ਵਾਤਾਵਰਨ ਪ੍ਰੇਮੀਆਂ ਨੇ ਫਰੀਦਕੋਟ ਖੰਡ ਮਿੱਲ ਵਾਲੇ ਜੰਗਲ ਨੂੰ ਬਰਡ ਸੈਂਚਰੀ ਦਾ ਦਰਜਾ ਦੇਣ ਦੀ ਕੀਤੀ ਮੰਗ

ਫਰੀਦਕੋਟ ਦੀ ਸ਼ੂਗਰ ਮਿੱਲ ਵਾਲੀ 137 ਏਕੜ ਜਗਾ ‘ਤੇ ਖੜੇ ਹਜਾਰਾਂ ਦਰੱਖਤਾਂ ‘ਤੇ ਸਰਕਾਰੀ ਕੁਹਾੜੇ ਖਿਲਾਫ ਵੱਖ-ਵੱਖ ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਆਮ ਲੋਕ ਇਕਮੁੱਠ ਹੋ ਕੇ ਅਵਾਜ ਉਠਾਉਣ ਲਈ ਉੱਠ ਖੜੇ ਹੋਏ ਹਨ। ਅੱਜ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨਾਲ ਜੁੜੇ ਵਾਤਾਵਰਨ ਪ੍ਰੇਮੀਆਂ ਨੇ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ, ਸੀਰ ਸੁਸਾਇਟੀ ਦੇ ਗੁਰਮੀਤ ਸਿੰਘ ਸੰਧੂ, ਸੰਦੀਪ ਅਰੋੜਾ, ਬੀੜ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਸਰਾਂ, ਸਮਾਜਸੇਵੀ ਕੈਪਟਨ ਧਰਮ ਸਿੰਘ, ਪ੍ਰੋ. ਸਾਧੂ ਸਿੰਘ ਸਾਬਕਾ ਐੱਮ.ਪੀ. ਅਤੇ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਫਰੀਦਕੋਟ ਖੰਡ ਮਿੱਲ ਜਿੱਥੋਂ ਪਹਿਲਾ ਰੁੱਖ ਕੱਟਿਆ ਗਿਆ ਸੀ, ਉੱਥੇ ਬੂਟਾ ਲਾ ਕੇ ਇਸ ਜਗਾ ਨੂੰ ਜੰਗਲ ਦਾ ਦਰਜਾ ਦੇ ਕੇ ਬਰਡ ਸੈਂਚਰੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਹਾਜਰ ਵਿਕਾਸ ਅਰੋੜਾ, ਮੱਘਰ ਸਿੰਘ, ਨਵਦੀਪ ਸਿੰਘ ਬੱਬੂ ਬਰਾੜ, ਸੁਖਜੀਤ ਸਿੰਘ ਢਿੱਲਵਾਂ ਜ਼ਿਲਾ ਪ੍ਰਧਾਨ (ਆਪ) ਅਤੇ ਹਰਵਿੰਦਰ ਸਿੰਘ ਨਿਸ਼ਕਾਮ ਨੇ ਕਿਹਾ ਕਿ ਬੰਦ ਪਈ ਫਰੀਦਕੋਟ ਦੀ ਸ਼ੂਗਰ ਮਿੱਲ ‘ਚ ਹਜਾਰਾਂ ਰੁੱਖ ਖੜ੍ਹੇ ਸਨ ਪਰ ਬਿਨਾਂ ਕੋਈ ਕਾਰਵਾਈ ਜਨਤਕ ਕੀਤਿਆਂ ਚੋਰੀ ਛਿਪੇ ਇਹਨਾ ਰੁੱਖਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਆਖਿਆ ਕਿ ਪੰਜਾਬ ‘ਚ ਪਹਿਲਾਂ ਹੀ ਜੰਗਲ ਕੇਵਲ ਸਾਢੇ ਤਿੰਨ ਫੀਸਦੀ ਜਗ੍ਹਾ ‘ਤੇ ਹਨ। ਭਰਪੂਰ ਆਕਸੀਜਨ ਵਾਸਤੇ ਲੋੜੀਂਦੀ ਥਾਂ 33 ਫੀਸਦੀ ਦਾ ਇਹ ਕੇਵਲ 10ਵਾਂ ਹਿੱਸਾ ਹੈ। ਮੌਕੇ ‘ਤੇ ਪੁੱਜੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣਾ ਨਿੱਜੀ ਅਕਾਊਂਟ ਨੰਬਰ ਅਤੇ ਆਈ.ਐੱਫ.ਐੱਸ.ਸੀ. ਕੋਡ ਨੰਬਰ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਫਰੀਦਕੋਟ ਵਾਸੀ ਘਰ-ਘਰ ਜਾ ਕੇ 67 ਲੱਖ ਰੁਪਏ ਇਕੱਤਰ ਕਰਕੇ ਉਹਨਾਂ ਦੇ ਖਾਤੇ ‘ਚ ਪਾ ਦੇਣਗੇ ਪਰ ਕਰੋੜਾਂ ਦੀ ਆਕਸੀਜਨ ਉਪਲਬਧ ਕਰਵਾਉਣ ਵਾਲੇ ਹਜਾਰਾਂ ਦਰੱਖਤਾਂ ਦਾ ਉਜਾੜਾ ਪੱਕੇ ਤੌਰ ‘ਤੇ ਰੋਕਿਆ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗਗਨ ਪਾਹਵਾ, ਮਨਪ੍ਰੀਤ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਜਗਸੀਰ ਸਿੰਘ ਸੰਧਵਾਂ, ਰਵਿੰਦਰ ਬੁਗਰਾ, ਜਸਵੀਰ ਸਿੰਘ, ਗੋਲਡੀ ਮਹਿਤਾ, ਕੁਲਦੀਪ ਸਿੰਘ ਟਹਿਣਾ, ਭੁਵੇਸ਼ ਕੁਮਾਰ, ਗੁਰਵਿੰਦਰ ਸਿੱਖਾਂਵਾਲਾ, ਰਾਜੂ ਖਾਲਸਾ, ਗੋਲਡੀ ਪੁਰਬਾ, ਹਰਪਾਲ ਸਿੰਘ ਢਿੱਲਵਾਂ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸਾਧਾਂਵਾਲਾ, ਜਸਵੀਰ ਸਿੰਘ ਜੱਸਾ ਸਮੇਤ ਅਨੇਕਾਂ ਸੰਸਥਾਵਾਂ ਨਾਲ ਜੁੜੇ ਵਾਤਾਵਰਨ ਪ੍ਰੇਮੀ ਵੀ ਹਾਜਰ ਸਨ।