ਸਾਡਾ-ਵਿਰਸਾ -ਸੂਫ਼ੀ ਫਕੀਰਾਂ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਦੇਣ

(ਹਜ਼ਰਤ ਬਾਬਾ ਬੁੱਲ੍ਹੇ ਸ਼ਾਹ)

ਸਭਿਆਚਾਰ ਕਿਸੇ ਦੇਸ਼ ਜਾਂ ਕੌਮ ਦੀ ਰੂਹ ਹੁੰਦੀ ਹੈ। ਇਹ ਸਭਿਆਚਾਰ ਹੀ ਹੁੰਦਾ ਹੈ ਜਿਸ ਰਾਹੀਂ ਸਾਨੂੰ ਸਾਰੇ ਸੰਸਕਾਰਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਜੋ ਅੱਗੋ ਸਾਡੇ ਆਦਰਸ਼ਾਂ ਦੀ ਬੁਨਿਆਦ ਬਣਦੇ ਹਨ। ਸਭਿਆਚਾਰ ਤੇ ਸੰਸਕ੍ਰਿਤੀ ਦੋਵੇਂ ਸ਼ਬਦ ਅਰਥ ਬੋਧ ਦੇ ਪੱਖੋ ਸਮਾਨ-ਆਰਥਕ ਹਨ। ”ਸਚਹੁ ਓਰੇ ਸਭ ਕੋ ਉਪਰ ਸਚ ਆਚਾਰ (ਗੁਰੂ ਨਾਨਕ ਦੇਵ ਜੀ)। ਕਿਸੇ ਦੇਸ਼ ਜਾਂ ਕੌਮ ਦਾ ਸੱਭਿਆਚਾਰ ਵੇਖਣਾ ਹੋਵੇ ਤਾਂ ਉਸ ਦੇਸ਼ ਦੀ ਭਾਸ਼ਾ, ਸਾਹਿਤ ਅਤੇ ਸਮਾਜਿਕ ਜੀਵਨ ਦੀ ਵਿਵਸਥਾ ਨੂੰ ਵੇਖੋ ! ਪੰਜਾਬ ਦੀ ਧਰਤੀ ਇਕ ਅਜੇਹੀ ਕੁਠਾਲੀ ਹੈ ਜਿਸ ਵਿੱਚ ਭਾਂਤ-ਭਾਂਤ ਦੇ ਸਭਿਆਚਾਰਕ ਅੰਸ਼ ਇਕ-ਮਿਕ ਹੋਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਲਈ ਇਕ ਸ਼ਕਤੀਸ਼ਾਲੀ ਅਕਸੀਰ ਬਣ ਬੈੇਠੇ ਹੋਏ ਹਨ। ਪੰਜਾਬੀ ਸਭਿਆਚਾਰ-ਭਾਸ਼ਾ, ਸਾਹਿਤ ਅਤੇ ਪੰਜਾਬੀ ਨਸਲ ਦੀ ਆਪਣੀ ਹੀ ਗੌਰਵਮਈ ਵਿਲੱਖਣਤਾ ਹੈ ਜੋ ਸਦੀਆਂ ਦੇ ਲੰਬੇ ਇਤਿਹਾਸਕ ਪੈਂਡੇ ਤੈਹ ਕਰਕੇ ਸਹਿਜ ਰੂਪ ਵਿੱਚ ਵਿਗਸੀ ਹੈ। ਇਸ ਦੇ ਨਿਰਮਾਣ ਵਿੱਚ ਅਨੇਕਾਂ ਯੁਗਾਂ ਅੰਦਰ, ਅਨੇਕਾਂ ਕੌਮਾਂ, ਦੇਸ਼ੀ-ਵਿਦੇਸ਼ੀ ਜਾਤੀਆਂ ਦੇ ਸੰਸਕ੍ਰਿਤੀ-ਤੱਤਾਂ, ਜੀਵਨ-ਜੁਗਤਾਂ ਤੇ ਪ੍ਰੰਪਰਾਵਾਂ ਨੇ ਬੜਾ ਮਹੱਤਵਪੂਰਨ ਯੋਗਦਾਨ ਪਾਇਆ। ਜੋ ਇਥੋ ਦੇ ਜਮੀਨੀ ਜੀਵਾਂ ਤੇ ਪੌਦਿਆਂ ਨਾਲ ਮਿਲ ਕੇ ਮਨੁੱਖੀ ਸੰਜੋਗ ਦੇ ਫਲਸਰੂਪ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਇਕ ਬਹੁਵਿੱਧ ਰੂਪ ਵਿੱਚ ਕਈ ਭੂਗੋਲਿਕ ਹੱਦਾਂ ਟੱਪ ਕੇ ਮੌਜੂਦਾ ਰੂਪ ਵਿੱਚ ਰੂਪਮਾਨ ਹੋਈ ਹੈ।
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪੰਜਾਬ ਅੰਦਰ ਵੱਧਣ-ਫੁਲਣ ਅਤੇ ਵਿਗਸਣ ਲਈ ਇਤਿਹਾਸਕ ਵਿਕਾਸ ਦੇ ਪੱਖ ਤੋਂ ਜਦੋਂ ਅਸੀਂ ਸੂਫ਼ੀ ਫਕੀਰਾਂ ਦੇ ਦੇਣ ਨੂੰ ਟਟੋਲਨਾ (ਟੋਹਣਾ) ਹੋਵੇ ਤਾਂ ਪੰਜਾਬ ਦੇ ਇਸਲਾਮੀ ਯੁੱਗ ਦੇ ਕਾਲ ਅੰਦਰ 1173-1266 ਤੋਂ ਲੈ ਕੇ ਹੋਰ ਅੱਗੇ ਜਾਣਾ ਪਏਗਾ। ਇਸਲਾਮਕ ਸਾਮੰਤਵਾਦੀ ਬਣਤਰ ਦੇ ਅੰਤਰਗਤ ਨਵੀਆਂ ਰਾਜਨੀਤਕ, ਧਾਰਮਿਕ, ਸਭਿਆਚਾਰਕ ਤੇ ਭਾਸ਼ਾਈ ਬਣਤਰਾਂ ਦੇ ਦਖਲ ਨੇ, ‘ਇਸ ਖਿਤੇ ਵਿੱਚ ਕਈ ਸਥਾਨਕ ਪਰਿਸਥਿਤੀਆਂ ਅਨੁਕੂਲ ਮੌਲਿਕ ਪਰਿਵਰਤਨ ਲਿਆਂਦੇ। ਮੁਕਾਬਲਤਨ ਸਥਿਰ ਰਾਜਨੀਤਕ ਬਣਤਰ, ਭੂਗੌਲਿਕ ਹੱਦਾਂ, ਭਾਸ਼ਾ ਦੇ ਆਧੁਨਿਕ ਰੂਪ ਦਾ ਵਿਕਾਸ, ਇਕ ਨਵੇਂ ਧਰਮ, ਸਭਿਆਚਾਰ, ਰਾਜਨੀਤੀ ਅਤੇ ਭਾਸ਼ਾਂ ਦੇ ਦਖਲ ਕਾਰਨ ਹੀ ਇਸ ਦੌਰ ਵਿੱਚ ਪੰਜਾਬੀ ਭਾਸ਼ਾ ਦੀ ਪਛਾਣ ਦੇ ਉਭਾਰ ਦਾ ਦੌਰ ਕਿਹਾ ਜਾ ਸਕਦਾ ਹੈ। ਪੰਜ ਦਰਿਆਵਾਂ ਦੀ ਧਰਤੀ ਅੰਦਰ ਸਦੀਆਂ ਤੋਂ ਸਾਂਝਾ ਸਭਿਆਚਾਰ ਪਸਰਿਆ ਅਤੇ ਉਸ ਦਾ ਵਿਕਾਸ ਹੋਇਆ। ਇਸ ਦੌਰ ਤੋਂ ਲੈ ਕੇ ਅੱਗੋ ਗੁਰੂ ਨਾਨਕ ਦੇਵ ਜੀ ਦੇ ਕਾਲ (1469-1539) ਤੱਕ ਸੂਫ਼ੀ ਕਵੀਆਂ ਦੀ ਪੰਜਾਬ ਅੰਦਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਦੇਣ ਮਹਾਨ ਹੀ ਨਹੀਂ ਸਗੋਂ ਵਿਸ਼ਾਲ ਅਤੇ ਬਹੁਪੱਖੀ ਵੀ ਹੈ। ਭਾਵੇਂ ਹੋਰ ਮਹਾਨ ਸਖਸ਼ੀਅਤਾਂ ਹਿੰਦੂ-ਰਿਸ਼ੀਆਂ, ਮੁਨੀ, ਸੂਫ਼ੀ, ਫਕੀਰ ਤੇ ਸਿੱਖ ਗੁਰੂ ਸਾਹਿਬਾਨ ਵੀ ਸਨ। ਇਨ੍ਹਾਂ ਮਹਾਨ ਦਾਰਸ਼ਨਿਕਾਂ ਦੇ ਰਹੱਸਮਈ ਗੀਤਾਂ ਤੇ ਰਚਨਾਵਾਂ ‘ਤੇ ਸਮੁੱਚਾ ਪੰਜਾਬ ਅੱਜ ਵੀ ਮਾਣ ਕਰਦਾ ਹੈ। 12-ਵੀਂ ਸਦੀ ਤੋਂ ਲੈ ਕੇ 20-ਵੀਂ ਸਦੀ ਦੇ ਅੱਧ ਤੱਕ ਇਨ੍ਹਾਂ ਮਹਾਨ ਦਾਰਸ਼ਨਿਕਾਂ ਨੇ ਪੰਜਾਬ ਦੇ ਸਾਂਝੇ ਵਿਰਸੇ ਲਈ ਅਦੁਤੀ ਯੋਗਦਾਨ ਪਾ ਕੇ ਇਸ ਨੂੰ ਅਮੀਰ ਬਣਾਇਆ।
ਬਾਬਾ ਸ਼ੇਖ਼ ਫਰੀਦ, ਬੁਲ੍ਹੇ-ਸ਼ਾਹ, ਸ਼ਾਹ ਹੂਸੈਨ ਆਦਿ ਸੂਫ਼ੀ ਸੰਤਾਂ ਨੇ ਇਸਲਾਮ ਧਰਮ ਦੇ ਪ੍ਰਚਾਰ ਦੇ ਲਈ ਆਪਣੀਆਂ ਦਰਗਾਹਾਂ ਪੰਜਾਬ ਅੰਦਰ ਹੀ ਕਾਇਮ ਕਰਕੇ ਧਾਰਮਿਕ ਕਾਵਿ ਰਚਨਾਵਾਂ ਨੂੰ ਉਦਾਰਚਿਤ ਪੰਜਾਬੀ ਲੋਕ ਕਾਵਿ ਵਿੱਚ ਪੇਸ਼ ਕੀਤਾ। ਇਹ ਰਚਨਾਵਾਂ ”ਕਾਫੀ” ਸ਼ੈਲੀ ਵਿੱਚ ਮਿਲਦੀਆਂ ਹਨ। ਜਿਸ ਨੂੰ ਸੂਫ਼ੀ ਕਾਵਿਧਾਰਾ ਕਹਿੰਦੇ ਹਨ। ਇਹ ਸੂਫ਼ੀ ਕਾਵਿਧਾਰਾ ਸਾਹਿਤਕ ਵਿਰਸਾ ਅਤੇ ਰਵਾਇਤ ਪੱਖੋ ਬਹੁਤ ਪ੍ਰਾਚੀਨ ‘ਤੇ ਅਮੀਰ ਹਨ। ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਦਾ ਵਿਸ਼ਾ ਵਸਤੂ, ਰੂਪ ਤੇ ਵਹਾਓ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਸਾਡੇ ਦ੍ਰਿਸ਼ਟੀ ਗੋਚਰ ਹੁੰਦਾ ਹੈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਧਾਰਾ ਕੋਈ 7-ਸਦੀਆਂ ਪੁਰਾਣੀ ਪ੍ਰਚਲਿਤ ਸੀ। ਸ਼ੇਖ ਫਰੀਦ ਜੀ ਦਾ ਜੀਵਨ ਕਾਲ 1173-1268 ਈਸਵੀ ਪਿੰਡ ਖੇਤਵਾਲ, ਜ਼ਿਲ੍ਹਾ ਮੁਲਤਾਨ ਸੀ ਜੋ ਪਠਾਣ ਖਾਨਦਾਨ ਵਿੱਚੋਂ ਸਨ (ਆਈਨੇ-ਅਕਬਰੀ)। ਉਨ੍ਹਾਂ ਦੀ ਗਦੀ ਪੰਜਾਬ, ਦਿੱਲੀ, ਗੁਜਰਾਤ, ਮਹਾਰਾਸ਼ਟਰਾਂ, ਉਤਰ ਪ੍ਰਦੇਸ਼ ਆਦਿ ਸੂਬਿਆ ਅੰਦਰ ਸੀ। ਗਦੀਦਾਰ ”ਸ਼ੇਖ ਫਰੀਦ” ਮਸ਼ਹੂਰ ਸੀ, ਅਸਲੀ ਨਾਂ ਸੀ ਮਸਊਦ ਤੇ ਖ਼ਿਤਾਬ ਸਨ ਸ਼ੈਖੁਲ ਇਸਲਾਮ ਤੇ ਫਰੀਦ-ਉਦ-ਈਨ, ਜਿਸ ਦੀ ਅੱਲ ਸੀ ਗੰਜ਼ਸ਼ਕਰ ਜਾਂ ਸ਼ਕਰ ਗੰਜ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਰਚਨਾ ਸ਼ੇਖ ਫਰੀਦ ਸ਼ਕਰਗੰਜ ਦੀ ਹੈ। ਉਨ੍ਹਾਂ ਦੇ ਮੂੰਹੋ ਨਿਕਲੇ ਸ਼ਬਦ ਜੋ ਕਈ ਪੰਜਾਬੀ ਵਿੱਚ ਹਨ, ਲੋਕਾਂ ਨੇ ਯਾਦ ਕਰਨੇ ਲਿੱਖ ਛੱਡੇ ਜੋ ”ਸੂਹੀ ਤੇ ਆਸਾ”ਰਾਗਾਂ ‘ਚ ਹਨ।
