ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ

ਬਠਿੰਡਾ -ਦੇਸ਼ ‘ਚ ਕੋਰੋਨਾ ਮਹਾਂਮਾਰੀ ਸਿਖ਼ਰ ਤੇ ਪਹੁੰਚ ਗਈ ਹੈ, ਲੋੜ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹੈ ਪਰ ਦੇਸ਼ ਦਾ ਪ੍ਰਧਾਨ ਮੰਤਰੀ ਲੋੜੀਂਦੇ ਪ੍ਰਬੰਧ ਕਰਨ ਦੇ ਉਲਟ ਜਿਲ੍ਹਾ ਜਾਂ ਉਪ ਮੰਡਲ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕ ਕੇ ਸਮਾਂ ਲੰਘਾਉਣ ਦੇ ਯਤਨ ਕਰ ਰਿਹਾ ਹੈ। ਸ੍ਰੀ ਮੋਦੀ ਵੱਲੋਂ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ ਸੋਚ ਤਿਆਗ ਕੇ ਜਾਨਾਂ ਬਚਾਉਣ ਲਈ ਠੋਸ ਪ੍ਰਬੰਧ ਕੀਤੇ ਜਾਣ।
ਕੋਰੋਨਾ ਬੀਮਾਰੀ ਦੀ ਸੁਰੂਆਤ ਤੋਂ ਹੁਣ ਤੱਕ ਦੇਸ਼ ਦੇ ਲੱਖਾਂ ਲੋਕ ਮੌਤ ਨੂੰ ਗਲ ਲਾ ਚੁੱਕੇ ਹਨ, ਪਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋੜੀਂਦੇ ਪ੍ਰਬੰਧ ਕਰਨ ਦੇ ਉਲਟ ਥਾਲੀਆਂ ਖੜਕਾਉਣ, ਮੋਮਬੱਤੀਆਂ ਜਗਾਉਣ ਆਦਿ ਦੇ ਡਰਾਮਿਆਂ ਨਾਲ ਸਮਾਂ ਲੰਘਾਉਦੀ ਰਹੀ ਹੈ। ਹੁਣ ਇਹ ਮਹਾਂਮਾਰੀ ਆਪਣੇ ਸਿਖ਼ਰ ਤੇ ਪਹੁੰਚ ਚੁੱਕੀ ਹੈ, ਹਜ਼ਾਰਾਂ ਕੋਰੋਨਾ ਮਰੀਜ਼ ਰੋਜਾਨਾਂ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਮੋਦੀ ਸਰਕਾਰ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਹੋਣ ਤੇ ਸਮਾਂ ਲੰਘਾਉਣ ਲਈ ਨਵੇਂ ਨਵੇਂ ਢੰਗ ਤਰੀਕੇ ਲੱਭ ਰਹੀ ਹੈ।
ਹੁਣ ਨਵਾਂ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਮੁੱਚੇ ਦੇਸ਼ ਦੇ ਡਿਪਟੀ ਕਮਿਸਨਰਾਂ ਅਤੇ ਉਪ ਮੰਡਲ ਅਫ਼ਸਰਾਂ ਨਾਲ ਸਿੱਧੀਆਂ ਡਿਜੀਟਲ ਮੀਟਿੰਗਾਂ ਕਰਨਗੇ। ਇਹਨਾਂ ਮੀਟਿੰਗਾਂ ਵਿੱਚ ਸੁਝਾਅ ਵੀ ਲਏ ਜਾਣਗੇ ਤੇ ਸਲਾਹਾਂ ਵੀ ਦਿੱਤੀਆਂ ਜਾਣਗੀਆਂ। ਜਿਹੜੇ ਵੀ ਰਾਜ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ ਉਸ ਰਾਜ ਦਾ ਮੁੱਖ ਮੰਤਰੀ ਵੀ ਮੀਟਿੰਗ ਵਿੱਚ ਹਾਜਰ ਹੋਵੇਗਾ। ਕੁੱਝ ਸਮਾਂ ਪਹਿਲਾਂ ਸਮੁੱਚੇ ਦੇਸ ਦੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ, ਕੀ ਫੇਰ ਹੇਠਲੇ ਅਧਿਕਾਰੀਆਂ ਨਾਲ ਕੋਈ ਲੋੜ ਰਹਿ ਗਈ ਹੈ? ਨਹੀਂ, ਇਹ ਸਿਰਫ਼ ਸਮਾਂ ਲੰਘਾਉਣ ਦਾ ਹੀ ਇੱਕ ਯਤਨ ਕਿਹਾ ਜਾ ਸਕਦਾ ਹੈ।
