਘ ਕੈਂਰੋ ਨੇઠਇਪਟਾ ਦੀ ਪੰਜਾਬ ਵਿਚ ਵੱਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਅਤੇઠਇਪਟਾ ਦੀਆਂ ਸਭਿਆਚਰਕ ਤੇ ਰੰਗਮੰਚੀ ਸਰਗਰਮੀਆਂ ਦੀ ਕਾਟ ਕਰਨ ਲਈ ਲੋਕ ਸੰਪਰਕ ਵਿਭਾਗઠਬਣਾਉਂਣ ਦਾ ਨਿਰਣਾ ਲਿਆ ਅਤੇ ਇਪਟਾ ਨੂੰ ਕਮਜ਼ੋਰ ਕਰਨ ਲਈઠਜੋਗਿੰਦਰ ਬਾਹਰਲਾ ਨੂੰ ਉਸ ਵਿਭਾਗ ਦਾ ਮੁੱਖੀ ਬਣਨ ਦੀ ਪੇਸ਼ਕਸ਼ ਕੀਤੀ ਪਰ ਜੋਗਿੰਦਰ ਬਾਹਰਲਾ ਨੇ ਸਰਕਾਰੀ ਅਧੀਨਗੀ ਕਬੂਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੈਰੋਂ ਸਾਹਿਬ ਨੇ ਤਲਖ਼ੀ ਨਾਲ ਕਿਹਾ, ”ਤੁਸੀਂ ਮੁੱਖ ਮੰਤਰੀ ਨੂੰ ਇਨਕਾਰ ਕਰ ਰਹੇ ਹੋ।” ਜੋਗਿੰਦਰ ਬਾਹਰਲਾ ਨੇ ਕਿਹਾ, ”ਕੈਰੋਂ ਸਾਹਿਬ ਜੇ ਤੁਸੀਂ ਪੰਜਾਬ ਦੇ ਮੁੱਖ-ਮੰਤਰੀ ਹੋ ਤਾਂ ਮੈਂ ਰੰਗਮੰਚ ਦਾ ਮੁੱਖ-ਮੰਤਰੀ ਹਾਂ।”
ਪੰਜਾਬ ਇਪਟਾ ਦੀ ਨਾਟ-ਟੋਲੀ ਵਿਸ਼ੇਸ਼ ਸੱਦੇ ਉਪਰ ਨਾਟਕ ‘ਹੀਰ ਰਾਂਝਾ’ ਦੇ ਮੰਚਣ ਲਈ ਬੰਬਈ ਗਈ।ਜਗਦੀਸ਼ ਫਰਿਆਦੀ ਕੈਦੋ ਦਾ ਰੋਲ ਕਰਦੇ ਸਨ।ਨਾਟਕ ਖਤਮ ਹੋਣ ਤੋਂ ਬਾਅਦ ਹਿੰਦੀ ਫਿਲਮਾਂ ਪ੍ਰਸਿੱਧ ਚਰਿੱਤਰ ਅਭਿਨੇਤਾ ਪ੍ਰਾਣ ਮੰਚ ਦੇ ਪਿੱਛੇ ਆਏ ਅਤੇ ਫਰਿਆਦੀ ਹੋਰਾਂ ਨੂੰ ਘੁੱਟ ਕੇ ਕਲਾਵੇ ਵਿਚ ਲੈ ਕੇ ਕਹਿਣ ਲਗੇ, ”ਫਰਿਆਦੀ ਜੇ ਇਹ ਨਾਟਕ ਮੈਂ ਪਹਿਲਾਂ ਵੇਖਿਆ ਹੁੰਦਾ ਤਾਂ ਫਿਲਮ ‘ਹੀਰ ਰਾਂਝਾ’ ਵਿਚ ਮੈਂ ਕੈਦੋਂ ਦੇ ਕਿਰਦਾਰ ਨਾਲ ਹੋਰ ਵੀ ਇਨਸਾਫ ਕਰ ਸਕਦਾ ਸੀ।
ઠઠઠઠ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ, ਹਿੰਦ-ਪਾਕਿ ਦੀ ਬਰੂਹਾਂ ‘ਤੇ ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸੇ ਪ੍ਰੀਤ ਨਗਰ ਵਿਖੇ ਉਨਾਂ ਦੇ ਘਰ ਦੇ ਦਰ ਇਪਟਾ ਦੇ ਕਾਰਕੁਨਾ ਲਈ ਨਾਟਕੀ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਰਹਿਰਸਲ ਵਾਸਤੇ ਹਮੇਸ਼ਾਂ ਖੁੱਲੇ ਰਹਿੰਦੇ।ਇਪਟਾ ਦੀਆਂ ਰੰਗਮੰਚੀ ਤੇ ਸਭਿਆਚਰਾਕ ਸਰਗਰਮੀਆਂ ਤਕਰੀਬਨ ਤਿੰਨ ਦਹਾਕੇ ਲਗਾਤਾਰ ਚੱਲੀਆਂ ਪਰ ਪੰਜਾਬ ਵਿਚ ਕਾਲੇ ਦੌਰ ਦੌਰਾਨ ਇਸ ਦੀ ਰਫਤਾਰ ਕੁੱਝ ਮੱਠੀ ਹੋ ਗਈ।