ਸ਼ੇਖ ਫਰੀਦ ਜੀ ਦੀ ਸੂਫ਼ੀ ਕਾਵਿ ਰਚਨਾ ਜੋਗੀਆਂ ਤੋ ਅਲੱਗ ਹੈ। ਉਨ੍ਹਾਂ ਰੱਬ, ਖੁਦਾ, ਸਾਂਈ, ਸਾਹਿਬ ਸਚੈ ਦਾ ਇਸ਼ਕ, ਉਸ ਦੀ ਮੁਹੱਬਤ, ਉਸ ਦਾ ਨਾਂ, ਉਸ ਦੀ ਬਖਸ਼ਿੰਦਗੀ, ਉਸ ਦੀ ਬੰਦਗੀ , ਉਸ ਦਾ ਮਾਰਗ ਤੇ ਉਸ ਦਾ ਪੰਥ ਅਤੇ ਦੂਸਰਾ ਸਾਹਿਬ ਨੂੰ ਖਸਮ ਸਮਝ ਕੇ, ਪਤੀ ਜਾਣ ਕੇ, ਸਹੁ ਜਾਣ ਕੇ, ਵਾਹਿਗੁਰੂ ਦੇ ਪ੍ਰੇਮ ਲਈ ਤੀਵੀਂ ਦੇ ਮਰਦ ਲਈ ਪ੍ਰੇਮ ਬਾਰੇ ਸ਼ਬਦ ਵਰਤ ਕੇ ਸਾਹਿਤਕ ਰਚਨਾ ਅੰਦਰ ਸਰਲ, ਲੋਕ ਪੱਖੀ ਤੇ ਲੋਕਾਂ ਦੇ ਰੋਜ਼ਾਨਾ ਜੀਵਨ ‘ਚ ਵਿਚਰਨ ਵਾਲੀ ਪੰਜਾਬੀ ਭਾਸ਼ਾ ਰਾਹੀਂ ਜੀਵਨ ਨੂੰ ਪੇਸ਼ ਕੀਤਾ ਹੈ। ਜਿਨ੍ਹਾਂ ਨੇ ਪਿਆਰੇ ਸੰਗ ਨਿਹੁੰ ਦੀ ਭੁੱਖ ਨੂੰ ਅਮਰ ਸੁੰਦਰਤਾ ਵਾਲੀ ਸੂਫ਼ੀ ਕਾਵਿ ਰਚਨਾ ਰਾਹੀਂ ਪੇਸ਼ ਕੀਤਾ ਹੈ। ਫਰੀਦ ਜੀ ਦੀ ਰਚਨਾ ਦਾ ਅਧਾਰ ਵਿਸ਼ਾਲ, ਮਨੁੱਖਵਾਦੀ ਤੇ ਲੋਕ ਪੱਖੀ ਪਹੁੰਚ ਵਾਲਾ ਹੈ। ਮਜ਼ਹਬੀ ਕੱਟੜਤਾ ਵਾਲੇ ਯੁੱਗ ਵਿੱਚ ਜਦੋਂ ਅੱਤਿਆਚਾਰ ਦਾ ਬੋਲ ਬਾਲਾ ਸੀ ਤੇ ਭਗਤੀ ਲਹਿਰ ਪਣਪੀ ਨਹੀਂ ਸੀ ਤਾਂ ਉਨ੍ਹਾਂ ਨੇ ਮਨੁੱਖਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ (ਡਾ.ਹਰਨਾਮ ਸਿੰਘ ਸ਼ਾਨ)।
”ਇਕੁ ਫਿੱਕਾ ਨਾ ਗਾਲਾਇ, ਸਭਨਾ ਮੈਂ ਸੱਚਾ ਧਨੀ, ਹਿਆਉਨ ਠਾਹਿਦਾਰਿ, ਮਾਨਕ ਸਭ ਅਮੋਲਵੇ॥”
ਫਰੀਦ ਜੀ ਦਾ ਸੰਦੇਸ਼ ਸਰਵ-ਵਿਆਪੀ ਕਦਰਾਂ-ਕੀਮਤਾਂ ਵਾਲਾ ਜਿਹੜਾ ਮੱਤਾ-ਮਤਾਂਤਰਾਂ ਦੀਆਂ ਹੱਦਾਂ ਤੋਂ ਉਪਰ ਉਠ ਕੇ ਸਦਭਾਵਨਾ ਲਈ ਰਾਹ ਪੱਧਰਾ ਕਰਦਾ ਹੈ। ਫਰੀਦ ਜੀ ਪੰਜਾਬ ਤੇ ਪੰਜਾਬੀਆਂ ਦੇ ਪਹਿਲੇ ਕਵੀ ਸਨ, ਜਿਨ੍ਹਾਂ ਨੇ ਰੱਬ ਨਾਲ ਮਿਲਾਪ ਲਈ ਰਾਹ ਨੂੰ ਵਰਣਨ ਕਰਨ ਲਈ ਪਤੀ-ਪਤਨੀ ਦੇ ਮਨੁੱਖੀ ਰਿਸ਼ਤਿਆ ਨੂੰ ਪ੍ਰਤੀਕ ਰੂਪ ਵਿੱਚ ਵਰਤਿਆ, ਉਹ ਲਿਖਦੇ ਹਨ:-
”ਕਾਲੀ ਕੋਇਲ ਤੂੰ ਕਿਤ ਗੁਨ ਕਾਲੀ, ਆਪਨੇ ਪ੍ਰੀਤਮ ਕੇ ਹਉ ਬਿਰਹੇ ਜਾਲੀ।”
ਸੂਫ਼ੀ ਕਾਵਿ ਨੂੰ ਅੱਗੇ ਵਧਾਉਣ ਲਈ 16-ਵੀਂ ਸਦੀ ਦੌਰਾਨ ਸ਼ਾਹ ਹੁਸੈਨ ਨੇ ਇਸ ਬੂਟੇ ਨੂੰ ਵੱਡਾ ਕੀਤਾ ਅਤੇ 18-ਵੀਂ ਸਦੀ ਸਮੇਂ ਬੁਲ੍ਹੇ ਸ਼ਾਹ ਨੇ ਇਸ ਨੂੰ ਸਿਖਰਾਂ ਤੇ ਪੁਚਾਇਆ। ਸ਼ਾਹ ਹੂਸੈਨ ਮਗਰੋਂ 19-ਵੀਂ ਸਦੀ ਦੇ ਅੱਧ ਵਿੱਚ ਇਸਦਾ ਪਤਨ ਸ਼ੁਰੂ ਹੋ ਗਿਆ। ਅਗਲੇ ਕੁਝ ਦਹਾਕਿਆਂ ਤਕ ਮੌਲਵੀ ਗੁਲਾਮ ਰਸੂਲ, ਸਈਅਦ ਮੀਰਾਂ ਸ਼ਾਹ ਅਤੇ ਖਵਾਜ਼ਾ ਗੁਲਾਮ ਫ਼ਰੀਦ ਨੇ ਇਸ ਦੇ ਪ੍ਰਵਾਹ ਨੂੰ ਜਾਰੀ ਰੱਖਿਆ। ਜਿਨ੍ਹਾਂ ਚਿਰ ਮੁਗਲ ਰਾਜ ਦਿਲੀ ‘ਚ ਕਾਇਮ ਰਿਹਾ, ਇਹ ਲਹਿਰ ਚਲਦੀ ਰਹੀ, ਜਦੋਂ ਬਸਤੀਵਾਦੀ ਬਰਤਾਨਵੀ ਰਾਜ ਭਾਰਤ ਅੰਦਰ ਸਥਾਪਤ ਹੋ ਗਿਆ ਇਹ ਪਰਵਾਹ ਵੀ ਅਲੋਪ ਹੋ ਗਿਆ। ਸੂਫ਼ੀ ਕਾਵਿ ਇਸ ਨੇ ਵੇਦਾਂਤ ਅਤੇ ਸਿੱਖ ਵਿਚਾਰਧਾਰਾ ਨੂੰ ਬਿਨ੍ਹਾਂ ਝਿਜਕ ਅਪਣਾਇਆ, ਪਰ ਦੂਸਰੇ ਪਾਸੇ ਇਨ੍ਹਾਂ ਦੋਨਾਂ ਫਿਰਕਿਆਂ ਦੇ ਮੱਤਾਂ ਦੀ ਸੋਚ ਅਤੇ ਅਮਲ ਨੂੰ ਵੀ ਪ੍ਰਭਾਵਿਤ ਕੀਤਾ। 20-ਵੀਂ ਸਦੀ ਦੇ ਪਹਿਲੇ ਅੱਧ ਤਕ ਗੈਰ-ਮੁਸਲਿਮ ਕਵੀ, ਸੰਤ ਰੈਣ, ਸਾਧੂ ਦਇਆ ਸਿੰਘ ਆਰਿਫ਼, ਪਾਲ ਸਿੰਘ, ਮਾਨ ਸਿੰਘ, ਕਾਲੀਦਾਸ, ਕਿਸ਼ਨ ਸਿੰਘ ਆਰਿਫ਼, ਭਾਈ ਵੀਰ ਸਿੰਘ ਆਦਿ ਦੀ ਕਾਵਿ ਰਚਨਾ ‘ਤੇ ਸੂਫ਼ੀ ਕਾਵਿ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਦਿਸਦਾ ਹੈ। ਇਹ ਪ੍ਰਭਾਵ ਧਨੀਰਾਮ ਚਾਤ੍ਰਿਕ, ਡਾ. ਮੋਹਨ ਸਿੰਘ ਦੀਵਾਨਾ, ਡਾ.ਫਕੀਰ ਮੁਹੰਮਦ ਫਕੀਰ, ਪ੍ਰੋ: ਮੋਹਨ ਸਿੰਘ ਮਾਹਿਰ ਦੇ ਕਾਵਿ ਰਚਨਾਵਾਂ ਵਿੱਚ ਵੀ ਦਿਸਦਾ ਹੈ। ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਡਾ. ਹਰਭਜਨ ਸਿੰਘ, ਅਹਿਮਦ ਰਾਹੀ ਆਦਿ ਆਧੁਨਿਕ ਕਵੀਆਂ ਦੀਆਂ ਕਾਵਿ ਰਚਨਾਵਾਂ ਤੇ ਵੀ ਇਸ ਦਾ ਪ੍ਰਭਾਵ ਕਬੂਲ ਹੋਇਆ ਮਹਿਸੂਸ ਹੁੰਦਾ ਹੈ।
ਸੂਫ਼ੀ ਕਵੀ ਸ਼ਾਹ ਹੁਸੈਨ (1538-1599)-ਲਾਹੌਰ, ਦੀਆਂ ਕਾਫ਼ੀਆਂ ਨੇ ਸੂਫ਼ੀ ਕਾਵਿਤਾਂ ਵਿੱਚ ਮਸਤੀ ਅਤੇ ਵਜ਼ਦ ਦਾ ਅੰਸ਼ ਸ਼ਾਮਲ ਕਰਕੇ ਇਨ੍ਹਾਂ ਅੰਦਰ ਇਕ ਨਵਾਂ ਰੰਗ-ਜੋੜਿਆ। ਸ਼ਾਹ ਹੁਸੈਨ ਹੀ ਸੀ ਜਿਸ ਨੇ ਆਪਣੇ ਸੂਫ਼ੀ ਕਾਵਿ ਅੰਦਰ ਕੱਟੜਵਾਦ ਨੂੰ ਚੁਣੌਤੀ ਦਿੰਦੇ ਹੋਏ ਭੈਅ ਰਹਿਤ ਰਸਤਾ ਫੜਿਆ।
”ਕਾਜ਼ੀ ਮੁੱਲਾ ਮੱਤੀ ਦੇਂਦੇ ਖਰੇ ਸਿਆਣੇ ਰਾਹ ਦਸੇਂਦੇ,
ਪਰ ਇਸ਼ਕ ਕੀ ਲੱਗੇ ਰਾਹ ਨਾਲ, ਦਿਲ ਅਟਕਿਆ ਬੇਪ੍ਰਵਾਹ ਦੇ ਨਾਲ”
ਸ਼ਾਹ ਹੂਸੈਨ ਪੰਜਾਬੀ ਦੇ ਪਹਿਲੇ ਸੂਫ਼ੀ ਕਵੀ ਸਨ ਜਿਸ ਨੇ ਕਾਫੀ ਦਾ ਹਰਮਨ ਪਿਆਰਾ ਪ੍ਰਚਲਿਤ ਰੂਪ ਆਪਣੇ ਰਹੱਸਵਾਦੀ ਵਿਚਾਰਾਂ ਦੇ ਪ੍ਰਗਟਾਏ ਲਈ ਅਪਣਾਇਆ। ਪੰਜਾਬ ਦੇ ਪਿਆਰ ਦੇ ਕਿੱਸਿਆਂ ਹੀਰ-ਰਾਂਝਾ ਤੇ ਸੋਹਣੀ ਮਹੀਂਵਾਲ ਨੂੰ ਸੂਫ਼ੀ ਕਵਿਤਾ ਵਿੱਚ ਇਕ ਪ੍ਰਤੀਕ ਚਿੰਨ੍ਹਾਂ ਆਦਿ ਦੇ ਰੂਪ ਵਿੱਚ ਪੇਸ਼ ਕਰਕੇ ਅਤੇ ਘਟਨਾਵਾਂ ਨੂੰ ਵਿਸਥਾਰਿਆ ਅਤੇ ਇਸ਼ਾਰਿਆਂ ਵੱਜੋ ਵਰਤਣ ਕਰਕੇ ਇਸ ਦਾ ਸਿਹਰਾ ਵੀ ਸ਼ਾਹ ਹੁਸੈਨ ਨੂੰ ਜਾਂਦਾ ਹੈ।
‘ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ, ਸੂਲਾਂ ਮਾਰ ਦੀਵਾਨੀ ਕੀਤੀ, ਸਿਰਹੁੰ ਪਿਆ ਮੇਰੇ ਖਿਆਲ ਨੀ, ਮੈਂ ਕੈਨੂੰ ਆਖਾ ? ਜੰਗਲ ਜੰਗਲ ਫਿਰਾਂ ਢੁੰਡੇਂਦੀ, ਅੱਜੇ ਨਾ ਆਇਆ ਮਹੀਵਾਲ, ਨੀ ਮੈਂ ਕੈਨੂੰ ਆਖਾਂ ?
