ਅਪੰਗਤਾ ਦੇ ਸ਼ਿਕਾਰ ਲੋਕਾਂ ਦੇ ਮਾਤਾ ਪਿਤਾ ਅਤੇ ਹੋਰ ਦੇਖਭਾਲ ਕਰਨ ਵਾਲੇ ਕੋਵਿਡ ਵੈਕਸੀਨ ਦੇ ਵਿਤਰਣ ਤੋਂ ਮਾਯੂਸ -ਕਰ ਰਹੇ ਲੰਬਾ ਇੰਤਜ਼ਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਡਿਸਅਬਿਲੀਟੀ ਰਾਇਲ ਕਮਿਸ਼ਨ ਨੇ ਇਸ ਗੱਲ ਦਾ ਸੰਘਿਆਨ ਲੈਂਦਿਆਂ ਕਿਹਾ ਹੈ ਕਿ ਅਜਿਹੇ ਪਰਿਵਾਰਕ ਲੋਕ ਜਿਨ੍ਹਾਂ ਦੇ ਬੱਚੇ ਅਤੇ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਅਪੰਗਤਾ ਦਾ ਸ਼ਿਕਾਰ ਹੈ ਅਤੇ ਆਪਣੇ ਮਾਪਿਆਂ ਆਦਿ ਦੀ ਦੇਖ-ਰੇਖ ਵਿੱਚ ਹੀ ਰਹਿ ਰਿਹਾ ਹੈ, ਅਜਿਹੇ ਲੋਕ ਹਾਲੇ ਵੀ ਕੋਵਿਡ-19 ਤੋਂ ਬਚਾਉ ਵਾਲੇ ਟੀਕੇ ਦੇ ਇੰਤਜ਼ਾਰ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਅਤੇ ਮਾਯੂਸ ਵੀ ਹੋ ਰਹੇ ਹਨ ਕਿ ਹਾਲੇ ਤੱਕ ਉਨ੍ਹਾਂ ਨੂੰ ਟੀਕਾਕਰਣ ਵਿੱਚ ਭਾਗ ਲੈਣ ਦਾ ਹਿੱਸਾ ਬਣਾਇਆ ਹੀ ਨਹੀਂ ਜਾ ਰਿਹਾ।
ਇਸ ਗੱਲ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਜਿਹੇ ਲੋਕ ਸਮੁੱਚੇ ਦੇਸ਼ ਵਿੱਚ ਹੀ ਰਹਿੰਦੇ ਹਨ ਅਤੇ ਦੇਸ਼ ਅੰਦਰ ਚਲ ਰਹੀ ਮੌਜੂਦਾ ਕੋਵਿਡ ਵੈਕਸੀਨ ਦੇ ਵਿਤਰਣ ਦਾ ਸਿੱਧਾ ਅਸਰ ਉਨ੍ਹਾਂ ਉਪਰ ਪੈ ਰਿਹਾ ਹੈ ਅਤੇ ਪਰਥ ਵਿੱਚ ਰਹਿੰਦੀ ਅਜਿਹੀ ਹੀ ਇੱਕ ਮਾਂ (ਜੂਲੀ ਗਿਲਫੋਲ) ਦਾ ਕਹਿਣਾ ਹੈ ਕਿ ਉਸਨੂੰ ਆਪਣੇ ਸਰੀਰਕ ਤੌਰ ਤੇ ਅਪੰਗ ਲੜਕੇ ਲਈ ਕਰੋਨਾ ਵੈਕਸੀਨ ਦੀ ਡੋਜ਼ ਦਾ ਇੰਤਜ਼ਾਰ ਕਰਦਿਆਂ 2 ਮਹੀਨੇ ਹੋ ਗਏ ਹਨ ਪਰੰਤੂ ਹਾਲੇ ਤੱਕ ਵੀ ਉਨ੍ਹਾਂ ਨੂੰ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ 25 ਸਾਲਾਂ ਦਾ ਲੜਕਾ -ਈਮਨ ਗਿਲਫੋਲ ਜੋ ਕਿ ਸੈਰੇਬਰਲ ਪਲਸੀ ਦਾ ਸ਼ਿਕਾਰ ਹੈ, ਨੂੰ ਵੈਕਸੀਨ ਦੇ 1ਬੀ ਗੇੜ ਅਧੀਨ 22 ਮਾਰਚ ਤੱਕ ਉਕਤ ਡੋਜ਼ ਮਿਲ ਜਾਣੀ ਚਾਹੀਦੀ ਸੀ, ਪਰੰਤੂ ਹਾਲੇ ਤੱਕ ਵੀ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਡਿਸਅਬਿਲੀਟੀ ਸੈਂਟਰਾਂ ਅੰਦਰ ਰਹਿ ਰਹੇ ਅਜਿਹੇ ਲੋਕਾਂ ਲਈ ਤਾਂ ਵੈਕਸੀਨ ਵਿਤਰਣ ਦੇ 1ਏ ਪੜਾਅ ਅੰਦਰ ਹੀ ਟੀਕਾਕਰਣ ਦਾ ਪ੍ਰਾਵਧਾਨ ਸੀ ਪਰੰਤੂ ਅਜਿਹੇ ਲੋਕ ਜਿਹੜੇ ਕਿ ਘਰਾਂ ਅੰਤਰ ਆਪਣੇ ਮਾਪਿਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਦੀ ਦੇਖਰੇਖ ਵਿੱਚ ਰਹਿੰਦੇ ਹਨ, ਨੂੰ ਕਰੋਨਾ ਵੈਕਸੀਨ ਵਿਤਰਣ ਦੇ 1ਬੀ ਪੜਾਅ ਅਧੀਨ ਮਾਰਚ ਦੀ 22 ਤਾਰੀਖ ਤੋਂ ਵੈਕਸੀਨ ਦੇਣਾ ਮਿੱਥਿਆ ਗਿਆ ਸੀ।