ਦੂਜੇ ਪਾਸੇ ਦੇਸ਼ ਦੀਆਂ 12 ਵਿਰੋਧੀ ਪਾਰਟੀਆਂ ਦੇ ਉੱਚ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਸਾਝੀ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਪ੍ਰਬੰਧ ਕਰਨ ਲਈ ਪ੍ਰਧਾਨ ਮੰਤਰੀ ਦੇ ਬਣ ਰਹੇ ਨਵੇਂ ਘਰ ਦੀ ਉਸਾਰੀ ਦਾ ਕੰਮ ਰੋਕਿਆ ਜਾਵੇ, ਜਿਸਤੇ 20 ਹਜਾਰ ਕਰੋੜ ਰੁਪਏ ਲੱਗਣ ਦਾ ਅਨੁਮਾਨ ਹੈ। ਉਹਨਾਂ ਮੰਗ ਕੀਤੀ ਕਿ ਇਹ ਰਕਮ ਕੋਰੋਨਾ ਬੀਮਾਰੀ ਰੋਕਣ ਲਈ ਵਰਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਕੇ ਦਿੱਲੀ ਸਰਹੱਦ ਤੇ ਚਲਦਾ ਅੰਦੋਲਨ ਖਤਮ ਕਰਵਾਇਆ ਜਾਵੇ, ਕਿਉਂਕਿ ਉੱਥੇ ਵਧ ਰਿਹਾ ਕਿਸਾਨੀ ਇਕੱਠ ਕਿਸੇ ਵੀ ਸਮੇਂ ਬੀਮਾਰੀ ਦੀ ਲਪੇਟ ਵਿੱਚ ਆ ਸਕਦਾ ਹੈ। ਚਿੱਠੀ ਵਿੱਚ ਕੰਮਕਾਰ ਬੰਦ ਹੋਣ ਸਦਕਾ ਬੇਰੁਜਗਾਰ ਹੋਏ ਲੋਕਾਂ ਨੂੰ ਨਕਦ ਮੱਦਦ ਦੇਣ ਦੀ ਵੀ ਮੰਗ ਕੀਤੀ ਗਈ ਹੈ। ਇਹ ਪੱਤਰ ਲਿਖਣ ਵਾਲੇ ਆਗੂਆਂ ਵਿੱਚ ਸੋਨੀਆਂ ਗਾਂਧੀ, ਸਰਦ ਪਵਾਰ, ਐੱਚ ਕੇ ਦੇਵਗੌੜਾ, ਊਧਵ ਠਾਕਰੇ, ਮਮਤਾ ਬੈਨਰਜੀ, ਐੱਮ ਕੇ ਸਟਾਲਨ, ਹਿਮੰਤ ਸਰੇਨ, ਫਾਰੂਕ ਅਬਦੁੱਲਾ, ਡੀ ਰਾਜਾ, ਸੀਤਾ ਰਾਮ ਯੈਚੁਰੀ, ਅਖਲੇਸ ਯਾਦਵ, ਤਜੱਸਵੀ ਯਾਦਵ ਸਾਮਲ ਹਨ।
ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਲਿਖੀ ਚਿੱਠੀ ਵੀ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾ ਰਹੇ ਡਰਾਮਿਆਂ ਅਤੇ ਪ੍ਰਬੰਧਾਂ ਤੋਂ ਅੱਖਾਂ ਮੀਚਣ ਦਾ ਪਰਦਾਫਾਸ਼ ਕਰਦੀ ਹੈ, ਕਿਉਂਕਿ ਜੇ ਕੇਂਦਰ ਸਰਕਾਰ ਮਹਾਂਮਾਰੀ ਨਾਲ ਨਿੱਬੜਣ ਲਈ ਸੁਹਿਰਦ ਹੁੰਦੀ ਤਾਂ ਉਹ ਪ੍ਰਬੰਧਾਂ ਵੱਲ ਧਿਆਨ ਦਿੰਦੀ। ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਦੀ ਬਜਾਏ ਜਿੰਦਗੀ ਮੌਤ ਨਾਲ ਜੂਝ ਰਹੇ ਮਰੀਜ਼ਾਂ ਨੂੰ ਬਚਾਉਣ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਪ੍ਰਧਾਨ ਮੰਤਰੀ ਦੇ ਨਵੇਂ ਘਰ ਤੇ ਹੋਣ ਵਾਲਾ ਖ਼ਰਚ ਜਾਨਾਂ ਬਚਾਉਣ ਲਈ ਵਰਤਿਆ ਜਾਵੇ। ਦਵਾਈਆਂ, ਆਕਸੀਜਨ, ਵੈਂਟੀਲੇਟਰਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਦੇਸ਼ ਦੇ ਕਿਸਾਨਾਂ ਨੂੰ ਘਰੋ ਘਰੀਂ ਭੇਜਿਆ ਜਾਵੇ ਤਾਂ ਜੋ ਇਸ ਭਿਆਨਕ ਬੀਮਾਰੀ ਤੋਂ ਬਚ ਸਕਣ।