ਚੜ੍ਹਦੇ ਤੇ ਲਹਿੰਦੇ ਸਾਂਝਾ ਪੰਜਾਬ ਅੰਦਰ ਫਕੀਰਾਂ ਅਤੇ ਕਵਾਲਾਂ ਨੇ ਨੱਚਦਿਆ, ਗਾਉਦਿਆਂ ਸ਼ਾਹ ਹੁਸੈਨ ਦੀ ਸੂਫ਼ੀ ਕਾਵਿ ਰਚਨਾ ਨੂੰ ਹੁਜਰੇ ਦੇ ਘੇਰੇ ਤੋਂ ਬਾਹਰ ਲਿਆਂਦਾ।
ਝੰਗ ਦੇ ਵਾਸੀ ਸੁਲਤਾਨ ਬਾਹੁ (1629-1691) ਪੰਜਾਬ ਦਾ ਇਕ ਮਹਾਨ ਰਹੱਸਵਾਦੀ ਕਵੀ ਹੋਇਆ ਹੈ ਜਿਸ ਨੇ ਸਿਹਰਫੀ ਨੂੰ ਆਪਣੀ ਕਵਿਤਾ ਦੇ ਰੂਪ ਲਈ ਵਰਤੋਂ ਵਿੱਚ ਲਿਆਂਦਾ। ਉਸ ਦੀ ਕਾਵਿ ਰਚਨਾ ਦੀ ਹਰ ਪੰਗਤੀ ਦਾ ਅੰਤ ਹੂ ਵਿੱਚ ਹੁੰਦਾ ਹੈ। ਉਸ ਨਾਲ ਇਕ ਵਿਸ਼ੇਸ਼ ਪ੍ਰਕਾਰ ਦੀ ਸੁਰ-ਤਾਲ ਪੈਦਾ ਹੁੰਦੀ ਹੈ। ਉਸ ਨੇ ਇਸ਼ਕ ਨੂੰ ਕੇਵਲ ਅਕਲ ਤੋਂ ਹੀ ਨਹੀਂ ਬਲਕਿ ਈਮਾਨ ਤੋਂ ਵੀ ਉਚਾ ਮੰਨਿਆ ਹੈ। ਉਸ ਦੀ ਕਾਵਿ ਰਚਨਾ ਅੰਦਰ ਦੇਖੋ:
ਐਨ ਇਸ਼ਕ ਦੀ ਭਾਰ, ਹੱਡਾਂ ਦਾ ਬਾਲਣ ਆਸ਼ਿਕ ਬੈਠ ਸਕੇਂਦੇ ਹੂ
ਘੱਤਕੇ ਜਾਨ ਜਿਗਰ ਵਿੱਚ ਆਹਾਂ, ਵੇਖ ਕਬਾਬ ਤਲੇਂਦੇ ਹੂ।
ਸਰਗਰਦਾਨ ਫਿਰਨ ਹਰ ਵੇਲੇ ਖੂਨ ਜਿਗਰ ਦਾ ਪੀਂਦੇ ਹੂ
ਰੋਗ ਹਜ਼ਾਰਾਂ ਆਸ਼ਿਕ ਬਾਹੂ ਪਰ ਇਸ਼ਕ ਨਸੀਬ ਕਿਨਾਂ ਦੇ ਹੂ।
ਪੰਜਾਬ ਦੇ ਇਕ ਹੋਰ ਬਹੁਤ ਹੀ ਮਸ਼ਹੂਰ ਸੂਫ਼ੀ ਕਵੀ ਸਈਅਦ ਬੁਲ੍ਹੇ ਸ਼ਾਹ (1680-1758) ਨੇ ਤਾਂ ਰੱਬ ਦੇ ਇਸ਼ਕ ਵਿੱਚ ਰੰਗ ਦੇ ਹੋਏ ਆਪਣੇ ਪੀਰ ਸ਼ਾਹ ਇਨਾਇਤ ਲਾਹੌਰ ਦੀ ਮਸਜਿਦ ਦੇ ਬਾਹਰ ਇਸਤਰੀਆਂ ਵਾਲੇ ਲਿਬਾਸ ਪਹਿਨ ਕੇ ਨਚਦਿਆਂ ਗਾਉਦਿਆਂ ਕਿਹਾ,
ਵਤ ਨਾ ਕਰਸਾਂ ਮਾਣ, ਰੰਝੰਟੇ ਯਾਦ ਦਾ ਵੇ ਅੜਿਆ
ਇਸ਼ਕ ਅੱਲ੍ਹਾ ਦੀ ਜਾਤ, ਲੋਕਾਂ ਦਾ ਮਿਹਣਾ
ਕੇਨਲ ਕਰਾਂ ਪੁਕਾਰ ਵੇ ਅੜਿਆ।
ਆਪਣੀ ਲਗਨ ਦਾ ਪ੍ਰਗਟਾਵਾ ਅਤੇ ਮਨ ਦੀ ਤਾਂਘ ਨੂੰ ਜ਼ਾਹਿਰ ਕਰਦਿਆ ਉਹ ਕਹਿੰਦਾ ਹੈ, ਲੋਕਾਂ ਦੇ ਭਾਣੇ ਚਾਕ ਮਹੀਂ ਦਾ, ਰਾਂਝਾ ਲੋਕਾਂ ਵਿੱਚ ਕਹਿੰਦਾ;
ਸਾਡਾ ਤਾਂ ਦੀਨ ਇਮਾਨ ਵੇ, ਵਿਹੜੇ ਆ ਵੜ ਮੇਰੇ।
ਬੁਲ੍ਹੇ ਸ਼ਾਹ ਦੀਆਂ ਪਹਿਲੀਆਂ ਕਾਵਿ ਰਚਨਾਵਾਂ ਵਿੱਚ ਉਸ ਨੇ ਇਸਲਾਮ ਦੇ ਮਜ਼ਹਬੀ ਅਕੀਦੇ ਦਾ ਪ੍ਰਗਟਾਵਾ ਕੀਤਾ ਹੈ। ਪਰ ਬਾਅਦ ਵਿੱਚ ਵੇਦਾਂਤ ਅਤੇ ਸਿੱਖ ਧਰਮ ਦੇ ਸੰਪਰਕ ਵਿੱਚ ਆਉਣ ਮਗਰੋਂ ਉਹ ਸਰਬ-ਈਸ਼ਵਰ ਵਾਦਕ ਹੋ ਗਿਆ ਤੇ ਰੱਬ ਦੀ ਸਰਬ-ਵਿਆਪਕਤਾ ਅਤੇ ਸਾਰਿਆ ਅੰਦਰ ਇਕੋ ਆਤਮਾ ਹੋਣ ਕਰਕੇ ਉਸ ਦਾ ਵਿਸ਼ਵਾਸ਼ ਵੀ ਇਤਨਾ ਪੱਕਾ ਹੋ ਗਿਆ ਕਿ ਉਹ ਸੰਸਾਰ ਵਿਆਪੀ ਖੁਸ਼ੀ ਮਹਿਸੂਸ ਕਰਨ ਲਗ ਪਿਆ। ਉਸ ਮੁਤਾਬਿਕ ਉਸ ਖੁਸ਼ੀ ਦੇ ਕੋਈ ਹੱਦਾਂ ਬੰਨੇ ਨਹੀਂ ਹਨ:
”ਸਹੀਓ ਹੁਣ ਸੱਜਣ ਮੈ ਪਾਇਓ ਨੀ, ਹਰ ਹਰ ਦੇ ਵਿੱਚ ਸਮਾਇਓ ਈ।”