ઠઠઠઠ ਇਪਟਾ ਦੇ ਸਿਧਾਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਡਾ. ਆਤਮਜੀਤ, ਦਵਿੰਦਰ ਦਮਨ, ਸਵਰਗੀ ਦਲਬੀਰ ਅਤੇ ਡਾ. ਸਤੀਸ਼ ਵਰਮਾ ਨੇ ਮੋਹਰਲੀਆਂ ਸਫਾਂ ਵਿਚ ਰਹਿ ਕੇ ਅਪਣੀਆਂ ਰੰਗਮੰਚੀ ਗਤੀਵਿਧੀਆਂ ਜ਼ਰੀਏ ਅਗਾਂਹ ਤੋਰਿਆ ਅਤੇ ਹੁਣ ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ) ਦੀ ਰਹਿਨੁਮਾਈ ਹੇਠ ਇਪਟਾ ਦੇ ਕਾਰਕੁਨ ਪੰਜਾਬ ਵਿਚ ਇਪਟਾ ਦੇ ਕਾਫ਼ਲੇ ਨੂੰ ਜਾਰੀ ਵੀ ਰੱਖ ਰਹੇ ਹਨ ਤੇ ਵਾਧਾ ਵੀ ਕਰ ਰਹੇ ਹਨ।
ઠઠઠઠ ਭਾਰਤ ਦੇ ਹਾਕਿਮ ਵੱਲੋਂ ਲਾਗੂ ਕੀਤੇ ਕਿਸਾਨ/ਇਨਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਪੰਜਾਬ ਤੋਂ ਉਠੇ ਤੇ ਦੇਸ਼ ਭਰ ਵਿਚ ਫੈਲ ਚੁੱਕੇ ਅੰਦੋਲਨ ਵਿਚ ਵੀ ਇਪਟਾ ਨੇ ਦੇਸ ਭਰ ਵਿਚ ਆਪਣੇ ਮੁੱਢਲੇ ਸਿਧਾਂਤ ‘ਕਲਾ ਲੋਕਾਂ ਲਈ’ ਮੁਤਾਬਿਕ ਕਿਸਾਨੀ ਮਸਲੇ ਉਭਾਰਦੇ ਨਾਟਕਾਂ, ਨੁਕੜ ਨਾਟਕਾਂ ਅਤੇ ਗਾਇਕੀ ਰਾਹੀਂ ਕਿਸਾਨ ਅੰਦੋਲਨਕਾਰੀਆਂ ਵਿਚ ਜੋਸ਼ ਭਰਨ ਦੀ ਜ਼ੁੰਮੇਵਾਰੀ ਨਿਭਾਈ ਅਤੇ ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ‘ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਹਰ ਸੱਦੇ ਉਤੇ ਪੰਜਾਬ ਸਮੇਤ ਇਪਟਾ ਦੇ ਦੇਸ ਭਰ ਦੇ ਕਾਰਕੁਨઠ ਸ਼ਿਰਕਤ ਕਰ ਰਹੇ ਹਨ।
ઠઠઠઠ ਇਪਟਾ ਦੀ ਸਮਝ ਹੈ ਕਿ ਇਕ ਈਸਟ ਇੰਡੀਆਂ ਕੰਪਨੀ ਦੀ ਜਕੜ ਤੇ ਪਕੜ ਤੋਂ ਖਹਿੜਾ ਛਡਵਾਉਂਣ ਲਈ ਦੋ ਸੌ ਸਾਲ ਲੱਗ ਗਏ, ਉਹ ਵੀ ਅਨੇਕਾਂ ਸੂਰਬੀਰਾਂ, ਦੇਸ਼ ਭਗਤਾਂ ਤੇ ਯੋਧਿਆਂ ਦੀਆ ਕੁਰਬਾਨੀਆਂ ਤੋਂ ਬਾਅਦ।ਹੁਣ ਜਿਸ ਹਿਸਾਬ ਨਾਲ ਹਾਕਿਮ ਦੀ ਸਹਿਮਤੀ ਤੇ ਹੱਲਾਸ਼ੇਰੀ ਨਾਲ ਅਤੇ ਦੇਸੀ ਕਾਰਪੋਰੇਟਾਂ ਰਾਹੀਂ ਵਿਦੇਸੀ ਕਾਰਪੋਰੇਟ ਸੈਕਟਰਾਂ ਦੀਆਂ ਧਾੜਾਂ ਦੀ ਧਾੜਾਂ ਆਪਣੇ ਮੁਲਕ ਵੱਲ ਤੁਰੀਆਂ ਆ ਰਹੀਆ ਹਨ, ਉਸ ਤੋਂ ਉਨਾਂ ਦਾ ਮਨਸੂਬਾ ਸਾਡੇ ਸਮਾਜਿਕ ਤਾਣੇ-ਬਾਣੇ, ਆਰਥਿਕਤਾ, ਵਿਰਸੇ, ਭਾਸ਼ਾ, ਸਭਿਆਚਾਰ ਨੂੰ ਤਹਿਸ-ਨਹਿਸ ਕਰਕੇ, ਸਾਨੂੰ ਸਦਾ ਲਈ ਆਪਣੀ ਜਕੜ ਵਿਚ ਜਕੜਣ ਦਾ ਲੱਗ ਰਿਹਾ ਹੈ।
