ਏ.ਐਫ.ਪੀ. ਵੱਲੋਂ ਫਿਲੀਪੀਂਨਜ਼ ਵਿੱਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਸਬੰਧ ਵਿੱਚ ਇੱਕ ਹੋਰ ਛਾਪਾ -ਇੱਕ ਵਿਕਟੋਰੀਆਈ ਵਿਅਕਤੀ ਗ੍ਰਿਫਤਾਰ, 14 ਬੱਚੇ ਬਰਾਮਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਫੈਡਰਲ ਪੁਲਿਸ ਅਤੇ ਫਿਲੀਪੀਂਨਜ਼ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਦੌਰਾਨ ਇੱਕ ਘਰ ਵਿੱਚ ਛਾਪਾ ਮਾਰ ਕੇ ਇੱਕ ਵਿਕਟੋਰੀਆ ਦੇ ਰਹਿਣ ਵਾਲੇ 68 ਸਾਲਾਂ ਦੇ ਵਿਅਕਤੀ ਨੂੰ ਗ੍ਰਿ਼ਫਤਾਰ ਕੀਤਾ ਹੈ। ਉਸਦੇ ਕਬਜ਼ੇ ਵਿੱਚੋਂ 2 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਕਿ 6 ਲੜਕੀਆਂ ਅਤੇ 8 ਲੜਕੇ ਸ਼ਾਮਿਲ ਹਨ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਕਤ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਦਾ ਸੰਪਰਕ ਪਹਿਲਾਂ ਵੀ ਅਜਿਹੇ ਮਾਮਲਿਆਂ ਅਧੀਨ ਗ੍ਰਿਫਤਾਰ ਕੀਤੇ ਗਏ ਵਿਅਕਤੀ ਨਾਲ ਹੈ ਜਿਸ ਦੇ ਕਬਜ਼ੇ ਵਿੱਚੋਂ 16 ਬੱਚਿਆਂ ਨੂੰ ਛੁਡਾਇਆ ਗਿਆ ਸੀ ਜਿਨ੍ਹਾਂ ਦੀ ਉਮਰ ਵੀ 2 ਤੋਂ 16 ਸਾਲਾਂ ਦੇ ਦਰਮਿਆਨ ਸੀ।
ਜ਼ਿਕਰਯੋਗ ਹੈ ਕਿ ਬੱਚਿਆਂ ਪ੍ਰਤੀ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਾਲਿਆਂ ਦੇ ਖ਼ਿਲਾਫ਼ ਐਕਸ਼ਨ ਵਿੱਚ ਆਈ ਪੀ.ਆਈ.ਸੀ.ਏ.ਸੀ.ਸੀ. (The Philippine Internet Crimes Against Children Centre (PICACC)) ਅਜਿਹੀਆਂ ਕਾਰਵਾਈਆਂ ਫਰਵਰੀ 2019 ਤੋਂ ਸ਼ੁਰੂ ਕੀਤੀਆਂ ਸਨ ਅਤੇ ਇਸ ਦੌਰਾਨ ਉਹ 119 ਆਪ੍ਰੇਸ਼ਨ ਕਰ ਚੁਕੇ ਹਨ ਅਤੇ 386 ਪੀੜਿਤਾਂ ਨੂੰ ਬਚਾਇਆ ਗਿਆ ਅਤੇ ਇਸ ਮਾਮਲੇ ਵਿੱਚ 88 ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਜਰਾਇਮ ਪੇਸ਼ਾ ਹਨ ਅਤੇ ਅਜਿਹੀਆਂ ਕਾਰਵਾਈਆਂ ਰਾਹੀਂ ਪੈਸਾ ਕਮਾਉਂਦੇ ਹਨ।
ਅਤੇ ਜ਼ਿਕਰਯੋਗ ਇਹ ਵੀ ਹੈ ਕਿ ਅਜਿਹੀਆਂ ਕਾਰਵਾਈਆਂ ਵਿੱਚੋਂ 149 ਅਜਿਹੀਆਂ ਵੀ ਹਨ ਜੋ ਕਿ ਏ.ਐਫ.ਪੀ. ਨਾਲ ਮਿਲ ਕੇ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ 39 ਮੁਜਰਮਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।