ਮੁਲਤਾਨ ਦਾ ਸਈਅਦ ਅਲੀ ਹੈਦਰ (1690-1785) ਬੁਲ੍ਹੇਸ਼ਾਹ ਦਾ ਸਮਕਾਲੀ ਪਹਿਲਾ ਸੂਫ਼ੀ ਕਵੀ ਸੀ ਜਿਸ ਨੇ ਹੀਰ ਰਾਂਝਾ ਦੀ ਕਹਾਣੀ ਨੂੰ ਕਿਸਾ ਹੀਰ-ਰਾਂਝਾ ਲਿਖਿਆ ਅਤੇ ਪੰਜਾਬੀ ਸੂਫ਼ੀ ਕਵਿਤਾ ਵਿੱਚ ਇਕ ਨਵੇਂ ਕਾਵਿ ਨੂੰ ਰੂਪਮਾਨ ਕਰਕੇ ਜਨਮ ਦਿਤਾ ! ਉਸਦੀ ਕਾਵਿ ਰਚਨਾ ਅੰਦਰ ਸੁੰਦਰਤਾ, ਕਾਵਿ ਰਵਾਨਗੀ ਅਤੇ ਸ਼ਬਦਾਂ ਦੀ ਵਰਤੋਂ ਦੇ ਪੱਖੋ ਉਹ ਕਾਫੀ ਪ੍ਰਸਿੱਧ ਹੋਇਆ। ਵਰਣਮਾਲਾ ਦੇ ਪਹਿਲੇ ਅੱਖਰ ”ਅਲਫ” ਅਲਾ ਲਈ ਤੇ ”ਮੀਮ” ਮੁਹੰਮਦ ਲਈ ਵਰਤੋ ਕੀਤੀ। ਜਦੋਂ ਬੁਲ੍ਹੇਸ਼ਾਹ ਆਪਣੀਆਂ ਰਚਨਾਵਾਂ ਅੰਦਰ ਪੰਜਾਬ ਦੇ ਸੰਤਾਪ ਪ੍ਰਤੀ ਝੂਰਦਾ ਹੈ! ਪਰ ਅਲੀ ਹੈਦਰ ਨੂੰ ਸਮੁੱਚੇ ਹਿੰਦੁਸਤਾਨ ਦੀ ਮਾੜੀ ਹਾਲਤ ਤੇ ਦੁਖ ਹੋ ਰਿਹਾ ਹੈ। 1739 ਦੇ ਨਾਦਿਰ ਸ਼ਾਹ ਦੇ ਹਮਲੇ ਅਤੇ ਲੁੱਟ-ਖਸੁੱਟ ਦਾ ਜ਼ਿਕਰ ਕਰਦਿਆਂ ਉਹ ਹਿੰਦੂਸਤਾਨ ਨੂੰ ਹੋਏ ਇਸ ਦੇ ਨੁਕਸਾਨ ਪ੍ਰਤੀ ਦੁੱਖ ਲਈ ਜਿੰਮੇਵਾਰ ਸਾਰੇ ਵਿਅੱਕਤੀਆ ਨੂੰ ਕੋਸਦਾ ਹੈ ਅਤੇ ਉਨ੍ਹਾਂ ਨੂੰ ਲਾਅਣਤਾ ਪਾਉਂਦਾ ਹੈ। ਅੱਖਰ ”ਬੇ” ਹੇਠ ਉਹ ਹਿੰਦੂਸਤਾਨੀਆਂ ਦੀ ਇਸ ਹਾਲਤ ਬਾਰੇ ਲਿਖਦਾ ਹੈ”:
ਬੇ ਭੀ ਜਹਿਰ ਨਹੀਂ ਜੇ ਖਾ ਮਰਨ, ਕੁਝ ਸ਼ਰਮ ਨਾ ਹਿੰਦੂਸਤਾਨੀਆਂ ਨੂੰ, ਕਿਹਾ ਹੋਇਆ ਏਨ੍ਹਾਂ ਰਾਜਿਆਂ ਨੂੰ,
ਭੇੜੇ ਭਰ ਭਰ ਦੇਣ ਖਜ਼ਾਨੇ, ਫਾਰਸੀਆਂ, ਖੁਰਾਸਾਨੀਆਂ ਨੂੰ, ਵਿੱਚ ਛਾਉਣੀਆਂ ਦੇ ਪਾਣੀ ਤਕ ਬੱਧੇ ਨੇ,
ਲਹੂ ਵਿਹੰਦੇ ਹਾਂ ਹਰ ਥਾਂ ਪਾਣੀਆਂ ਨੂੰ
ਸੂਫ਼ੀ ਕਵੀਆਂ ਨੇ ਜਿੱਥੇ ਰਹੱਸਵਾਦ ਰਾਹੀਂ ਲੋਕਾਈ ਨੂੰ ਉਪਦੇਸ਼ ਦਿੱਤਾ, ਉਥੇ ਫਰਦ ਫਕੀਰ (1720-1790) ਜਿਹੜਾ ਗੁਜਰਾਤ ਦਾ ਵਾਸੀ ਸੀ ਨੇ ਉਸ ਵੇਲੇ ਦੇ ਹਾਕਮਾਂ ਨੂੰ ਕੋਸਿਆ ਕਿਉਂਕਿ ਉਹ ਕਿਰਤੀਆਂ ਤੇ ਕਿਸਾਨਾਂ ਨਾਲ ਹੋ ਰਹੀ ਦੁਰਦਸ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਿਆ।
”ਹਾਕਮ ਹੋ ਕੇ ਬਹਣਿ ਗਲੀਚੇ, ਬਹੁਤਾ ਜ਼ੁਲਮ ਕਮਾਂਦੇ,
ਮਿਹਨਤੀਆਂ ਨੂੰ ਕੰਮੀ ਆਖਣ, ਖੂਨ ਉਨ੍ਹਾਂ ਦਾ ਖਾਂਦੇ।
‘ਫਰਦ ਫਕੀਰ’ ਦੇ ਕਸਬਖਾਨਾਂ ਨੇ ਨਵੀਆਂ ਲੀਹਾਂ ਪਾਈਆ। ਆਪਣੇ ਸੂਫੀਆਨਾ ਵਿਚਾਰਾਂ ਤੇ ਵਿਸ਼ਵਾਸ਼ਾਂ ਦੇ ਪ੍ਰਗਟਾਵੇ ਲਈ ਪਹਿਰਾਵੇ ਦੇ ਅਮਲ ਦਾ ਜ਼ਿਕਰ ਕੀਤਾ। ਸ਼ੀਹਰਫੀਆਂ ਵਿੱਚ ‘ਦਰਦ’ ਨੇ ਉਲਮਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਨ੍ਹਾਂ ਦੇ ਦੰਭ ਅਤੇ ਰੰਗ-ਢੰਗ ਨੂੰ ਨੰਗਾ ਕਰਦਿਆ ਕਿਹਾ ਕਿ,
”ਗੱਧੇ ਨੂੰ ਕਿਤਾਬਾਂ ਨਾਲ ਲਦੀਏ ਤਾਂ ਵੀ ਫਰਕ ਨਹੀਂ ਪੈਂਦਾ”।
ਪੰਜਾਬ ਅੰਦਰ ਸਿੱਖਾਂ ਦੇ ਰਾਜ ਕਾਲ ਦੌਰਾਨ ਸਈਅਦ ਹਾਸ਼ਮ ਸ਼ਾਹ (1735-1843) ਜੋ ਬਹੁਤ ਵਿਦਵਾਨ ਸੂਫ਼ੀ ਕਵੀ ਜਿਹੜਾ ਕਾਵਿ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਹੁਪੱਖੀ ਰਚੇਤਾ ਸੀ, ਨੇ ਸੂਫੀ ਕਵਿਤਾ ਨੂੰ ਹੋਰ ਸ਼ਿੰਗਾਰਿਆ। ਉਸ ਦੀ ਸੂਫ਼ੀ ਕਾਵਿ ਰਚਨਾ ਦਾ ਪੱਛਮੀ ਸਾਹਿਤ ਅੰਦਰ ਕਾਫ਼ੀ ਜਿਕਰ ਕੀਤਾ ਜਾਂਦਾ ਹੈ।ਉਸ ਨੇ ਪੰਜਾਬ ਅੰਦਰ ਪ੍ਰਚਲਤ ਪ੍ਰੇਮ ਕਹਾਣੀਆਂ ਨੂੰ ਕਿੱਸਾ ਕਾਵਿ ਦਾ ਰੂਪ ਦੇ ਕੇ ਉਨ੍ਹਾਂ ਦੇ ਨਾਇਕ-ਨਾਇਕਾਵਾਂ ਦੇ ਪ੍ਰੇਮ ਨੂੰ ‘ਕਾਮਲ ਇਸ਼ਕ’ ਦਾ ਨਾਂ ਦਿੱਤਾ। ਇਨ੍ਹਾਂ ਲੋਕ ਪ੍ਰੇਮ ਕਹਾਣੀਆਂ ਵਿੱਚ ਸੱਸੀ-ਪੁਨੂੰ, ਹੀਰ-ਰਾਂਝਾ, ਸੋਹਣੀ-ਮਹੀਵਾਲ ਤੇ ਸ਼ੀਰੀ-ਫਰਿਹਾਦ ਆਦਿ ਅੱਜ ਵੀ ਪੰਜਾਬ ਦੇ ਸਾਹਿਤਕ ਖੇਤਰ ਅੰਦਰ ਜਿਊਂਦੀਆ ਕਾਵਿ ਰਚਨਾਵਾਂ ਹਨ।