ઠઠઠઠ ਲੱਚਰਤਾ, ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਤੇ ਗੀਤਕਾਰੀ ਜਿਹੜੀ ਆਮ ਤੌਰ ‘ਤੇઠ ਸਮਾਜ ਖਾਸ ਤੌਰ ‘ਤੇ ਨੌਜੁਆਨੀ ਨੂੰ ਲੱਚਰ, ਹਿੰਸਕ ਅਤੇ ਨਸ਼ੇੜੀ ਬਣਾ ਕੇ ਉਨਾਂ ਨੂੰ ਜ਼ਹਿਨੀ ਅਤੇ ਮਾਨਿਸਕ ਤੌਰ ‘ਤੇ ਬਿਮਾਰ ਕਰਕੇ ਸਾਡੇ ਨਿਰੋਏ ਤੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਤਬਾਹ ਕਰ ਰਹੀ ਹੈ, ਖ਼ਿਲਾਫ ਵੀ ਪਿੱਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਇਪਟਾ ਨੇ ਲਗਾਤਾਰ ਆਪਣੀ ਅਵਾਜ਼ ਬੁਲੰਦ ਕੀਤੀ ਹੋਈ ਹੈ।ਸਮੇਂ ਸਮੇਂ ਦੇਸ ਤੇ ਸੂਬੇ ਦੇ ਮੁੱਖੀਆਂ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਵੀ ਸੁਚੇਤ ਕੀਤਾ, ਰੋਸ-ਧਰਨੇ ਵੀ ਲਾਏ, ਸੈਮੀਨਾਰ ਵੀ ਕੀਤੇ।
ઠઠઠઠ ਇਸ ਗੰਭੀਰ ਤੇ ਸੰਵੇਨਸ਼ੀਲ ਮਸਲੇ ਬਾਰੇ ਇਪਟਾ ਦੀ ਸੋਚ ਹੈ ਕਿ ਬੇਸ਼ਕ ਸਮਾਜ ਦੀਆਂ ਮੁੱਢਲੀਆਂ ਅਤੇ ਅਹਿਮ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਹਨ। ਇਨ੍ਹਾਂ ਨੂੰ ਪਹਿਲ ਵੀ ਦੇਣੀ ਚਾਹੀਦੀ ਹੈ। ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ‘ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ।ਸਭ ਕੁੱਝ ਬੇਮਤਲਬ ਹੈ।ਕਿਉਂਕਿ ਮਾਨਿਸਕ ਤੌਰ ‘ਤੇ ਬਿਮਾਰ ਅਤੇ ਅਪੰਗ ਬੰਦੇ ਲਈ ਸਭ ਕੁੱਝ ਅਰਥਹੀਣ ਹੈ।
ઠઠઠઠ ਕਹਿੰਦੇ ਨੇ ‘ਕਾਬੁਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ’ ਇਪਟਾ ਦੇ ਹੌਂਦ ਵਿਚ ਆਉਂਣ ਤੋਂ ਲੈਕੇ ਕਦੇ ਵੀ ਇਸ ਦਾ ਰਾਹ ਸੁਖਾਲਾ ਨਹੀਂ ਰਿਹਾ। ਹੁਣ ਵੀ ਨਵੀਆਂ ਦੁਸ਼ਵਾਰੀਆਂ ਤੇ ਦਿੱਕਤਾਂ ਨਾਲ ਦੋ-ਚਾਰ ਹੁੰਦੇ ਇਪਟਾ ਦੇ ਕਾਰਕੁਨ ਨਿਰੰਤਰ ਅਗਾਹ ਵੱਲ ਵੱਧ ਰਹੇ ਹਨ।ਇਪਟਾ ਦੇ ਅਸੂਲਾਂ ਅਤੇ ਸੋਚ ਉਪਰ ਪਹਿਰਾ ਦਿੰਦੇ ਹੋਏ ਇਸ ਦੇ ਤਮਾਮ ਕਾਰਕੁਨ ਆਪਣੀਆਂ ਰੰਗਮੰਚੀ ਤੇ ਲੋਕ-ਹਿਤੈਸ਼ੀ ਸਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਸਰੋਕਾਰਾਂ ਲਈ ਕਾਰਜਸ਼ੀਲ ਸਨ, ਕਾਰਜਸ਼ੀਲ ਹਨ ਤੇ ਕਾਰਜਸ਼ੀਲ ਰਹਿਣਗੇ।
(ਸੰਜੀਵਨ ਸਿੰਘ)
+91 94174-60656