ਆਸਟ੍ਰੇਲੀਆਈ ਸਰਕਾਰ ਨਵੇਂ ਗੈਸ ਪਲਾਂਟਾਂ ਉਪਰ 600 ਮਿਲੀਅਨ ਡਾਲਰ ਖਰਚਣ ਨੂੰ ਤਿਆਰ -ਪਥਰਾਟੀ ਤੇਲਾਂ ਨੂੰ ਅਲਵਿਦਾ ਕਹਿਣ ਦਾ ਆਇਆ ਸਮਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਊਰਜਾ ਮੰਤਰੀ ਐਂਗਸ ਟੇਲਰ ਕਿਹਾ ਕਿ ਹੁਣ ਸਾਫ ਸੁਥਰੀ ਊਰਜਾ ਉਤਪਾਦਨ ਦੇ ਖੇਤਰ ਵਿੱਚ ਆਉਣ ਦਾ ਸਮਾਂ ਆ ਗਿਆ ਹੈ ਅਤੇ ਨਾਲ ਪਥਰਾਟੀ ਤੇਲਾਂ ਨੂੰ ਵੀ ਅਲਵਿਦਾ ਕਹਿਣਾ ਸਾਡਾ ਪਹਿਲਾ ਮਨੌਰਥ ਬਣਦਾ ਜਾ ਰਿਹਾ ਹੈ। ਇਸ ਵਾਸਤੇ ਸਰਕਾਰ ਨੇ ਨਵੇਂ ਗੈਸ ਨਾਲ ਚੱਲਣ ਵਾਲੇ ਪਾਵਰ ਪਲਾਂਟ ਲਈ 600 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਵੀ ਕਰ ਦਿੱਤਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਕੁੱਝ ਸਾਲਾਂ ਅੰਦਰ ਹੀ ਏ.ਜੀ.ਐਲ. ਦਾ ਲਿਡਲ ਵਿਖੇ ਕੋਲੇ ਨਾਲ ਚੱਲਣ ਵਾਲਾ ਪਾਵਰ ਪਲਾਂਟ ਬੰਦ ਹੋਣ ਜਾ ਰਿਹਾ ਹੈ ਅਤੇ ਇਸ ਸਮੇਂ ਇਹ ਪ੍ਰਸਤਾਵਿਤ ਗੈਸ ਪਲਾਂਟ ਹੀ ਸਾਰੀ ਭਰਪਾਈ ਕਰੇਗਾ।
ਸਰਕਾਰ ਦੁਆਰਾ ਚਲਾਇਆ ਜਾ ਰਿਹਾ ਸਨੋਈ ਹਾਈਡ੍ਰੋ ਨੇ ਇਸ ਦੇ ਮੱਦੇਨਜ਼ਰ ਨਿਊ ਸਾਊਥ ਵੇਲਜ਼ ਦੀ ਹੰਟਰ ਵੈਲੀ ਵਿਖੇ ਕੁਰੀ ਕੁਰੀ ਖੇਤਰ ਵਿੱਚ 660 ਮੈਗਾਵਾਟ ਗੈਸ ਟਰਬਾਈਨ ਲਗਾਉਣ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਪ੍ਰਾਜੈਕਟਾਂ ਦੇ ਤਹਿਤ ਹੀ ਐਡੀਲੇਡ (ਦੱਖਣੀ ਆਸਟ੍ਰੇਲੀਆ) ਅੰਦਰ ਹੀ ਵਿਗਿਆਨਿਕਾਂ ਵੱਲੋਂ ਇੱਕ ਬਹੁਤ ਵੱਡੀ ਸਮਰੱਥਾ ਵਾਲੀ ਬੈਟਰੀ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਪੂਰਾ ਪਾਵਰ ਗ੍ਰਿਡ ਚੱਲੇਗਾ, ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਗੈਸ ਸਟੇਸ਼ਨ ਜ਼ਰੂਰੀ ਹਨ ਕਿਉਂਕਿ ਬੈਟਰੀ ਵਾਲੀਆਂ ਖੋਜਾਂ ਹਾਲੇ ਆਪਣੇ ਪਹਿਲੇ ਪੜਾਅ ਵਿੱਚ ਹੀ ਹਨ ਅਤੇ ਹਾਲ ਦੀ ਘੜੀ ਗੈਸ ਸਟੇਸ਼ਨਾਂ ਤੋਂ ਕਾਫੀ ਕੰਮ ਲਿਆ ਜਾ ਸਕਦਾ ਹੈ।