”ਇਕੋ ਬੂਟਾ, ਇਕੋ ਲਜ਼ਤ, ਇਕੋ ਪਤਾ ਨਿਸ਼ਾਨੀ, ਉਸ ਬੂਟੀਓ ਫੁਲ ਮਜ਼ਾਜ਼ੀ, ਮੇਵਾ ਇਸ਼ਕ ਹੱਕਾਨੀ।”
ਸੱਸੀ ਪੁਨੂੰ ਦੇ ਪ੍ਰੇਮ ਕਿਸੇ ਨੂੰ ਹਾਸ਼ਮ ਸ਼ਾਹ ਦੀ ਸੰਸਾਰ ਵਿਆਪੀ ਪੱਧਰ ਦੀ ਸਭ ਤੋਂ ਉਤਮ ਕਿਰਤ ਮੰਨਿਆ ਜਾਂਦਾ ਹੈ। ਇਸ ਕਿਰਤ ਅੰਦਰ ਹਾਸ਼ਮ ਸ਼ਾਹ ਨੇ ਸੂਫ਼ੀਵਾਦ ਨੂੰ ਉਸੇ ਤਰਜ਼ ਤੇ ਪੇਸ਼ ਕੀਤਾ ਲੱਗਦਾ ਹੈ ਜਿਵੇਂ ‘ਜਾਮੀ’ ਨੇ ਯੂਸਫ ਜੁਲੇਖਾ ਨੂੰ ਪੇਸ਼ ਕੀਤਾ।
”ਤੁਰਸਾਂ ਮੂਲ ਨਾ ਮੁੜਸਾਂ ਰਾਹੋ, ਜਾ ਤਲੀ ਪਰ ਧਰਸਾਂ,ਜਬ ਲਗ ਸਾਸ, ਨਿਰਾਸ ਨਾ ਹੋਵਾਂ, ਮਰਨੋ ਮੂਲ ਨਾ ਡਰਸਾਂ।
ਜੇ ਰੱਬ ਕੁਠ ਸੱਸੀ ਦੀ ਸੁਨਸੀ, ਜਾਈ ਮਿਲਾਂ ਪਗ ਧਰਸਾਂ,ਹਾਸ਼ਮ ਨਹੀਂ ਸ਼ਹੀਦ ਹੋ ਵੇਸਾਂ, ਥਲ ਮਾਰੂ ਪਗ ਧਰਸਾਂ।”
ਇਸੇ ਤਰ੍ਹਾਂ ਹਾਸ਼ਮ ਸ਼ਾਹ ਦੇ ਦੋਹਿਆ ਅਤੇ ਡਿਉਂਡੀਆਂ ਦਾ ਪੰਜਾਬੀ ਕਵਿਤਾ ਵਿੱਚ ਕੋਈ ਸਾਨੀ ਨਹੀਂ ਹੈ। ਜੇ ਅਸੀਂ ਧਿਆਨ ਲਾਲ ਸੁਣੀਏ ਤਾਂ ਹਾਸ਼ਮ ਸਾਡਾ ਉਮਰ ਖਿਆਮ ਹੋਣ ਦਾ ਦਾਅਵਾ ਕਰਦਾ ਹੈ। ਅਸੀਂ ਉਸ ਵਿੱਚ ਉਮਰ ਖਿਆਮ ਵਾਲਾ ਤਿਆਗ, ਅਨੰਦ, ਨਜ਼ਾਕਤ ਤੇ ਉਦਾਸੀਨਤਾ ਵੇਖਦੇ ਹਾਂ।(ਡਾ.ਮੋਹਣ ਸਿੰਘ)।
ਪੰਜਾਬ ਅੰਦਰ 18-ਵੀਂ ਸਦੀ ਦੇ ਬਾਦ ਵਿੱਚ ਸੂਫ਼ੀ ਕਵੀਆਂ ਸਈਅਦ ਗੁਲਾਮ ਜੀਲਾਨੀ ਰੋਹਤਕੀ (1749-1819), ਮੌਲਵੀ ਗੁਲਾਮ ਰਸੂਲ (1813-1874) ਵੱਲੋਂ ਆਪਣੀਆਂ ਕਾਵਿ ਰਚਨਾਵਾਂ ਅੰਦਰ ਵੇਦਾਤਿਕ ਤੇ ਰਹੱਸਵਾਦੀ ਪ੍ਰਭਾਵਾਂ ਨੂੰ ਕਬੂਲਦਿਆਂ ਕਾਵਿ ਰਚਨਾਵਾਂ ਨੂੰ ਪੇਸ਼ ਕੀਤਾ।
”ਲਿਖਾਂ ਮੈਂ ਦਰਦ ਆਪਣੇ ਦਾ ਫੈਸਲਾ, ਸੱਸੀ ਪੰਨੂੰ ਦਾ ਕਰ ਬਹਾਨਾ।”
19-ਵੀਂ ਸਦੀ ਅੰਦਰ ਸਈਅਦ ਕਰਮ ਅਲੀ ਸ਼ਾਹ ਨੇ ਖਿਆਲ ਤੇ ਲੋਰੀਆਂ ਨੂੰ ਸੂਫ਼ੀਆਨਾ ਰੰਗ ਰੂਪ ਵਿੱਚ ਪੇਸ਼ ਕੀਤਾ। ਉਸ ਦੇ ਸੰਗੀਤਮਈ ਲੈਅ ਵਾਲੇ ਹਕੀਕੀ ਇਸ਼ਕ ਦੇ ਕਿੱਸੇ ਕਹਾਣੀਆਂ ਨੂੰ ਸਿੱਖ ਹਲਕਿਆ ਅੰਦਰ ਬੜੀ ਹਰਮਨਤਾ ਮਿਲੀ, ਕਿਉਂਕਿ ਉਸ ਨੇ ਆਪਣੀ ਕਿਰਤ ਅੰਦਰ ਸਿੱਖ ਸਮਾਜੀ ਤੇ ਧਾਰਮਿਕ ਸਾਹਿਤ ਨਾਲ ਸਬੰਧਤ ਸ਼ਬਦਾਂ ਦੀ ਵਰਤੋਂ ਕੀਤੀ। ”ਸਤਿਗੁਰ ਦੇ ਚਰਨੀ ਲਗ ਪਿਆਰੇ, ਸਤਿਗੁਰ ਦੇ, ਬੇਮੁਖ ਹੋਏ ਮੂਲ ਨਾ ਹਰਗਿਜ਼, ਭਾਵੇ ਤਾਅਨੇ ਦੇਵੇ ਸਾਰਾ ਜਗ ਪਿਆਰੇ।”
ਜਲੰਧਰ ਦੇ ਸਈਅਦ ਮੀਰਾ ਸ਼ਾਹ (1830-1913), ਖਵਾਜਾ ਗੁਲਾਮ ਫਰੀਦ (1845-1901) ਦੋਨੋ ਨੇ ਪਿਆਰ ਕਹਾਣੀਆਂ ਦੇ ਪ੍ਰਤੀਕ ਚਿੰਨ੍ਹਾਂ ਰਾਹੀਂ ਰਹੱਸਵਾਦੀ ਕਾਫੀਆਂ, ਗਜ਼ਲਾਂ, ਬਾਰਾਮਾਹ ਤੇ ਸਤਵਾਰਾ ਰਾਹੀਂ ਆਪਣੀਆਂ ਕਾਵਿ ਰਚਨਾਵਾਂ ਨੂੰ ਸਿੰਗਾਰ ਕੇ ਪੇਸ਼ ਕੀਤਾ ਹੈ। ਗੁਲਾਮ ਫਰੀਦ ਦੀ ਸੂਫੀ ਕਵਿਤਾ ਦਾ ਕੋਈ ਮੁਕਾਬਲਾ ਨਹੀਂ ਹੈ। ਇਸੇ ਤਰ੍ਹਾਂ ਸਈਅਦ ਮੀਰ ਹੂਸੈਨ ਦਿੰਜਵਾ (ਗੁਰਦਾਸਪੁਰ) ਦੀ ਸੱਸੀ ਪੁਨੂੰ, ‘ਬਾਗ-ਓ-ਮਹੱਬਤ’, ਸਾਈਂ ਯਤੀਮ ਸ਼ਾਹ ਗੁਰਦਾਸਪੁਰ ਜਿਹੜਾ ਸੂਫ਼ੀ ਕਵੀ ਸੀ, ਨੇ ਰਹੱਸਵਾਦ ਪ੍ਰਭਾਵਤ ਰਚਨਾ ਰਾਹੀਂ ਦੁਨਿਆਵੀਂ ਵਸਤਾਂ ਨੂੰ ਤਿਆਗ ਕੇ ਪ੍ਰਮਾਤਮਾ ਨਾਲ ਜੁੜਨ ਲਈ ਕਿਹਾ।
ਪੰਜਾਬ ਦੇ ਸੂਫ਼ੀ ਫਕੀਰਾਂ ਅਤੇ ਕਵੀਆਂ ਦੀ ਸੂਫ਼ੀ ਕਾਵਿ ਰਚਨਾਵਾਂ ਨੇ ਪੰਜਾਬ ਦੇਸ਼ ਦੇ ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਵਿਰਸੇ ਨੂੰ ਅਮੀਰ ਹੀ ਨਹੀਂ ਬਣਾਇਆ ਸਗੋਂ ਪੰਜਾਬ ਦੇ ਲੋਕਾਂ ਨੂੰ ਇਕ-ਮਿਕ ਕਰਕੇ ਪੰਜਾਬੀਅਤ ਨੂੰ ਮਜ਼ਬੂਤ ਕੀਤਾ। ਫਰੀਦ ਜੀ ਵੱਲੋਂ- ‘ਸਕਿਓ, ਬੰਧਨ ਕੀ ਵੇਲਾ, ਜਬ, ਤਬ, ਜਲ ਜਾਸੀ ਢੋਲਾ ਹਥੁ ਨਾ ਲਾਇ ਕਸੁੰਬੜੇ,” ਬੁਲ੍ਹੇ ਸ਼ਾਹ ਵੱਲੋਂ ”ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,” ਸ਼ਾਹ ਹੁਸੈਨ ਦੇ ਬੋਲ-”ਕਾਜ਼ੀ ਮੁੱਲਾ ਮੱਤੀ ਦੇਂਦੇ ਖਰੇ ਸਿਆਣੇ ਰਾਹ ਦਸੇਦੇਂ”, ਹਾਸ਼ਮ ਸ਼ਾਹ ਦਾ ਕਹਿਣਾ-”ਇਕੋ ਬੂਟਾ, ਇਕੋ ਲਜ਼ਤ, ਇਕੋ ਪਤਾ ਨਿਸ਼ਾਨੀ, ਉਸ ਬੂਟੀਓ ਫੁਲ ਮਜ਼ਾਜ਼ੀ, ਮੇਵਾ ਇਸ਼ਕ ਹੱਕਾਨੀ,” ਮੀਰਾਂ ਸ਼ਾਹ ਜਲੰਧਰੀ ਦੇ ਸ਼ਬਦ-”ਮੈਂ ਤਰ ਗਈ ਰਾਂਝਾ ਏ”, ਬੁਲੇਸ਼ਾਹ ਨੇ ਤਾਂ ਇਥੋਂ ਤਕ ਐਲਾਨ ਕਰ ਦਿੱਤਾ-”ਹਾਜੀ ਲੋਕ ਮੱਕੇ ਨੂੰ ਜਾਂਦੇ, ਅਸੀਂ ਜਾਣਾ ਤਖਤ ਹਜ਼ਾਰੇ” ਤੋਂ ਬਿਨ੍ਹਾਂ ਬੂਅਲੀ ਕਲੰਦਰ ਪਾਨੀਪਤੀ, ਸ਼ਾਹ ਸ਼ਰਫ ਲਾਹੌਰੀ, ਸ਼ਾਹ ਲਤੀਫ ਰਾਵਲਪਿੰਡੀ ਅਤੇ ਹੋਰ ਵੀ ਬਹੁਤ ਸਾਰੇ ਦਰਵੇਸ਼, ਫ਼ਕੀਰ ਕਵੀ ਤੇ ਦਰਵੇਸ਼ੀ ਦੇ ਕਵੀ ਸਨ ਜਿਨ੍ਹਾਂ ਨੇ ਸ਼ਬਦਾਂ ਰਾਗਾਂ ਵਿੱਚ ਜਿਵੇਂ ਅਹਿਮਦ, ਆਲਮਸਾਈਂ, ਅਸ਼ਰਫ, ਬਖ਼ਸ਼ਾ, ਬਾਕੀਸ਼ਾਹ, ਬੂੜਾ, ਦਾਨਾ, ਫਰਦ ਫ਼ਕੀਰ, ਫ਼ਾਜਲ, ਫਿਦਵੀ, ਹਬੀਬ, ਜਾਨਾਂ, ਮਹਿਬੂਬ, ਮਹਿਰਮ ਸ਼ਾਹ, ਮਿਸਕੀਨ, ਮੁਸ਼ਤਾਕ, ਤਯੀਅਬ, ਵਜੀਦਾ ਆਦਿ ਨੇ ਮਿਠੀ ਬੋਲੀ ਅੰਦਰ ਭਾਖਾ, ਢੰਗ, ਢੁੱਕਦੇ ਫਰਕ ਬਿਨ੍ਹਾਂ ਸਮਾਜੀ ਸਹਿਨਸ਼ੀਲਤਾ ਦਾ, ਹੁਕਮ ਮੰਨਣ ਦਾ, ਰੱਬ ਨਾਲ ਪਿਆਰ ਦਾ ਪ੍ਰਚਾਰ ਕੀਤਾ। ਇਨ੍ਹਾਂ ਸੂਫ਼ੀ ਦਰਵੇਸ਼ਾਂ, ਫ਼ਕੀਰਾਂ ਤੇ ਕਵੀਆਂ ਨੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਜੀਵਾਂ, ਪਰਿੰਦਿਆ, ਪੌਦਿਆ, ਜਾਨਵਰਾਂ, ਮਨੁੱਖ, ਪੇਂਡੂ ਤੇ ਸ਼ਹਿਰੀ ਚੁਗਿਰਦੇ ਨੂੰ ਹਿੱਕ ਨਾਲ ਲਾ ਕੇ ਉਨ੍ਹਾਂ ਨਾਲ ਜੁੜੇ ਅਲੰਕਾਰ, ਉਪਮਾਵਾਂ ਅਤੇ ਨਾਵਾਂ ਨੂੰ ਆਪਣੀਆਂ ਰਚਨਾਵਾਂ ਅੰਦਰ ਇਕ ਜੜ੍ਹਤ ਬਣਾ ਕੇ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਅਮਰ ਬਣਾ ਦਿੱਤਾ। (ਡਾ.ਮੋਹਣ ਸਿੰਘ)
ਸਾਵਲ ਦੀ ਮੈਂ ਬਾਦੀ ਬਰਦੀ, ਸਾਵਲ ਮੈਂਹਡਾ ਸਾਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ, ਸਾਂਝੀ ਸਿਕਦੀ ਨੂੰ ਦਰਸੁ ਦਿਖਾਈਂ।

(ਜਗਦੀਸ਼ ਸਿੰਘ ਚੋਹਕਾ) 91-9217997445 ; 001-403-285-4208 ; jagdishchohka@gmail.com